ਸਥਾਨਕ ਸਰਕਾਰਾਂ ਮੰਤਰੀ ਰਵਜੋਤ ਸਿੰਘ ਪਹੁੰਚੇ ਅਬੋਹਰ, ਪਾਣੀ ਦੀ ਸਪਲਾਈ ਦੀ ਸਥਿਤੀ ਦਾ ਲਿਆ ਜਾਇਜ਼ਾ

27 ਮਈ 2025: ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਰਵਜੋਤ ਸਿੰਘ (Local Government Minister Ravjot Singh) ਮੰਗਲਵਾਰ ਸਵੇਰੇ ਅਚਾਨਕ ਅਬੋਹਰ ਪਹੁੰਚੇ ਅਤੇ ਪਾਣੀ ਦੀ ਸਪਲਾਈ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਵੱਖ-ਵੱਖ ਇਲਾਕਿਆਂ ਅਤੇ ਗਲੀਆਂ ਦਾ ਦੌਰਾ ਕੀਤਾ।

ਕੁੰਭੜਾ ਵਾਲਾ ਮੁਹੱਲਾ ਅਤੇ ਅਜ਼ੀਮਗੜ੍ਹ ਸਮੇਤ ਕਈ ਇਲਾਕਿਆਂ ਦੇ ਲੋਕਾਂ ਨੇ ਮੰਤਰੀ ਨੂੰ ਦੱਸਿਆ ਕਿ ਪਿਛਲੇ ਕਈ ਮਹੀਨਿਆਂ ਤੋਂ ਟੂਟੀਆਂ ਵਿੱਚੋਂ ਦੂਸ਼ਿਤ ਪਾਣੀ ਆ ਰਿਹਾ ਹੈ ਅਤੇ ਲੋਕ ਇਸਨੂੰ ਪੀਣ ਤੋਂ ਬਾਅਦ ਬਿਮਾਰ ਹੋ ਰਹੇ ਹਨ। ਇੱਕ ਘਰ ਵਿੱਚ, ਟੂਟੀ ਤੋਂ ਪਾਣੀ ਲਿਆ ਗਿਆ ਅਤੇ ਮੌਕੇ ‘ਤੇ ਹੀ ਇਸਦੀ ਜਾਂਚ ਕੀਤੀ ਗਈ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਫਾਜ਼ਿਲਕਾ (fazilka) ਦੇ ਡਿਪਟੀ ਕਮਿਸ਼ਨਰ, ਐਸਡੀਐਮ ਅਬੋਹਰ, ਨਗਰ ਨਿਗਮ ਅਬੋਹਰ ਦੇ ਅਧਿਕਾਰੀ ਅਤੇ ਖੇਤਰ ਇੰਚਾਰਜ ਅਰੁਣ ਨਾਰੰਗ ਵੀ ਮੌਜੂਦ ਸਨ।

ਦੂਸ਼ਿਤ ਪਾਣੀ ਦੀ ਸਪਲਾਈ ‘ਤੇ ਨਾਰਾਜ਼ਗੀ ਪ੍ਰਗਟ ਕਰਦਿਆਂ ਸਥਾਨਕ ਸਰਕਾਰਾਂ ਮੰਤਰੀ ਨੇ ਨਿਗਮ ਅਧਿਕਾਰੀ ਐਸ.ਸੀ. ਗੁਪਤਾ ਨੂੰ ਤੁਰੰਤ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੇ ਹੁਕਮ ਦਿੱਤੇ ਅਤੇ ਮੌਕੇ ‘ਤੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਭਵਿੱਖ ਵਿੱਚ ਅਜਿਹਾ ਨਹੀਂ ਹੋਵੇਗਾ। ਲੋਕਾਂ ਨੂੰ ਹਰ ਹਾਲਤ ਵਿੱਚ ਸਾਫ਼ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਕਮਰਿਆਂ ਅਤੇ ਦਫ਼ਤਰਾਂ ਤੋਂ ਬਾਹਰ ਆਉਣ ਅਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ।

ਵਿਧਾਇਕ ਨੇ ਨਾਰਾਜ਼ਗੀ ਪ੍ਰਗਟਾਈ

ਇਸ ਦੌਰਾਨ ਅਬੋਹਰ ਦੇ ਵਿਧਾਇਕ ਸੰਦੀਪ ਜਾਖੜ ਨੇ ਇਸ ਗੱਲ ‘ਤੇ ਗੁੱਸਾ ਜ਼ਾਹਰ ਕੀਤਾ ਕਿ ਉਨ੍ਹਾਂ ਨੂੰ ਸਥਾਨਕ ਸਰਕਾਰਾਂ ਮੰਤਰੀ ਰਵਜੋਤ ਸਿੰਘ ਦੇ ਅਬੋਹਰ ਦੌਰੇ ਬਾਰੇ ਸੂਚਿਤ ਨਹੀਂ ਕੀਤਾ ਗਿਆ। ਨਗਰ ਨਿਗਮ ਅਬੋਹਰ ਦੇ ਮੇਅਰ ਨੂੰ ਵੀ ਇਸ ਬਾਰੇ ਸੂਚਿਤ ਨਹੀਂ ਕੀਤਾ ਗਿਆ। ਜਾਖੜ ਨੇ ਕਿਹਾ ਕਿ ਲੱਗਦਾ ਹੈ ਕਿ ਤੁਹਾਡੀ ਲੀਡਰਸ਼ਿਪ ਸਾਡੇ ਤੋਂ ਡਰਦੀ ਹੈ।

Read More: ਕੈਬਿਨਟ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਕਰਤਾਰਪੁਰ ਦਾ ਅਚਨਚੇਤ ਦੌਰਾ, ਨਗਰ ਕੌਂਸਲ ਨੂੰ ਦਿੱਤੀਆਂ ਹਦਾਇਤਾਂ

Scroll to Top