ਚੰਡੀਗੜ੍ਹ, 22 ਜਨਵਰੀ 2025: Punjab Weather Today: ਅੱਜ ਪੰਜਾਬ ਦੇ ਮੌਸਮ ‘ਚ ਵੱਡਾ ਬਦਲਾਅ ਹੋ ਸਕਦਾ ਹੈ | ਮੌਸਮ ਵਿਭਾਗ ਮੁਤਾਬਕ ਅੱਜ ਸੂਬੇ ਦੇ 17 ਜ਼ਿਲ੍ਹਿਆਂ ‘ਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ‘ਚ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਕੁਝ ਥਾਵਾਂ ‘ਤੇ 2 ਦਿਨਾਂ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ।
ਹਾਲਾਂਕਿ, ਮੌਸਮ ਵਿਭਾਗ ਵੱਲੋਂ ਧੁੰਦ ਦੀ ਚਿਤਾਵਨੀ ਜਾਰੀ ਨਹੀਂ ਕੀਤੀ ਹੈ। ਜਿਨ੍ਹਾਂ ਜ਼ਿਲ੍ਹਿਆਂ ‘ਚ ਮੀਂਹ ਪੈਣ ਦੀ ਸੰਭਾਵਨਾ ਹੈ ਉਨ੍ਹਾਂ ‘ਚ ਮੋਹਾਲੀ, ਫਤਿਹਗੜ੍ਹ ਸਾਹਿਬ, ਬਠਿੰਡਾ, ਮਾਨਸਾ, ਬਰਨਾਲਾ, ਸੰਗਰੂਰ, ਪਟਿਆਲਾ, ਲੁਧਿਆਣਾ, ਰੂਪਨਗਰ, ਨਵਾਂ ਸ਼ਹਿਰ, ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਕਪੂਰਥਲਾ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਪਠਾਨਕੋਟ ਸ਼ਾਮਲ ਹਨ।
ਇਸ ਕਾਰਨ 24 ਘੰਟਿਆਂ ‘ਚ ਘੱਟੋ-ਘੱਟ ਤਾਪਮਾਨ 8-9 ਡਿਗਰੀ ਰਹਿਣ ਦੀ ਸੰਭਾਵਨਾ ਹੈ। ਭਾਵੇਂ ਠੰਢ ਤੋਂ ਰਾਹਤ ਮਿਲੀ ਹੈ| ਮਾਹਰਾਂ ਦਾ ਕਹਿਣਾ ਹੈ ਕਿ ਲਗਾਤਾਰ ਧੁੱਪ ਕਾਰਨ ਵਾਯੂਮੰਡਲ ਵਿੱਚ ਮੌਜੂਦ ਠੰਢਕ ਦੂਰ ਹੋਣੀ ਸ਼ੁਰੂ ਹੋ ਜਾਵੇਗੀ ਜਿਸ ਤੋਂ ਬਾਅਦ ਠੰਢ ਹੌਲੀ-ਹੌਲੀ ਘੱਟ ਜਾਵੇਗੀ।
ਪੰਜਾਬ ‘ਚ ਰਾਤਾਂ ਅਜੇ ਵੀ ਠੰਢੀਆਂ ਹਨ, ਇਸ ਦੇ ਨਾਲ ਹੀ ਘੱਟੋ-ਘੱਟ ਤਾਪਮਾਨ ਵੀ ਲਗਾਤਾਰ ਡਿੱਗ ਰਿਹਾ ਹੈ। ਕੱਲ੍ਹ ਦੇ ਮੁਕਾਬਲੇ ਔਸਤ ਘੱਟੋ-ਘੱਟ ਤਾਪਮਾਨ ‘ਚ 1.5 ਡਿਗਰੀ ਦੀ ਗਿਰਾਵਟ ਆਈ ਹੈ। ਫਾਜ਼ਿਲਕਾ ਦਾ ਅਬੋਹਰ ‘ਚ ਸਭ ਤੋਂ ਘੱਟ ਤਾਪਮਾਨ 6.2 ਡਿਗਰੀ ਦਰਜ ਕੀਤਾ ਗਿਆ।
ਸਾਰੇ ਜ਼ਿਲ੍ਹਿਆਂ ਦਾ ਰਾਤ ਦਾ ਤਾਪਮਾਨ ਛੇ ਡਿਗਰੀ ਤੋਂ ਦਸ ਡਿਗਰੀ ਦੇ ਵਿਚਕਾਰ ਦਰਜ ਕੀਤਾ ਗਿਆ। ਅੰਮ੍ਰਿਤਸਰ ‘ਚ ਤਾਪਮਾਨ 8.0 ਡਿਗਰੀ, ਲੁਧਿਆਣਾ ਵਿੱਚ 10 ਡਿਗਰੀ, ਪਟਿਆਲਾ ‘ਚ 9.1 ਡਿਗਰੀ, ਮੋਹਾਲੀ ‘ਚ 10.8 ਡਿਗਰੀ ਅਤੇ ਬਠਿੰਡਾ ‘ਚ 6.4 ਡਿਗਰੀ ਦਰਜ ਕੀਤਾ ਗਿਆ।
Read More: Punjab Weather: 20 ਜਨਵਰੀ ਤੋਂ ਸਰਗਰਮ ਹੋ ਰਹੀ ਪੱਛਮੀ ਗੜਬੜੀ, ਇਸ ਹਫਤੇ ਹੋਵੇਗੀ ਬਾਰਿਸ਼