ਜਣੇਪਾ ਛੁੱਟੀ

ਪੰਜਾਬ ਸਰਕਾਰ ਵੱਲੋਂ ਆਸ਼ਾ ਵਰਕਰਾਂ ਤੇ ਫੈਸੀਲੀਟੇਟਰਾਂ ਨੂੰ ਜਣੇਪਾ ਛੁੱਟੀ ਸਬੰਧੀ ਨੋਟੀਫਿਕੇਸ਼ਨ ਜਾਰੀ

ਚੰਡੀਗੜ੍ਹ, 03 ਅਕਤੂਬਰ 2025: ਪੰਜਾਬ ਦੇ ਵਿੱਤ ਮੰਤਰੀ ਅਤੇ ਕੈਬਨਿਟ ਸਬ-ਕਮੇਟੀ ਦੇ ਚੇਅਰਮੈਨ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਤੇ ਅਦਾਰਿਆਂ ਨਾਲ ਸਬੰਧਤ ਪੰਜ ਕਰਮਚਾਰੀ ਸੰਗਠਨਾਂ ਦੇ ਨੁਮਾਇੰਦਿਆਂ ਨਾਲ ਕਰਮਚਾਰੀ ਮੁੱਦਿਆਂ ‘ਤੇ ਬੈਠਕ ਕੀਤੀ |

ਹਰਪਾਲ ਸਿੰਘ ਚੀਮਾ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਅੱਜ ‘ਮੈਟਰਨਿਟੀ ਬੈਨੀਫਿਟਸ ਐਕਟ, 1961’ ਦੇ ਮੁਤਾਬਕ ਆਸ਼ਾ ਅਤੇ ਆਸ਼ਾ ਫੈਸੀਲੀਟੇਟਰਾਂ ਨੂੰ ਜਣੇਪਾ ਛੁੱਟੀ ਦਾ ਲਾਭ ਦੇਣ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ’ਆਸ਼ਾ ਵਰਕਰ ਤੇ ਫੈਸਲੀਟੇਟਰ ਯੂਨੀਅਨ’ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਨਵੇਂ ਨੋਟੀਫਿਕੇਸ਼ਨ ਤਹਿਤ, ਆਸ਼ਾ ਅਤੇ ਆਸ਼ਾ ਫੈਸੀਲੀਟੇਟਰ ਜਣੇਪਾ ਛੁੱਟੀ ਦੌਰਾਨ ਨਿਸ਼ਚਿਤ ਮਾਸਿਕ ਮਾਣਭੱਤਾ ਪ੍ਰਾਪਤ ਕਰਨ ਦੇ ਯੋਗ ਹੋਣਗੇ। ਇਸਦੇ ਨਾਲ ਹੀ ‘ਮੈਟਰਨਿਟੀ ਬੈਨੀਫਿਟਸ ਐਕਟ, 1961’ ‘ਚ ਭਵਿੱਖ ਵਿੱਚ ਹੋਣ ਵਾਲੀਆਂ ਸਾਰੀਆਂ ਸੋਧਾਂ ਵੀ ਉਨ੍ਹਾਂ ‘ਤੇ ਲਾਗੂ ਹੋਣਗੀਆਂ। ਯੂਨੀਅਨ ਨੇ ਮੰਗ ਨੂੰ ਸਵੀਕਾਰ ਕਰਨ ਲਈ ਵਿੱਤ ਮੰਤਰੀ ਦਾ ਧੰਨਵਾਦ ਕੀਤਾ ਹੈ।

ਇਸ ਦੌਰਾਨ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਪੰਜਾਬ ਸਕੱਤਰੇਤ ਸਥਿਤ ਆਪਣੇ ਦਫ਼ਤਰ ਵਿਖੇ ਜੰਗਲਾਤ ਵਰਕਰਜ਼ ਯੂਨੀਅਨ, ਆਸ਼ਾ ਵਰਕਰ ਤੇ ਫੈਸੀਲੀਟੇਟਰ ਨਿਰੋਲ ਯੂਨੀਅਨ, ਆਦਰਸ਼ ਸਕੂਲ ਟੀਚਿੰਗ ਨਾਨ-ਟੀਚਿੰਗ ਮੁਲਜ਼ਮ ਯੂਨੀਅਨ, ਈ.ਟੀ.ਟੀ. ਟੀ.ਈ.ਟੀ. ਪਾਸ ਅਧਿਆਪਨ ਐਸੋਸੀਏਸ਼ਨ (ਜੈ ਸਿੰਘ ਵਾਲਾ), ਅਤੇ ਬੇਰੁਜ਼ਗਰ ਪੀ.ਐਸ.ਟੀ.ਈ.ਟੀ. ਪਾਸ ਆਰਟ ਐਂਡ ਕਰਾਫਟ ਸੰਘਰਸ਼ ਯੂਨੀਅਨ ਦੇ ਨੁਮਾਇੰਦਿਆਂ ਨਾਲ ਬੈਠਕਾਂ ਕੀਤੀਆਂ।

ਵਿਚਾਰ-ਵਟਾਂਦਰੇ ਦੌਰਾਨ ਵਿੱਤ ਮੰਤਰੀ ਹਰਪਾਲ ਚੀਮਾ ਨੇ ਸਬੰਧਤ ਵਿਭਾਗਾਂ ਨੂੰ ਯੂਨੀਅਨ ਆਗੂਆਂ ਦੁਆਰਾ ਉਠਾਈਆਂ ਜਾਇਜ਼ ਮੰਗਾਂ ‘ਤੇ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਵਿੱਤ ਮੰਤਰੀ ਨੇ ਸਬੰਧਤ ਵਿਭਾਗਾਂ ਨੂੰ ਵਿੱਤ ਵਿਭਾਗ ਨਾਲ ਸਬੰਧਤ ਮੰਗਾਂ ਲਈ ਪ੍ਰਸਤਾਵ ਤਿਆਰ ਕਰਨ ਅਤੇ ਉਨ੍ਹਾਂ ਨੂੰ ਵਿਚਾਰ ਅਤੇ ਜ਼ਰੂਰੀ ਕਾਰਵਾਈ ਲਈ ਤੁਰੰਤ ਵਿੱਤ ਵਿਭਾਗ ਨੂੰ ਭੇਜਣ ਦੇ ਨਿਰਦੇਸ਼ ਵੀ ਦਿੱਤੇ।

Read More: ਪੰਜਾਬ ਵੱਲੋਂ ਵਿੱਤੀ ਸਾਲ 25-26 ਦੇ ਪਹਿਲੇ ਅੱਧ ਦੌਰਾਨ 22.35% ਦੀ ਸ਼ਾਨਦਾਰ GST ਵਿਕਾਸ ਦਰ ਪ੍ਰਾਪਤ: ਹਰਪਾਲ ਸਿੰਘ ਚੀਮਾ

Scroll to Top