ਪਟਿਆਲਾ, 17 ਅਕਤੂਬਰ 2026 : ਪੰਜਾਬ ਵਿੱਚ ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਵਾਤਾਵਰਣ ਦੀ ਸੰਭਾਲ ਲਈ ਕੀਤੀਆਂ ਜਾ ਰਹੀਆਂ ਪਹਿਲਕਦਮੀਆਂ ਨੂੰ ਕੌਮੀ ਪੱਧਰ ’ਤੇ ਮਾਨਤਾ ਮਿਲੀ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਦੀਆਂ ਅਹਿਮ ਪਹਿਲਕਦਮੀਆਂ ਮਿਸ਼ਨ ਕਲੀਨ ਪਟਿਆਲਾ ਅਤੇ ਪਟਿਆਲਾ ਦੇ ਇੱਕ ਰਵਾਇਤੀ ਸ਼ਮਸ਼ਾਨਘਾਟ ਵਿੱਚ ਹਵਾ ਪ੍ਰਦੂਸ਼ਣ ਕੰਟਰੋਲ ਉਪਕਰਣ (ਏਪੀਸੀਡੀ) ਲਗਾਉਣ ਦੇ ਪ੍ਰੋਜੈਕਟ ਨੂੰ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਵੱਲੋਂ ਰਾਸ਼ਟਰੀ ਸਵੱਛ ਹਵਾ ਪ੍ਰੋਗਰਾਮ (ਐੱਨਸੀਏਪੀ) ਦੀ 2026 ਦੀ ਸਰਵੋਤਮ ਕਾਰਜ ਪ੍ਰਣਾਲੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ।
ਇਸ ਤੋਂ ਇਲਾਵਾ, ਮੰਡੀ ਗੋਬਿੰਦਗੜ੍ਹ ਵਿੱਚ ਗੈਸ ਆਧਾਰਿਤ ਸ਼ਮਸ਼ਾਨਘਾਟ ਅਤੇ ਗੋਬਿੰਦਗੜ੍ਹ ਵਿੱਚ ਬਾਇਓ-ਮੀਥੇਨੇਸ਼ਨ ਪਲਾਂਟ ਨੂੰ ਵੀ ਪੰਜਾਬ ਦੀਆਂ ਪ੍ਰਮੁੱਖ ਵਾਤਾਵਰਣ ਪੱਖੀ ਪਹਿਲਕਦਮੀਆਂ ਵਜੋਂ ਮਾਨਤਾ ਮਿਲੀ ਹੈ। ਇਹ ਪਹਿਲਕਦਮੀਆਂ ਦਰਸਾਉਂਦੀਆਂ ਹਨ ਕਿ ਸੂਬੇ ਵਿੱਚ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਲੋਕਾਂ ਦੀ ਭਾਗੀਦਾਰੀ, ਆਧੁਨਿਕ ਤਕਨੀਕ ਅਤੇ ਕੂੜਾ ਪ੍ਰਬੰਧਨ ਨੂੰ ਤਰਜੀਹ ਦਿੱਤੀ ਜਾ ਰਹੀ ਹੈ।
ਮਿਸ਼ਨ ਕਲੀਨ ਪਟਿਆਲਾ: ਸਫ਼ਾਈ ਨੂੰ ਲੋਕ ਲਹਿਰ ਬਣਾਉਣ ਦਾ ਉਪਰਾਲਾ
