ਵਿਜੀਲੈਂਸ ਬਿਊਰੋ ਨੇ ਪਟਵਾਰੀ ਤੇ ਸਹਾਇਕ ਨੂੰ 1000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

ਚੰਡੀਗੜ੍ਹ, 3 ਅਪ੍ਰੈਲ 2025: ਪੰਜਾਬ ਵਿਜੀਲੈਂਸ ਬਿਊਰੋ (punjab Vigilance Bureau ) ਨੇ ਭ੍ਰਿਸ਼ਟਾਚਾਰ ਵਿਰੁੱਧ ਆਪਣੀ ‘ਅਸਹਿਣਯੋਗ’ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਇੱਕ ਮਾਲ ਪਟਵਾਰੀ ਅਤੇ ਉਸ ਦੇ ਸਹਾਇਕ ਨੂੰ 1,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਸ੍ਰੀ ਮੁਕਤਸਰ ਸਾਹਿਬ (sri muktsar sahib) ਜ਼ਿਲ੍ਹੇ ਦੇ ਵੜਿੰਗਖੇੜਾ ਇਲਾਕੇ ਦੇ ਪਟਵਾਰੀ ਕੁਲਵਿੰਦਰ ਸਿੰਘ (kuldeep singh) ਅਤੇ ਉਸ ਦੇ ਸਹਾਇਕ ਅਸ਼ੋਕ ਕੁਮਾਰ ਵਜੋਂ ਹੋਈ ਹੈ।

ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਪਿੰਡ ਵੜਿੰਗਖੇੜਾ ਦੇ ਇੱਕ ਵਸਨੀਕ ਵੱਲੋਂ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਵਿਖੇ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ‘ਤੇ ਉਕਤ ਦੋਨਾਂ ਮੁਲਜ਼ਮਾਂ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ।

ਬੁਲਾਰੇ ਨੇ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਸੀ ਕਿ ਉਕਤ ਪਟਵਾਰੀ ਨੇ ਉਸ ਦੀ ਜ਼ਮੀਨ ਦੀ ਨਿਸ਼ਾਨਦੇਹੀ ਕਰਵਾਉਣ ਲਈ ਆਪਣੇ ਉਕਤ ਸਾਥੀ (ਅਸ਼ੋਕ) ਰਾਹੀਂ 1500 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ ਪਰ ਸੌਦਾ 1000 ਰੁਪਏ ਵਿਚ ਤੈਅ ਹੋ ਗਿਆ ਸੀ।

ਬੁਲਾਰੇ ਨੇ ਦੱਸਿਆ ਕਿ ਜਾਂਚ ਦੌਰਾਨ ਪਾਇਆ ਗਿਆ ਕਿ ਜਦੋਂ ਪਟਵਾਰੀ ਵੱਲੋਂ 5 ਫਰਵਰੀ 2025 ਨੂੰ ਜ਼ਮੀਨ ਦੀ ਹੱਦਬੰਦੀ ਦੀ ਰਿਪੋਰਟ ਤਿਆਰ ਕੀਤੀ ਗਈ ਸੀ ਤਾਂ ਇਸ ਸਬੰਧੀ 2024-25 ਦੇ ਸਰਕਾਰੀ ਰਜਿਸਟਰ ਜਾਂ ਰੋਜ਼ਾਨਾ ਡਾਇਰੀ ਵਿੱਚ ਕੋਈ ਇੰਦਰਾਜ ਨਹੀਂ ਕੀਤਾ ਗਿਆ ਸੀ। ਸ਼ਿਕਾਇਤਕਰਤਾ ਦੀ ਰਿਸ਼ਵਤ ਦੇਣ ਦੀ ਵੀਡੀਓ ਰਿਕਾਰਡ ਕੀਤੀ ਗਈ, ਜਿਸ ਵਿੱਚ ਅਸ਼ੋਕ ਕੁਮਾਰ ਪੈਸੇ ਕਬੂਲਦਾ ਸਾਫ਼ ਨਜ਼ਰ ਆ ਰਿਹਾ ਸੀ।

ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਸਬੰਧ ਵਿੱਚ ਵਿਜੀਲੈਂਸ ਬਿਓਰੋ ( Vigilance Bureau )  ਰੇਂਜ ਪੁਲਿਸ ਸਟੇਸ਼ਨ ਬਠਿੰਡਾ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਤੇ 7-ਏ ਦੇ ਤਹਿਤ ਦੋਵਾਂ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Read More: ਵਿਜੀਲੈਂਸ ਬਿਊਰੋ ਨੇ ਡਰਿੱਲ ਅਫ਼ਸਰ ਲਈ ਰਿਸ਼ਵਤ ਲੈਂਦਾ ਹੌਲਦਾਰ ਕੀਤਾ ਕਾਬੂ

 

Scroll to Top