fighter aircraft

ਕੇਂਦਰ ਸਰਕਾਰ ਨੇ 5ਵੀਂ ਪੀੜ੍ਹੀ ਦੇ ਸਵਦੇਸ਼ੀ ਲੜਾਕੂ ਜਹਾਜ਼ ਦੇ ਪ੍ਰੋਡਕਸ਼ਨ ਨੂੰ ਦਿੱਤੀ ਮਨਜ਼ੂਰੀ

ਚੰਡੀਗੜ੍ਹ, 27 ਮਈ 2025: ਭਾਰਤ ‘ਚ ਬਣਨ ਵਾਲੇ 5ਵੀਂ ਪੀੜ੍ਹੀ ਦੇ ਲੜਾਕੂ ਜਹਾਜ਼ (fighter aircraft), ਯਾਨੀ ਐਡਵਾਂਸਡ ਮੀਡੀਅਮ ਕੰਬੈਟ ਏਅਰਕ੍ਰਾਫਟ (AMCA) ਦੇ ਪ੍ਰੋਡਕਸ਼ਨ ਮਾਡਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।ਕੇਂਦਰੀ ਰੱਖਿਆ ਮੰਤਰਾਲੇ ਨੇ ਕਿਹਾ ਕਿ ਸਰਕਾਰੀ ਕੰਪਨੀਆਂ ਦੇ ਨਾਲ-ਨਾਲ ਨਿੱਜੀ ਕੰਪਨੀਆਂ ਨੂੰ ਵੀ ਜਹਾਜ਼ਾਂ ਦੇ ਨਿਰਮਾਣ ਲਈ ਬੋਲੀ ਲਗਾਉਣ ਦਾ ਮੌਕਾ ਦਿੱਤਾ ਜਾਵੇਗਾ। ਏਅਰੋਨਾਟਿਕਲ ਡਿਵੈਲਪਮੈਂਟ ਏਜੰਸੀ (ADA) ਛੇਤੀ ਹੀ ਇਸ ਲਈ ਐਕਸਪ੍ਰੈਸ਼ਨ ਆਫ਼ ਇੰਟਰਸਟ (EoI) ਜਾਰੀ ਕਰੇਗੀ।

ਨਿੱਜੀ ਕੰਪਨੀਆਂ ਨੂੰ ਜਹਾਜ਼ (fighter aircraft) ਬਣਾਉਣ ਦਾ ਮੌਕਾ ਦੇਣ ਦੇ ਐਲਾਨ ਨਾਲ ਰੱਖਿਆ ਅਤੇ ਸਬੰਧਤ ਖੇਤਰਾਂ ਦੀਆਂ ਕੰਪਨੀਆਂ ਦੇ ਸ਼ੇਅਰਾਂ ‘ਚ ਲਗਭਗ 6 ਫੀਸਦੀ ਦਾ ਵਾਧਾ ਹੋਇਆ। ਨਿਫਟੀ ਇੰਡੀਆ ਡਿਫੈਂਸ ਇੰਡੈਕਸ ਵੀ 52 ਹਫ਼ਤੇ ਦੇ ਨਵੇਂ ਹੈ ਲੈਵਲ 8,674.05 ‘ਤੇ ਪਹੁੰਚ ਗਿਆ।

ਐਡਵਾਂਸਡ ਮੀਡੀਅਮ ਕੰਬੈਟ ਏਅਰਕ੍ਰਾਫਟ ਯਾਨੀ AMCA ਦੂਜਾ ਲੜਾਕੂ ਜਹਾਜ਼ ਹੋਵੇਗਾ ਜੋ ਸਵਦੇਸ਼ੀ ਤੌਰ ‘ਤੇ ਵਿਕਸਤ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਹਲਕੇ ਲੜਾਕੂ ਜਹਾਜ਼ (LCA) ਤੇਜਸ ਅਤੇ ਇਸਦੇ ਉੱਨਤ ਸੰਸਕਰਣ ਤੇਜਸ ਮਾਰਕ-1 ਨੂੰ ਭਾਰਤ ‘ਚ ਵਿਕਸਤ ਕੀਤਾ ਜਾ ਚੁੱਕਾ ਹੈ। ਇਸਦੇ ਹੋਰ ਉੱਨਤ ਸੰਸਕਰਣ, ਮਾਰਕ-1-ਏ ‘ਤੇ ਕੰਮ ਚੱਲ ਰਿਹਾ ਹੈ। ਜਾਣਕਾਰੀ ਮੁਤਾਬਕ AMCA 2025 ਤੱਕ ਹਵਾਈ ਫੌਜ ਅਤੇ ਜਲ ਫੌਜ ‘ਚ ਤਾਇਨਾਤੀ ਲਈ ਉਪਲਬੱਧ ਹੋ ਜਾਵੇਗਾ।