ਮਿਸ਼ਨ ਕਲੀਨ ਪਟਿਆਲਾ ਦੀ ਸ਼ੁਰੂਆਤ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਨਿਗਮ ਦੇ ਸਹਿਯੋਗ ਨਾਲ ਕੀਤੀ ਸੀ। ਸੈਂਟਰ ਫਾਰ ਸਟੱਡੀ ਆਫ਼ ਸਾਇੰਸ, ਟੈਕਨਾਲੋਜੀ ਐਂਡ ਪਾਲਿਸੀ ਦੀ ਸਵਾਤੀ ਦੇ ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ਇਹ ਪਹਿਲਕਦਮੀ ਸਿਰਫ਼ ਸਫ਼ਾਈ ਮੁਹਿੰਮ ਤੱਕ ਸੀਮਤ ਨਹੀਂ, ਸਗੋਂ ਸ਼ਹਿਰ ਵਾਸੀਆਂ ਨੂੰ ਵਾਤਾਵਰਣ ਦੀ ਸੰਭਾਲ ਲਈ ਇਕਜੁੱਟ ਕਰਨ ਦਾ ਯਤਨ ਹੈ।
ਇਸ ਮੁਹਿੰਮ ਤਹਿਤ ਸਕੂਲਾਂ, ਸਰਕਾਰੀ ਵਿਭਾਗਾਂ, ਸਮਾਜਿਕ ਸੰਸਥਾਵਾਂ ਅਤੇ ਆਮ ਲੋਕਾਂ ਦੀ ਭਾਗੀਦਾਰੀ ਯਕੀਨੀ ਬਣਾਈ ਜਾ ਰਹੀ ਹੈ। ਸੜਕਾਂ ਦੀ ਨਿਯਮਤ ਸਫ਼ਾਈ, ਇਕੱਠੇ ਹੋਏ ਕੂੜੇ ਦੀ ਢੁਕਵੀਂ ਸੰਭਾਲ ਅਤੇ ਖੁੱਲ੍ਹੇ ਵਿੱਚ ਕੂੜਾ ਸਾੜਨ ਦੀ ਪ੍ਰਥਾ ਨੂੰ ਰੋਕਣ ’ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ।
ਇਸ ਪਹਿਲਕਦਮੀ ਦਾ ਮੁੱਖ ਉਦੇਸ਼ ਸਫ਼ਾਈ ਨੂੰ ਕਦੇ-ਕਦਾਈਂ ਕੀਤੀ ਜਾਣ ਵਾਲੀ ਗਤੀਵਿਧੀ ਦੀ ਬਜਾਏ ਰੋਜ਼ਾਨਾ ਦੀ ਜ਼ਿੰਮੇਵਾਰੀ ਬਣਾਉਣਾ ਹੈ। ਕੂੜੇ ਦਾ ਸਹੀ ਪ੍ਰਬੰਧਨ ਅਤੇ ਖੁੱਲ੍ਹੇ ਵਿੱਚ ਇਸ ਨੂੰ ਸਾੜਨ ’ਤੇ ਰੋਕ ਲਗਾ ਕੇ ਹਵਾ ਵਿੱਚ ਹਾਨੀਕਾਰਕ ਪ੍ਰਦੂਸ਼ਕਾਂ ਦੀ ਮਾਤਰਾ ਘਟਾਈ ਜਾ ਸਕਦੀ ਹੈ।
ਰਵਾਇਤੀ ਸ਼ਮਸ਼ਾਨਘਾਟਾਂ ਵਿੱਚ ਪ੍ਰਦੂਸ਼ਣ ਘਟਾਉਣ ਲਈ ਆਧੁਨਿਕ ਤਕਨੀਕ
