ਜਲੰਧਰ, 19 ਜੂਨ 2025: ਜਲੰਧਰ ‘ਚ ਇੱਕ ਡਾਕਟਰ ਵੱਲੋਂ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਜਾਣਕਾਰੀ ਮੁਤਾਬਕ ਉਕਤ ਵੀਡੀਓ ਜਲੰਧਰ ਦੇ ਦਕੋਹਾ ਦਾ ਦੱਸਿਆ ਜਾ ਰਿਹਾ ਹੈ। ਹਾਲਾਂਕਿ, ਇਸਦੀ ਪੁਸ਼ਟੀ ਨਹੀਂ ਹੋ ਸਕੀ ਕਿ ਇਹ ਵੀਡੀਓ ਕਦੋਂ ਦਾ ਹੈ।
ਪਰ ਅੱਜ ਸਵੇਰੇ ਜਲੰਧਰ ‘ਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਮਾਮਲੇ ਦੀ ਜਾਂਚ ਕਰਵਾਉਣ ਦੀ ਪੁਸ਼ਟੀ ਕੀਤੀ ਹੈ। ਮਾਮਲਾ ਨਸ਼ੇ ਦੀ ਵਰਤੋਂ ਤੱਕ ਹੀ ਨਹੀਂ ਰੁਕਿਆ, ਬਾਅਦ ‘ਚ ਉਕਤ ਡਾਕਟਰ ਵੱਲੋਂ ਇੱਕ ਔਰਤ ਨੂੰ ਥੱਪੜ ਮਾਰਨ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ।
ਹਾਲਾਂਕਿ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਉਕਤ ਵੀਡੀਓ ਹੁਸ਼ਿਆਰਪੁਰ ਦੇ ਦਸੂਹਾ ਦਾ ਹੈ, ਪਰ ਪੰਜਾਬ ਪੁਲਿਸ ਦੇ ਡੀਐਸਪੀ ਬਲਵਿੰਦਰ ਸਿੰਘ ਨੇ ਕਿਹਾ – ਇਹ ਵੀਡੀਓ ਸਾਡੇ ਇਲਾਕੇ ਦਾ ਨਹੀਂ, ਸਗੋਂ ਜਲੰਧਰ ਦੇ ਦਕੋਹਾ ਇਲਾਕੇ ਦਾ ਹੈ।
ਵਾਇਰਲ ਵੀਡੀਓ ‘ਚ ਇੱਕ ਡਾਕਟਰ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਦਾ ਦਿਖਾਈ ਦੇ ਰਿਹਾ ਹੈ। ਵੀਡੀਓ ਕਥਿਤ ਤੌਰ ‘ਤੇ ਇੱਕ ਔਰਤ ਦੁਆਰਾ ਬਣਾਈ ਗਈ ਸੀ। ਵੀਡੀਓ ‘ਚ ਡਾਕਟਰ ਪਹਿਲਾਂ ਔਰਤ ਨੂੰ ਵੀਡੀਓ ਬੰਦ ਕਰਨ ਲਈ ਕਹਿੰਦਾ ਹੈ, ਪਰ ਜਦੋਂ ਉਹ ਇਨਕਾਰ ਕਰਦੀ ਹੈ, ਤਾਂ ਡਾਕਟਰ ਏਟੀਐਮ ਕਾਰਡ ਨਾਲ ਨਸ਼ੀਲੇ ਪਦਾਰਥ ਨੂੰ ਪੀਸ ਰਿਹਾ ਹੁੰਦਾ ਹੈ ਅਤੇ ਇਸਦਾ ਸੇਵਨ ਕਰਦਾ ਹੈ। ਇਸ ਤੋਂ ਬਾਅਦ, ਉਹ ਔਰਤ ਤੋਂ ਫ਼ੋਨ ਖੋਹ ਲੈਂਦਾ ਹੈ ਅਤੇ ਕੈਮਰਾ ਬੰਦ ਕਰ ਦਿੰਦਾ ਹੈ।
Read More: ਬਠਿੰਡਾ ਪੁਲਿਸ ਦੀ ਨਸ਼ਾ ਤਸਕਰਾਂ ਖ਼ਿਲਾਫ ਕਾਰਵਾਈ, 9.71 ਕਰੋੜ ਰੁਪਏ ਦੀ ਜਾਇਦਾਦ ਜ਼ਬਤ