ਅਪ੍ਰੈਲ 2024 ‘ਚ ਸੁਰੱਖਿਆ ਬਾਰੇ ਕੈਬਨਿਟ ਕਮੇਟੀ (CCS) ਨੇ 5ਵੀਂ ਪੀੜ੍ਹੀ ਦੇ ਸਵਦੇਸ਼ੀ ਲੜਾਕੂ ਜਹਾਜ਼ਾਂ ਦੇ ਡਿਜ਼ਾਈਨ ਅਤੇ ਵਿਕਾਸ ਲਈ 15,000 ਕਰੋੜ ਰੁਪਏ ਦੇ ਇੱਕ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ। ਇਹ ਲੜਾਕੂ ਜਹਾਜ਼ ‘ਐਡਵਾਂਸਡ ਮੀਡੀਅਮ ਕੰਬੈਟ ਏਅਰਕ੍ਰਾਫਟ’ (Advanced Medium Combat Aircraft – AMCA) ਹੈ।

ਏਡੀਏ ਇਸ ਪ੍ਰੋਗਰਾਮ ਨੂੰ ਲਾਗੂ ਕਰਨ ਅਤੇ ਜਹਾਜ਼ਾਂ ਨੂੰ ਡਿਜ਼ਾਈਨ ਕਰਨ ਲਈ ਨੋਡਲ ਏਜੰਸੀ ਹੈ। ADA ਰੱਖਿਆ ਖੋਜ ਅਤੇ ਵਿਕਾਸ ਸੰਗਠਨ (DRDO) ਦੇ ਅਧੀਨ ਆਉਂਦਾ ਹੈ। ਇਹ ਭਾਰਤੀ ਹਵਾਈ ਫੌਜ ਦੇ ਹੋਰ ਲੜਾਕੂ ਜਹਾਜ਼ਾਂ ਨਾਲੋਂ ਬਿਹਤਰ ਹੋਵੇਗਾ। ਇਹ ਦੁਸ਼ਮਣ ਦੇ ਰਾਡਾਰ ਤੋਂ ਬਚਣ ਲਈ ਉੱਚ-ਤਕਨੀਕੀ ਸਟੀਲਥ ਤਕਨਾਲੋਜੀ ਨਾਲ ਲੈਸ ਹੋਵੇਗਾ। ਇਹ ਅੰਤਰਰਾਸ਼ਟਰੀ ਪੱਧਰ ‘ਤੇ ਵਰਤੇ ਜਾਣ ਵਾਲੇ 5ਵੀਂ ਪੀੜ੍ਹੀ ਦੇ ਹੋਰ ਸਟੀਲਥ ਲੜਾਕੂ ਜਹਾਜ਼ਾਂ ਦੇ ਸਮਾਨ ਜਾਂ ਉਨ੍ਹਾਂ ਤੋਂ ਵੀ ਬਿਹਤਰ ਹੋਵੇਗਾ।

Read More: ਭਾਰਤ ਵੱਲੋਂ ਫਰਾਂਸ ਤੋਂ 26 ਰਾਫੇਲ ਸਮੁੰਦਰੀ ਲੜਾਕੂ ਜਹਾਜ਼ ਖਰੀਦਣ ਦੇ ਸੌਦੇ ਨੂੰ ਮਨਜ਼ੂਰੀ

Scroll to Top