ਪਟਿਆਲਾ ਦੇ ਇੱਕ ਰਵਾਇਤੀ ਸ਼ਮਸ਼ਾਨਘਾਟ ਵਿੱਚ ਲੱਕੜ ਨਾਲ ਕੀਤੇ ਜਾਂਦੇ ਸਸਕਾਰ ਦੌਰਾਨ ਨਿਕਲਣ ਵਾਲੇ ਧੂੰਏਂ ਅਤੇ ਬਰੀਕ ਕਣਾਂ ਨੂੰ ਕਾਬੂ ਕਰਨ ਲਈ ਹਵਾ ਪ੍ਰਦੂਸ਼ਣ ਕੰਟਰੋਲ ਉਪਕਰਣ ਲਗਾਇਆ ਗਿਆ ਹੈ। ਰਾਸ਼ਟਰੀ ਸਵੱਛ ਹਵਾ ਪ੍ਰੋਗਰਾਮ ਤਹਿਤ ਚਲਾਇਆ ਜਾ ਰਿਹਾ ਇਹ ਪਾਇਲਟ ਪ੍ਰੋਜੈਕਟ ਧਾਰਮਿਕ ਅਤੇ ਸੱਭਿਆਚਾਰਕ ਰੀਤੀ-ਰਿਵਾਜਾਂ ਨੂੰ ਕਾਇਮ ਰੱਖਦਿਆਂ ਵਾਤਾਵਰਣ ’ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਨੂੰ ਘਟਾਉਣ ਵੱਲ ਅਹਿਮ ਕਦਮ ਹੈ।
ਇਸ ਤਕਨੀਕ ਰਾਹੀਂ ਸਸਕਾਰ ਦੌਰਾਨ ਨਿਕਲਣ ਵਾਲੇ ਧੂੰਏਂ ਅਤੇ ਹਵਾ ਵਿੱਚ ਫੈਲਣ ਵਾਲੇ ਪ੍ਰਦੂਸ਼ਕ ਕਣਾਂ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਮਾਡਲ ਰਵਾਇਤੀ ਪ੍ਰਥਾਵਾਂ ਨੂੰ ਵਾਤਾਵਰਣ ਪੱਖੀ ਬਣਾਉਣ ਦੀ ਸੰਭਾਵਨਾ ਨੂੰ ਉਜਾਗਰ ਕਰਦਾ ਹੈ।
ਮੰਡੀ ਗੋਬਿੰਦਗੜ੍ਹ ਵਿੱਚ ਗੈਸ ਆਧਾਰਿਤ ਸ਼ਮਸ਼ਾਨਘਾਟ ਅਤੇ ਬਾਇਓ-ਮੀਥੇਨੇਸ਼ਨ ਪਲਾਂਟ
ਮੰਡੀ ਗੋਬਿੰਦਗੜ੍ਹ ਵਿੱਚ ਗੈਸ ਆਧਾਰਿਤ ਸ਼ਮਸ਼ਾਨਘਾਟਾਂ ਦੀ ਸ਼ੁਰੂਆਤ ਲੱਕੜ ਦੀ ਵਰਤੋਂ ਘਟਾਉਣ ਅਤੇ ਸਸਕਾਰ ਕਾਰਨ ਹੋਣ ਵਾਲੇ ਹਵਾ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਦੇ ਉਦੇਸ਼ ਨਾਲ ਕੀਤੀ ਗਈ ਹੈ। ਇਹ ਪਹਿਲਕਦਮੀ ਸਾਫ਼-ਸੁਥਰੇ ਵਿਕਲਪਾਂ ਨੂੰ ਉਤਸ਼ਾਹਿਤ ਕਰਨ ਅਤੇ ਵਾਤਾਵਰਣ ਦੀ ਸੁਰੱਖਿਆ ਲਈ ਨਵੇਂ ਤਰੀਕੇ ਅਪਣਾਉਣ ਵੱਲ ਮਹੱਤਵਪੂਰਨ ਕਦਮ ਹੈ।
ਇਸੇ ਤਰ੍ਹਾਂ, ਗੋਬਿੰਦਗੜ੍ਹ ਵਿੱਚ ਸਥਾਪਿਤ ਬਾਇਓ-ਮੀਥੇਨੇਸ਼ਨ ਪਲਾਂਟ ਜੈਵਿਕ ਕੂੜੇ ਦੀ ਵਰਤੋਂ ਕਰਕੇ ਬਾਇਓਗੈਸ ਤਿਆਰ ਕਰਨ ਵਿੱਚ ਮਦਦ ਕਰਦਾ ਹੈ। ਇਸ ਨਾਲ ਕੂੜੇ ਨੂੰ ਸਿਰਫ਼ ਸੁੱਟਣ ਦੀ ਬਜਾਏ ਉਸ ਦੀ ਮੁੜ ਵਰਤੋਂ ਸੰਭਵ ਹੁੰਦੀ ਹੈ ਅਤੇ ਕੂੜਾ ਪ੍ਰਬੰਧਨ ਪ੍ਰਣਾਲੀ ਨੂੰ ਬਿਹਤਰ ਬਣਾਉਣ ਵਿੱਚ ਸਹਾਇਤਾ ਮਿਲਦੀ ਹੈ।
