ਦਿੱਲੀ, 16 ਜੂਨ 2025: ਸਟੇਟ ਬੈਂਕ ਆਫ਼ ਇੰਡੀਆ (SBI) ਨੇ ਆਪਣੀਆਂ ਵਿਆਜ ਦਰਾਂ ‘ਚ 50 ਬੇਸਿਸ ਪੁਆਇੰਟ ਦੀ ਕਟੌਤੀ ਕੀਤੀ ਹੈ। ਸਟੇਟ ਬੈਂਕ ਦਾ ਇਹ ਕਦਮ ਰਿਜ਼ਰਵ ਬੈਂਕ ਵੱਲੋਂ ਰੈਪੋ ਰੇਟ ‘ਚ ਕਟੌਤੀ ਤੋਂ ਬਾਅਦ ਆਇਆ ਹੈ। ਵਿਆਜ ਦਰਾਂ ‘ਚ ਕਟੌਤੀ ਨਾਲ ਲੋਨ ਸਸਤੇ ਹੋ ਜਾਣਗੇ, ਜਿਸ ਨਾਲ ਮੌਜੂਦਾ ਕਰਜ਼ਦਾਰਾਂ ਅਤੇ ਹੋਰ ਕਰਜ਼ਾ ਲੈਣ ਵਾਲਿਆਂ ਨੂੰ ਫਾਇਦਾ ਹੋਵੇਗਾ। ਵਿਆਜ ਦਰ ‘ਚ ਕਟੌਤੀ ਤੋਂ ਬਾਅਦ ਐੱਸ.ਬੀ.ਆਈ ਦੀ ਨਵੀਂ ਰੈਪੋ ਲਿੰਕਡ ਲੈਂਡਿੰਗ ਰੇਟ (RLLR) ਵਿਆਜ ਦਰ ਹੁਣ 7.75 ਫੀਸਦੀ ਹੋਵੇਗੀ।
ਰਿਜ਼ਰਵ ਬੈਂਕ ਵੱਲੋਂ ਰੈਪੋ ਰੇਟ ‘ਚ ਕਟੌਤੀ ਤੋਂ ਬਾਅਦ ਫੈਸਲਾ
SBI ਨੇ ਬਾਹਰੀ ਬੈਂਚਮਾਰਕ ਅਧਾਰਤ ਉਧਾਰ ਦਰ ਵਿੱਚ ਵੀ 50 ਬੇਸਿਸ ਪੁਆਇੰਟ ਦੀ ਕਟੌਤੀ ਕੀਤੀ ਹੈ, ਜਿਸ ਤੋਂ ਬਾਅਦ ਨਵੀਆਂ ਦਰਾਂ 8.65 ਪ੍ਰਤੀਸ਼ਤ ਤੋਂ ਘੱਟ ਕੇ 8.15 ਪ੍ਰਤੀਸ਼ਤ ਹੋ ਜਾਣਗੀਆਂ। SBI ਦੀ ਅਧਿਕਾਰਤ ਵੈੱਬਸਾਈਟ ‘ਤੇ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, ਨਵੀਆਂ ਦਰਾਂ 15 ਜੂਨ, 2025 ਤੋਂ ਲਾਗੂ ਹੋ ਗਈਆਂ ਹਨ।
ਜਿਕਰਯੋਗ ਹੈ ਕਿ 6 ਜੂਨ ਨੂੰ ਰਿਜ਼ਰਵ ਬੈਂਕ ਨੇ ਰੈਪੋ ਰੇਟ ‘ਚ 50 ਬੇਸਿਸ ਪੁਆਇੰਟ ਦੀ ਕਟੌਤੀ ਕੀਤੀ, ਜਿਸ ਤੋਂ ਬਾਅਦ ਰੈਪੋ ਰੇਟ ਵਿੱਤੀ ਸਾਲ 2025 ਵਿੱਚ 6.5 ਪ੍ਰਤੀਸ਼ਤ ਦੇ ਹੇਠਲੇ ਪੱਧਰ ‘ਤੇ ਪਹੁੰਚ ਗਿਆ ਹੈ। ਆਰ.