41 ਸਾਲਾਂ ਬਾਅਦ ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ISS ਦੀ ਕਰਨਗੇ ਯਾਤਰਾ

9 ਜੂਨ 2025: ਭਾਰਤ ਦੇ ਪੁਲਾੜ ਇਤਿਹਾਸ ਵਿੱਚ ਇੱਕ ਨਵਾਂ ਅਧਿਆਇ ਜੁੜਨ ਜਾ ਰਿਹਾ ਹੈ। ਦੱਸ ਦੇਈਏ ਕਿ 41 ਸਾਲਾਂ ਬਾਅਦ ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ (Indian astronaut Subhanshu Shukla) ਮੰਗਲਵਾਰ (10 ਜੂਨ) ਸਵੇਰੇ ਐਕਸੀਓਮ ਸਪੇਸ ਦੇ ਐਕਸੀਓਮ-4 ਮਿਸ਼ਨ ਦੇ ਤਹਿਤ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ਦੀ ਯਾਤਰਾ ‘ਤੇ ਰਵਾਨਾ ਹੋਣਗੇ। ਇਹ ਮਿਸ਼ਨ (mission) ਅਮਰੀਕੀ ਪੁਲਾੜ ਏਜੰਸੀ ਨਾਸਾ ਅਤੇ ਨਿੱਜੀ ਕੰਪਨੀ ਸਪੇਸਐਕਸ ਨਾਲ ਸਾਂਝੇਦਾਰੀ ਵਿੱਚ ਕੀਤਾ ਜਾ ਰਿਹਾ ਹੈ।

ਯਾਤਰਾ ਲਈ ਰਵਾਨਾ ਹੋਣ ਤੋਂ ਪਹਿਲਾਂ, ਸ਼ੁਭਾਂਸ਼ੂ ਨੇ ਕਿਹਾ, ਮਿਸ਼ਨ ਦਾ ਹਿੱਸਾ ਬਣਨਾ ਬਹੁਤ ਖੁਸ਼ਕਿਸਮਤ ਹੈ। ਸ਼ੁਕਲਾ, ਜਿਸਨੂੰ ‘ਸ਼ੈਕਸ’ ਉਪਨਾਮ ਨਾਲ ਜਾਣਿਆ ਜਾਂਦਾ ਹੈ, ਪੁਲਾੜ ਦੀ ਯਾਤਰਾ ਕਰਨ ਵਾਲਾ ਦੂਜਾ ਭਾਰਤੀ ਹੋਵੇਗਾ। 41 ਸਾਲ ਪਹਿਲਾਂ, ਉਨ੍ਹਾਂ ਦੇ ਆਦਰਸ਼ ਰਾਕੇਸ਼ ਸ਼ਰਮਾ ਨੇ 1984 ਵਿੱਚ ਉਸ ਸਮੇਂ ਦੇ ਸੋਵੀਅਤ ਯੂਨੀਅਨ ਦੇ ਸੋਯੂਜ਼ ਪੁਲਾੜ ਯਾਨ ਵਿੱਚ ਸਵਾਰ ਹੋ ਕੇ ਅੱਠ ਦਿਨ ਤੱਕ ਔਰਬਿਟ ਵਿੱਚ ਰਹਿਣ ਲਈ ਪੁਲਾੜ ਵਿੱਚ ਉਡਾਣ ਭਰੀ ਸੀ।

ਪੁਲਾੜ ਯਾਨ ਨੂੰ ਨਾਸਾ ਦੇ ਕੈਨੇਡੀ ਸਪੇਸ ਸੈਂਟਰ ਤੋਂ ਭਾਰਤੀ ਸਮੇਂ ਅਨੁਸਾਰ ਸਵੇਰੇ 6.12 ਵਜੇ ਸਪੇਸਐਕਸ ਦੇ ਫਾਲਕਨ 9 ਰਾਕੇਟ (rocket) ਰਾਹੀਂ ਲਾਂਚ ਕੀਤਾ ਜਾਵੇਗਾ। 28 ਘੰਟੇ ਦੀ ਆਪਣੀ ਯਾਤਰਾ ਤੋਂ ਬਾਅਦ, ਪੁਲਾੜ ਯਾਨ 11 ਜੂਨ ਨੂੰ ਰਾਤ 10 ਵਜੇ (ਭਾਰਤੀ ਸਮੇਂ ਅਨੁਸਾਰ) ਪੁਲਾੜ ਸਟੇਸ਼ਨ ਨਾਲ ਜੁੜ ਜਾਵੇਗਾ।

ਪੁਲਾੜ ਯਾਤਰਾ ਦੌਰਾਨ ਕਈ ਪ੍ਰਯੋਗ ਕੀਤੇ ਜਾਣਗੇ

ਸ਼ੁਭਾਂਸ਼ੂ ਪੁਲਾੜ ਵਿੱਚ ਆਪਣੇ 14 ਦਿਨਾਂ ਦੇ ਠਹਿਰਨ ਦੌਰਾਨ ਵਿਗਿਆਨ ਅਤੇ ਪੋਸ਼ਣ ਸੰਬੰਧੀ ਕਈ ਵਿਸ਼ੇਸ਼ ਪ੍ਰਯੋਗ ਕਰਨਗੇ। ਇਹ ਪ੍ਰਯੋਗ ਇਸਰੋ ਅਤੇ ਭਾਰਤ ਸਰਕਾਰ ਦੇ ਬਾਇਓਟੈਕਨਾਲੋਜੀ ਵਿਭਾਗ (ਡੀਬੀਟੀ) ਦੁਆਰਾ ਤਿਆਰ ਕੀਤੇ ਗਏ ਹਨ। ਉਨ੍ਹਾਂ ਦਾ ਉਦੇਸ਼ ਪੁਲਾੜ ਵਿੱਚ ਮੇਥੀ ਅਤੇ ਮੂੰਗੀ ਦੇ ਉਗਣ ਦੀ ਪ੍ਰਕਿਰਿਆ ਦਾ ਨਿਰੀਖਣ ਕਰਨਾ, ਬੀਜਾਂ ਨੂੰ ਮਾਈਕ੍ਰੋਗ੍ਰੈਵਿਟੀ (ਪੁਲਾੜ ਸਥਿਤੀਆਂ) ਵਿੱਚ ਰੱਖ ਕੇ ਧਰਤੀ (earth) ‘ਤੇ ਵਾਪਸ ਲਿਆਉਣਾ ਅਤੇ ਉਨ੍ਹਾਂ ‘ਤੇ ਹੋਰ ਖੇਤੀ ਕਰਨਾ, ਭਵਿੱਖ ਦੀ ਲੰਬੇ ਸਮੇਂ ਦੀ ਪੁਲਾੜ ਯਾਤਰਾ ਲਈ ਪੋਸ਼ਣ ਅਤੇ ਜੀਵਨ-ਸਹਾਇਤਾ ਪ੍ਰਣਾਲੀਆਂ ਵਿਕਸਤ ਕਰਨਾ ਹੈ। ਇਸ ਤੋਂ ਇਲਾਵਾ, ਸ਼ੁਕਲਾ ਨਾਸਾ ਨਾਲ 5 ਸਾਂਝੇ ਅਧਿਐਨ ਵੀ ਕਰਨਗੇ।

Read More: ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਜਾਣਗੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ, ਬਦਲਿਆ ਲਾਂਚਿੰਗ ਸ਼ਡਿਊਲ

 

Scroll to Top