ਸਾਈਪ੍ਰਸ, 16 ਜੂਨ 2025: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਾਈਪ੍ਰਸ ਦੇ ਸਰਵਉੱਚ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਹੈ। ਸਾਈਪ੍ਰਸ ਦੇ ਰਾਸ਼ਟਰਪਤੀ ਨਿਕੋਸ ਕ੍ਰਿਸਟੋਡੌਲਿਡਸ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਸਾਈਪ੍ਰਸ ਦਾ ਸਰਵਉੱਚ ਸਨਮਾਨ, ਗ੍ਰੈਂਡ ਕਰਾਸ ਆਫ਼ ਦ ਆਰਡਰ ਆਫ਼ ਮਕਾਰੀਓਸ III ਦਾ ਸਨਮਾਨ ਦਿੱਤਾ ਹੈ।
ਸਨਮਾਨ ਮਿਲਣ ‘ਤੇ ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਅਤੇ ਸਾਈਪ੍ਰਸ ਸਰਕਾਰ ਦਾ ਧੰਨਵਾਦ ਕੀਤਾ ਹੈ | ਉਨ੍ਹਾਂ ਕਿਹਾ ਕਿ ਸਾਈਪ੍ਰਸ ਦੇ ਲੋਕਾਂ ਦਾ ਗ੍ਰੈਂਡ ਕਰਾਸ ਆਫ਼ ਦ ਆਰਡਰ ਆਫ਼ ਮਕਾਰੀਓਸ III ਸਨਮਾਨ ਲਈ ਦਿਲੋਂ ਧੰਨਵਾਦ ਕਰਦਾ ਹਾਂ। ਇਹ ਸਿਰਫ਼ ਨਰਿੰਦਰ ਮੋਦੀ ਲਈ ਹੀ ਨਹੀਂ, ਸਗੋਂ 140 ਕਰੋੜ ਭਾਰਤੀਆਂ ਲਈ ਹੈ।
ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੀਆਂ ਯੋਗਤਾਵਾਂ ਅਤੇ ਇੱਛਾਵਾਂ ਲਈ ਸਨਮਾਨ ਹੈ। ਇਹ ਸਾਡੀ ਸੰਸਕ੍ਰਿਤੀ, ਭਾਈਚਾਰੇ ਅਤੇ ਵਸੁਧੈਵ ਕੁਟੁੰਬਕਮ ਦੀ ਵਿਚਾਰਧਾਰਾ ਲਈ ਸਨਮਾਨ ਹੈ। ਮੈਂ ਇਸਨੂੰ ਭਾਰਤ ਅਤੇ ਸਾਈਪ੍ਰਸ ਦੇ ਦੋਸਤਾਨਾ ਸਬੰਧਾਂ, ਸਾਡੇ ਸਾਂਝੇ ਮੁੱਲਾਂ ਅਤੇ ਆਪਸੀ ਸਮਝ ਨੂੰ ਸਮਰਪਿਤ ਕਰਦਾ ਹਾਂ। ਮੈਂ ਸਾਰੇ ਭਾਰਤੀਆਂ ਵੱਲੋਂ ਇਸ ਸਨਮਾਨ ਨੂੰ ਬਹੁਤ ਨਿਮਰਤਾ ਅਤੇ ਸ਼ੁਕਰਗੁਜ਼ਾਰੀ ਨਾਲ ਸਵੀਕਾਰ ਕਰਦਾ ਹਾਂ। ਇਹ ਪੁਰਸਕਾਰ ਸ਼ਾਂਤੀ, ਸੁਰੱਖਿਆ, ਪ੍ਰਭੂਸੱਤਾ, ਖੇਤਰੀ ਅਖੰਡਤਾ ਅਤੇ ਸਾਡੇ ਲੋਕਾਂ ਪ੍ਰਤੀ ਸਾਡੀ ਅਟੁੱਟ ਵਚਨਬੱਧਤਾ ਦਾ ਪ੍ਰਤੀਕ ਹੈ।’
ਇਸ ਤੋਂ ਪਹਿਲਾਂ ਮਾਰਚ ‘ਚ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਨਵੀਨਚੰਦਰ ਰਾਮਗੁਲਮ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਉਨ੍ਹਾਂ ਦੇ ਸਰਵਉੱਚ ਨਾਗਰਿਕ ਪੁਰਸਕਾਰ ‘ਦਿ ਗ੍ਰੈਂਡ ਕਮਾਂਡਰ ਆਫ਼ ਦ ਆਰਡਰ ਆਫ਼ ਦ ਸਟਾਰ ਐਂਡ ਕੀ ਆਫ਼ ਦ ਹਿੰਦ ਮਹਾਂਸਾਗਰ’ ਨਾਲ ਸਨਮਾਨਿਤ ਕੀਤਾ ਸੀ। ਇਹ ਸਨਮਾਨ ਪ੍ਰਧਾਨ ਮੰਤਰੀ ਮੋਦੀ ਨੂੰ ਭਾਰਤ ਅਤੇ ਮਾਰੀਸ਼ਸ ਵਿਚਕਾਰ ਸਬੰਧਾਂ ਨੂੰ ਮਜ਼ਬੂਤ ਕਰਨ ‘ਚ ਉਨ੍ਹਾਂ ਦੇ ਯੋਗਦਾਨ ਲਈ ਦਿੱਤਾ ਗਿਆ ਸੀ। ਮੋਦੀ ਇਹ ਸਨਮਾਨ ਪ੍ਰਾਪਤ ਕਰਨ ਵਾਲੇ ਪਹਿਲੇ ਭਾਰਤੀ ਹਨ। ਇਹ ਕਿਸੇ ਹੋਰ ਦੇਸ਼ ਦੁਆਰਾ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤਾ ਗਿਆ 21ਵਾਂ ਅੰਤਰਰਾਸ਼ਟਰੀ ਪੁਰਸਕਾਰ ਸੀ।
Read More: PM ਮੋਦੀ ਨੂੰ ਦੋ ਹੋਰ ਦੇਸ਼ ਆਪਣੇ ਸਰਵਉੱਚ ਪੁਰਸਕਾਰ ਨਾਲ ਕਰਨਗੇ ਸਨਮਾਨਿਤ