ਬੀ.ਆਈ ਗਵਰਨਰ ਸੰਜੇ ਮਲਹੋਤਰਾ ਦੀ ਅਗਵਾਈ ਵਾਲੀ ਰਿਜ਼ਰਵ ਬੈਂਕ ਦੀ ਛੇ ਮੈਂਬਰੀ ਨੀਤੀ ਕਮੇਟੀ ਨੇ ਰੈਪੋ ਰੇਟ ‘ਚ ਕਟੌਤੀ ਦੇ ਹੱਕ ‘ਚ ਵੋਟ ਦਿੱਤੀ।
ਰਿਜ਼ਰਵ ਬੈਂਕ ਨੇ ਨਕਦ ਰਿਜ਼ਰਵ ਅਨੁਪਾਤ ਨੂੰ 100 ਬੇਸਿਸ ਪੁਆਇੰਟ ਘਟਾਉਣ ਦਾ ਵੀ ਫੈਸਲਾ ਕੀਤਾ। ਆਰ.ਬੀ.ਆਈ ਦੇ ਫੈਸਲੇ ਤੋਂ ਬਾਅਦ, ਜ਼ਿਆਦਾਤਰ ਬੈਂਕਾਂ ਨੇ ਆਪਣੇ ਕਰਜ਼ਿਆਂ ‘ਤੇ ਵਿਆਜ ਦਰ ਘਟਾ ਦਿੱਤੀ ਹੈ ਅਤੇ ਜਿਨ੍ਹਾਂ ਨੇ ਇਸਨੂੰ ਨਹੀਂ ਘਟਾਇਆ ਹੈ ਉਹ ਵੀ ਛੇਤੀ ਹੀ ਅਜਿਹਾ ਕਰ ਸਕਦੇ ਹਨ।
ਇਸ ਤੋਂ ਇਲਾਵਾ ਸਟੇਟ ਬੈਂਕ ਆਫ਼ ਇੰਡੀਆ (SBI) ਨੇ ਜਮ੍ਹਾਂ ਰਾਸ਼ੀ ‘ਤੇ ਵਿਆਜ ਦਰ ‘ਚ 25 ਬੇਸਿਸ ਪੁਆਇੰਟ ਦੀ ਕਟੌਤੀ ਕਰਨ ਦਾ ਵੀ ਫੈਸਲਾ ਕੀਤਾ। ਨਵੀਂ ਜਮ੍ਹਾਂ ਰਾਸ਼ੀ ਦਰ ਵੀ 15 ਜੂਨ ਤੋਂ ਲਾਗੂ ਹੋ ਚੁੱਕੀ ਹੈ। 1-2 ਸਾਲ ਦੀ ਫਿਕਸਡ ਡਿਪਾਜ਼ਿਟ ‘ਤੇ ਵਿਆਜ ਦਰ ‘ਚ ਵੀ 25 ਬੇਸਿਸ ਪੁਆਇੰਟ ਦੀ ਕਟੌਤੀ ਕੀਤੀ ਹੈ ਅਤੇ ਹੁਣ ਇਹ 6.50 ਫੀਸਦੀ ਹੈ। ਬੈਂਕ ਨੇ ਅੰਮ੍ਰਿਤ ਵ੍ਰਿਸ਼ਟੀ ਯੋਜਨਾ ‘ਚ ਵੀ ਵਿਆਜ ਦਰ ਘਟਾ ਦਿੱਤੀ ਹੈ। ਸੀਨੀਅਰ ਨਾਗਰਿਕਾਂ ਨੂੰ ਕਾਰਡ ਦਰ ‘ਤੇ ਵਾਧੂ 50 ਬੀਪੀਐਸ ਪੁਆਇੰਟ ਦੀ ਪੇਸ਼ਕਸ਼ ਕੀਤੀ ਹੈ।
Read More: RBI Report: ਭਾਰਤੀ ਰਿਜ਼ਰਵ ਬੈਂਕ ਵਿਆਜ ਦਰਾਂ ‘ਚ ਕਰ ਸਕਦੈ ਵੱਡੀ ਕਟੌਤੀ