ਇਨ੍ਹਾਂ ਪ੍ਰੋਜੈਕਟਾਂ ਦੀ ਸਫ਼ਲਤਾ ਲਈ ਕੂੜੇ ਨੂੰ ਸਰੋਤ ਪੱਧਰ ’ਤੇ ਵੱਖ-ਵੱਖ ਕਰਨਾ ਅਤੇ ਪਲਾਂਟਾਂ ਦਾ ਸੁਚੱਜਾ ਸੰਚਾਲਨ ਬਹੁਤ ਜ਼ਰੂਰੀ ਹੈ।
ਰਾਸ਼ਟਰੀ ਸਵੱਛ ਹਵਾ ਪ੍ਰੋਗਰਾਮ ਵਿੱਚ ਪੰਜਾਬ ਦਾ ਯੋਗਦਾਨ
ਪੰਜਾਬ ਦੀਆਂ ਇਨ੍ਹਾਂ ਪਹਿਲਕਦਮੀਆਂ ਨੂੰ ਕੌਮੀ ਪੱਧਰ ’ਤੇ ਸਰਵੋਤਮ ਕਾਰਜ ਪ੍ਰਣਾਲੀਆਂ ਵਜੋਂ ਚੁਣਿਆ ਜਾਣਾ ਸੂਬੇ ਵੱਲੋਂ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਕੀਤੇ ਜਾ ਰਹੇ ਯਤਨਾਂ ਦੀ ਅਹਿਮੀਅਤ ਨੂੰ ਦਰਸਾਉਂਦਾ ਹੈ। ਇਹ ਮਾਡਲ ਲੋਕਾਂ ਦੀ ਭਾਗੀਦਾਰੀ, ਤਕਨੀਕੀ ਨਵੀਨਤਾ ਅਤੇ ਪ੍ਰਭਾਵਸ਼ਾਲੀ ਕੂੜਾ ਪ੍ਰਬੰਧਨ ਦੇ ਸੁਮੇਲ ਦੀ ਮਿਸਾਲ ਪੇਸ਼ ਕਰਦੇ ਹਨ।
ਇਨ੍ਹਾਂ ਪਹਿਲਕਦਮੀਆਂ ਤੋਂ ਇਹ ਵੀ ਸਪੱਸ਼ਟ ਹੁੰਦਾ ਹੈ ਕਿ ਹਵਾ ਪ੍ਰਦੂਸ਼ਣ ਨੂੰ ਘਟਾਉਣ ਲਈ ਇੱਕੋ ਤਰੀਕੇ ’ਤੇ ਨਿਰਭਰ ਰਹਿਣ ਦੀ ਬਜਾਏ ਵੱਖ-ਵੱਖ ਪੱਧਰਾਂ ’ਤੇ ਯੋਜਨਾਬੱਧ ਕਾਰਵਾਈ ਕਰਨੀ ਜ਼ਰੂਰੀ ਹੈ। ਸਾਫ਼ ਤਕਨੀਕ ਅਪਣਾਉਣ, ਕੂੜੇ ਦਾ ਸਹੀ ਪ੍ਰਬੰਧਨ ਕਰਨ ਅਤੇ ਲੋਕਾਂ ਨੂੰ ਇਸ ਮੁਹਿੰਮ ਨਾਲ ਜੋੜਨ ਰਾਹੀਂ ਹੋਰ ਸ਼ਹਿਰਾਂ ਵਿੱਚ ਵੀ ਅਜਿਹੇ ਮਾਡਲ ਲਾਗੂ ਕੀਤੇ ਜਾ ਸਕਦੇ ਹਨ।
ਲੋਕਾਂ ਦੀ ਭਾਗੀਦਾਰੀ ਨਾਲ ਹੀ ਸਾਫ਼ ਹਵਾ ਦਾ ਟੀਚਾ ਹਾਸਲ ਹੋਵੇਗਾ: ਰੀਨਾ ਗੁਪਤਾ
