ਲਾਹੌਰ, 29 ਮਈ 2025: Pakistan vs Bangladesh T20I: ਪਾਕਿਸਤਾਨ ਦੇ ਲਾਹੌਰ ਵਿੱਚ ਖੇਡੇ ਪਹਿਲੇ ਟੀ-20 ਮੈਚ ‘ਚ ਪਾਕਿਸਤਾਨ ਨੇ ਬੰਗਲਾਦੇਸ਼ ਨੂੰ ਹਰਾ ਦਿੱਤਾ। ਪਾਕਿਸਤਾਨੀ ਟੀਮ ਨੇ ਇਸ ਮੈਚ ‘ਚ ਆਲਰਾਉਂਡ ਪ੍ਰਦਰਸ਼ਨ ਕੀਤਾ ਅਤੇ ਬੰਗਲਾਦੇਸ਼ ਨੂੰ ਮਾਤ ਦੇ ਦਿੱਤੀ। ਪਾਕਿਸਤਾਨ ਦੀ ਜਿੱਤ ਦੇ ਹੀਰੋ ਤੇਜ਼ ਗੇਂਦਬਾਜ਼ ਹਸਨ ਅਲੀ ਅਤੇ ਸ਼ਾਦਾਬ ਖਾਨ ਸਨ। ਤੇਜ਼ ਗੇਂਦਬਾਜ਼ ਹਸਨ ਅਲੀ ਇੱਕ ਸਾਲ ਬਾਅਦ ਪਾਕਿਸਤਾਨ ਟੀਮ ‘ਚ ਵਾਪਸ ਆਏ ਅਤੇ 30 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ। ਆਪਣੇ ਕਰੀਅਰ ‘ਚ ਪਹਿਲੀ ਵਾਰ ਪੰਜ ਵਿਕਟਾਂ ਲੈਣ ਵਾਲੇ ਹਸਨ ਅਲੀ ਨੂੰ ਪਲੇਅਰ ਆਫ ਦ ਮੈਚ ਦਾ ਪੁਰਸਕਾਰ ਵੀ ਦਿੱਤਾ ਗਿਆ।
ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਾਕਿਸਤਾਨ ਦੇ ਕਪਤਾਨ ਸਲਮਾਨ ਅਲੀ ਆਗਾ ਨੇ ਪਹਿਲਾਂ 56 ਦੌੜਾਂ ਦੀ ਕਰੀਅਰ ਦੀ ਸਭ ਤੋਂ ਵਧੀਆ ਪਾਰੀ ਖੇਡੀ, ਜਿਸ ਨਾਲ ਮੇਜ਼ਬਾਨ ਟੀਮ ਨੂੰ ਸੱਤ ਵਿਕਟਾਂ ‘ਤੇ 201 ਦੌੜਾਂ ਬਣਾਉਣ ‘ਚ ਮੱਦਦ ਮਿਲੀ। ਸ਼ਾਦਾਬ ਖਾਨ ਨੇ 48 ਦੌੜਾਂ ਦਾ ਯੋਗਦਾਨ ਪਾਇਆ ਜਦੋਂ ਕਿ ਹਸਨ ਨਵਾਜ਼ ਨੇ 44 ਦੌੜਾਂ ਦਾ ਯੋਗਦਾਨ ਪਾਇਆ।
ਸਲਮਾਨ ਨੇ ਮੁਹੰਮਦ ਹਾਰਿਸ (31) ਨਾਲ ਤੀਜੀ ਵਿਕਟ ਲਈ 48 ਦੌੜਾਂ ਦੀ ਸਾਂਝੇਦਾਰੀ ਅਤੇ ਹਸਨ ਨਵਾਜ਼ ਨਾਲ ਚੌਥੀ ਵਿਕਟ ਲਈ 65 ਦੌੜਾਂ ਦੀ ਸਾਂਝੇਦਾਰੀ ਵੀ ਕੀਤੀ। ਆਖਰੀ ਓਵਰਾਂ ‘ਚ ਸ਼ਾਦਾਬ ਅਤੇ ਫਹੀਮ ਅਸ਼ਰਫ (ਨਾਬਾਦ 11) ਨੇ ਸੱਤਵੀਂ ਵਿਕਟ ਲਈ ਸਿਰਫ਼ 22 ਗੇਂਦਾਂ ‘ਚ 50 ਦੌੜਾਂ ਜੋੜ ਕੇ ਟੀਮ ਦੇ ਸਕੋਰ ਨੂੰ 200 ਤੋਂ ਪਾਰ ਪਹੁੰਚਾਉਣ ‘ਚ ਅਹਿਮ ਭੂਮਿਕਾ ਨਿਭਾਈ। ਬੰਗਲਾਦੇਸ਼ ਲਈ ਸ਼ਰੀਫੁਲ ਇਸਲਾਮ ਨੇ 32 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ।
ਇਸਦੇ ਜਵਾਬ ‘ਚ ਬੰਗਲਾਦੇਸ਼ ਹਸਨ ਅਲੀ ਅਤੇ ਸ਼ਾਦਾਬ ਖਾਨ (26 ਦੌੜਾਂ ਦੇ ਕੇ ਦੋ ਵਿਕਟਾਂ) ਦੀ ਤੇਜ਼ ਗੇਂਦਬਾਜ਼ੀ ਸਾਹਮਣੇ ਢਹਿ ਗਿਆ। ਜ਼ਾਕਿਰ ਅਲੀ (36) ਅਤੇ ਸਲਾਮੀ ਬੱਲੇਬਾਜ਼ ਤੰਜੀਦ ਹਸਨ (31) ਵੀ ਚੰਗੀ ਸ਼ੁਰੂਆਤ ਨੂੰ ਵੱਡੀ ਪਾਰੀ ਵਿੱਚ ਬਦਲਣ ‘ਚ ਅਸਫਲ ਰਹੇ। ਕਪਤਾਨ ਲਿਟਨ ਦਾਸ ਦੀ 48 ਦੌੜਾਂ ਦੀ ਪਾਰੀ ਦੇ ਬਾਵਜੂਦ, ਟੀਮ 19.2 ਓਵਰਾਂ ‘ਚ 164 ਦੌੜਾਂ ‘ਤੇ ਆਲ ਆਊਟ ਹੋ ਗਈ। ਪਾਕਿਸਤਾਨ ਨੇ ਪਹਿਲੇ ਟੀ-20 ‘ਚ ਬੰਗਲਾਦੇਸ਼ ਨੂੰ 37 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ ( Pakistan vs Bangladesh) ‘ਚ 1-0 ਦੀ ਬੜ੍ਹਤ ਬਣਾ ਲਈ।
Read More: RCB ਬਨਾਮ PBKS: ਪੰਜਾਬ ਕਿੰਗਜ਼ ਤੇ ਬੰਗਲੁਰੂ ਦਾ ਮੈਚ ਮੀਂਹ ਕਾਰਨ ਰੱਦ ਹੋਣ ‘ਤੇ ਕਿਸਨੂੰ ਮਿਲੇਗਾ ਫਾਇਦਾ ?