ਬ੍ਰਿਜਟਾਊਨ, 26 ਜੂਨ 2025: AUS ਬਨਾਮ WI Test Match: ਵੈਸਟਇੰਡੀਜ਼ ਅਤੇ ਆਸਟ੍ਰੇਲੀਆ ਵਿਚਾਲੇ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੈਚ ਅੱਜ ਬ੍ਰਿਜਟਾਊਨ ਦੇ ਕੇਨਸਿੰਗਟਨ ਓਵਲ ਸਟੇਡੀਅਮ ‘ਚ ਜਾਰੀ ਹੈ। ਟੈਸਟ ਮੈਚ ‘ਚ ਆਸਟ੍ਰੇਲੀਆ ਦੀ ਪਹਿਲੀ ਪਾਰੀ ‘ਚ 180 ਦੌੜਾਂ ‘ਤੇ ਸਮਾਪਤ ਹੋ ਗਈ ਹੈ |
ਦਿਨ ਦੀ ਖੇਡ ਖਤਮ ਹੋਣ ਤੱਕ ਵੈਸਟਇੰਡੀਜ਼ ਨੇ 4 ਵਿਕਟਾਂ ਦੇ ਨੁਕਸਾਨ ‘ਤੇ 57 ਦੌੜਾਂ ਬਣਾ ਲਈਆਂ ਹਨ। ਬ੍ਰੈਂਡਨ ਕਿੰਗ (23) ਅਤੇ ਕਪਤਾਨ ਰੋਸਟਨ ਚੇਜ਼ (1) ਨਾਬਾਦ ਵਾਪਸ ਪਰਤੇ। ਆਸਟ੍ਰੇਲੀਆਈ ਬੱਲੇਬਾਜ਼ਾਂ ਦਾ ਪਹਿਲੀ ਪਾਰੀ ‘ਚ ਬਹੁਤ ਨਿਰਾਸ਼ਾਜਨਕ ਪ੍ਰਦਰਸ਼ਨ ਰਿਹਾ। ਟੀਮ ਦੇ ਸਿਰਫ਼ ਚਾਰ ਬੱਲੇਬਾਜ਼ ਹੀ ਦੋਹਰੇ ਅੰਕੜੇ ਨੂੰ ਛੂਹ ਸਕੇ। ਟ੍ਰੈਵਿਸ ਹੈੱਡ 59, ਉਸਮਾਨ ਖਵਾਜਾ 47, ਕਪਤਾਨ ਪੈਟ ਕਮਿੰਸ 28 ਅਤੇ ਆਲਰਾਊਂਡਰ ਬਿਊ ਵੈਬਸਟਰ ਨੇ 11 ਦੌੜਾਂ ਬਣਾਈਆਂ।
ਵੈਸਟਇੰਡੀਜ਼ ਲਈ ਜੈਡਨ ਸੀਲਜ਼ ਅਤੇ ਸ਼ਮਾਰ ਜੋਸਫ਼ ਨੇ ਪਹਿਲੀ ਪਾਰੀ ‘ਚ ਸ਼ਾਨਦਾਰ ਗੇਂਦਬਾਜ਼ੀ ਕੀਤੀ। ਸੀਲਜ਼ ਨੇ 15.5 ਓਵਰਾਂ ਦੇ ਆਪਣੇ ਸਪੈਲ ‘ਚ ਪੰਜ ਵਿਕਟਾਂ ਲਈਆਂ। ਜਦੋਂ ਕਿ ਜੋਸਫ਼ ਨੇ 16 ਓਵਰਾਂ ਦੇ ਆਪਣੇ ਸਪੈਲ ‘ਚ ਚਾਰ ਵਿਕਟਾਂ ਲਈਆਂ। ਇਨ੍ਹਾਂ ਦੋ ਗੇਂਦਬਾਜ਼ਾਂ ਤੋਂ ਇਲਾਵਾ, ਜਸਟਿਨ ਗ੍ਰੀਵਜ਼ ਨੇ ਇੱਕ ਵਿਕਟ ਲਈ।
ਵੈਸਟਇੰਡੀਜ਼ ਦੀ ਸ਼ੁਰੂਆਤ ਵੀ ਚੰਗੀ ਨਹੀਂ ਰਹੀ। ਓਪਨਰ ਕ੍ਰੇਗ ਬ੍ਰੈਥਵੇਟ (4) ਅਤੇ ਜੌਨ ਕੈਂਪਬੈਲ (7) ਜਲਦੀ ਪੈਵੇਲੀਅਨ ਪਰਤ ਗਏ। ਇਸ ਤੋਂ ਬਾਅਦ ਕੇਸੀ ਕਾਰਟੀ ਨੇ 20 ਦੌੜਾਂ ਬਣਾਈਆਂ ਅਤੇ ਜੋਮੇਲ ਵਾਰਿਕਨ ਖਾਤਾ ਖੋਲ੍ਹੇ ਬਿਨਾਂ ਆਊਟ ਹੋ ਗਏ। ਦਿਨ ਦੇ ਅੰਤ ਤੱਕ ਟੀਮ ਦਾ ਸਕੋਰ ਚਾਰ ਵਿਕਟਾਂ ਦੇ ਨੁਕਸਾਨ ‘ਤੇ 57 ਦੌੜਾਂ ਹੈ। ਪਹਿਲੇ ਦਿਨ ਕੁੱਲ 14 ਵਿਕਟਾਂ ਡਿੱਗੀਆਂ।
Read More: IND ਬਨਾਮ ENG: ਭਾਰਤੀ ਟੀਮ ਨੇ ਤੇਜ਼ ਗੇਂਦਬਾਜ਼ ਹਰਸ਼ਿਤ ਰਾਣਾ ਨੂੰ ਕੀਤਾ ਰਿਲੀਜ਼