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਚੇਅਰਪਰਸਨ ਰੀਨਾ ਗੁਪਤਾ ਨੇ ਕਿਹਾ, “ਪੰਜਾਬ ਵਿੱਚ ਸਾਫ਼ ਹਵਾ ਲਈ ਕੀਤੇ ਜਾ ਰਹੇ ਯਤਨਾਂ ਨੂੰ ਦੇਸ਼ ਭਰ ਵਿੱਚ ਪਛਾਣ ਮਿਲਣਾ ਸਾਡੇ ਵਿਸ਼ਵਾਸ ਨੂੰ ਹੋਰ ਮਜ਼ਬੂਤ ਕਰਦਾ ਹੈ। ਅਸਲ ਬਦਲਾਅ ਸਿਰਫ਼ ਵਿਗਿਆਨਕ ਤਰੀਕਿਆਂ ਨਾਲ ਨਹੀਂ ਆਉਂਦਾ, ਸਗੋਂ ਲੋਕਾਂ ਦੀ ਭਾਗੀਦਾਰੀ ਵੀ ਉਨੀ ਹੀ ਜ਼ਰੂਰੀ ਹੈ।
“ਮਿਸ਼ਨ ਕਲੀਨ ਪਟਿਆਲਾ ਤਹਿਤ ਸਫ਼ਾਈ ਨੂੰ ਨਾਗਰਿਕਾਂ ਦੀ ਸਾਂਝੀ ਜ਼ਿੰਮੇਵਾਰੀ ਬਣਾਇਆ ਗਿਆ ਹੈ। ਰਵਾਇਤੀ ਸ਼ਮਸ਼ਾਨਘਾਟਾਂ ਵਿੱਚ ਪ੍ਰਦੂਸ਼ਣ ਘਟਾਉਣ ਲਈ ਤਕਨੀਕ ਅਪਣਾਈ ਗਈ ਹੈ ਅਤੇ ਸਾਡੀ ਕੋਸ਼ਿਸ਼ ਹੈ ਕਿ ਪ੍ਰਦੂਸ਼ਣ ਨੂੰ ਉਸੇ ਪੱਧਰ ’ਤੇ ਰੋਕਿਆ ਜਾਵੇ, ਜਿੱਥੋਂ ਇਸ ਦੀ ਸ਼ੁਰੂਆਤ ਹੁੰਦੀ ਹੈ। ਅਸੀਂ ਅਜਿਹੇ ਮਾਡਲ ਤਿਆਰ ਕਰਨਾ ਚਾਹੁੰਦੇ ਹਾਂ, ਜਿਨ੍ਹਾਂ ਨੂੰ ਪੂਰੇ ਸੂਬੇ ਵਿੱਚ ਲਾਗੂ ਕੀਤਾ ਜਾ ਸਕੇ।
“ਸਾਡਾ ਸੁਪਨਾ ਰੰਗਲਾ ਪੰਜਾਬ ਹੈ, ਜਿੱਥੇ ਹਰ ਕਿਸੇ ਨੂੰ ਸਾਫ਼ ਹਵਾ ਮਿਲੇ, ਲੋਕ ਸਿਹਤਮੰਦ ਰਹਿਣ ਅਤੇ ਟਿਕਾਊ ਵਿਕਾਸ ਨੂੰ ਉਤਸ਼ਾਹ ਮਿਲੇ। ਅਸੀਂ ਲਗਾਤਾਰ ਨਵੇਂ ਤਰੀਕੇ ਅਪਣਾ ਰਹੇ ਹਾਂ, ਮਿਲ ਕੇ ਕੰਮ ਕਰ ਰਹੇ ਹਾਂ ਅਤੇ ਵਾਤਾਵਰਣ ਦੀ ਸੁਰੱਖਿਆ ਲਈ ਵਚਨਬੱਧ ਹਾਂ। ਸਾਡਾ ਮਕਸਦ ਸਿਰਫ਼ ਗੱਲਾਂ ਕਰਨਾ ਨਹੀਂ, ਸਗੋਂ ਲੋਕਾਂ ਦੇ ਜੀਵਨ ਵਿੱਚ ਅਸਲ ਸੁਧਾਰ ਲਿਆਉਣਾ ਹੈ।
Read More: ਲੋਕਾਂ ਨੂੰ ਸਥਿਤੀ ਤੋਂ ਜਾਣੂ ਕਰਵਾਉਣ ਲਈ ਸਿਹਤ ਡੇਟਾ ਰੋਜ਼ਾਨਾ ਸ਼ਾਮ 6 ਵਜੇ ਕੀਤਾ ਜਾਵੇਗਾ ਜਨਤਕ




