IND vs BAN

IND vs BAN: ਭਾਰਤ ਦੀ ਬੰਗਲਾਦੇਸ਼ ਖ਼ਿਲਾਫ ਟੈਸਟ ‘ਚ ਤੂਫ਼ਾਨੀ ਬਲੇਬਾਜ਼ੀ, ਰਿਕਾਰਡਾਂ ਦੀ ਲਾਈ ਝੜੀ

ਚੰਡੀਗੜ੍ਹ, 30 ਸਤੰਬਰ 2024: (IND vs BAN 2nd Test match Live) ਬੰਗਲਾਦੇਸ਼ ਖ਼ਿਲਾਫ ਭਾਰਤੀ ਟੀਮ ਦੇ ਬੱਲੇਬਾਜ਼ਾਂ ਦਾ ਬੱਲਾ ਗਰਜ ਰਿਹਾ ਹੈ। ਕਾਨਪੁਰ ਟੈਸਟ ਦੇ ਚੌਥੇ ਦਿਨ ਭਾਰਤੀ ਬੱਲੇਬਾਜ਼ਾਂ ਨੇ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ ਇਕ ਹੋਰ ਰਿਕਾਰਡ ਆਪਣੇ ਨਾਂ ਕਰ ਲਿਆ ਹੈ । ਹੁਣ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਭਾਰਤੀ ਟੀਮ ਟੈਸਟ ਕ੍ਰਿਕਟ ‘ਚ ਸਭ ਤੋਂ ਤੇਜ਼ 200 ਦੌੜਾਂ ਪੂਰੀਆਂ ਕਰਨ ਵਾਲੀ ਪਹਿਲੀ ਟੀਮ ਬਣ ਗਈ ਹੈ। ਇਸ ਤੋਂ ਪਹਿਲਾਂ ਭਾਰਤ ਨੇ ਸਭ ਤੋਂ ਤੇਜ਼ 50, 100 ਅਤੇ 150 ਦੌੜਾਂ ਬਣਾਈਆਂ ਸਨ। ਟੀਮ ਨੇ ਇਸ ਮੈਚ ‘ਚ ਇਹ ਉਪਲਬਧੀ ਹਾਸਲ ਕੀਤੀ।

ਵਿਰਾਟ ਕੋਹਲੀ ਅਤੇ ਕੇਐੱਲ ਰਾਹੁਲ ਵਿਚਾਲੇ ਅਰਧ ਸੈਂਕੜੇ ਦੀ ਸਾਂਝੇਦਾਰੀ ਹੋਈ ਹੈ। ਭਾਰਤ ਨੇ ਚਾਰ ਵਿਕਟਾਂ ਗੁਆ ਕੇ 219 ਤੋਂ ਵੱਧ ਦੌੜਾਂ ਬਣਾਈਆਂਲਈਆਂ ਹਨ ਅਤੇ ਪਾਰੀ ਜਾਰੀ ਹੈ । ਇਸ ਸਮੇਂ ਵਿਰਾਟ ਕੋਹਲੀ 41 ਦੌੜਾਂ ਅਤੇ ਕੇਐੱਲ ਰਾਹੁਲ 30 ਦੌੜਾਂ ਨਾਲ ਕਰੀਜ਼ ‘ਤੇ ਹਨ। ਦੋਵਾਂ ਵਿਚਾਲੇ ਹੁਣ ਤੱਕ 40 ਗੇਂਦਾਂ ‘ਚ 60 ਦੌੜਾਂ ਦੀ ਸਾਂਝੇਦਾਰੀ ਹੋ ਚੁੱਕੀ ਹੈ।

ਭਾਰਤ ਨੂੰ ਚੌਥਾ ਝਟਕਾ 159 ਦੇ ਸਕੋਰ ‘ਤੇ ਲੱਗਾ ਹੈ । ਸ਼ਾਕਿਬ ਅਲ ਹਸਨ ਨੇ ਰਿਸ਼ਭ ਪੰਤ ਨੂੰ ਹਸਨ ਮਹਿਮੂਦ ਹੱਥੋਂ ਕੈਚ ਕਰਵਾਇਆ। ਪੰਤ ਨੌਂ ਦੌੜਾਂ ਹੀ ਬਣਾ ਸਕਿਆ। ਫਿਲਹਾਲ ਕੇਐੱਲ ਰਾਹੁਲ ਅਤੇ ਵਿਰਾਟ ਕੋਹਲੀ ਕ੍ਰੀਜ਼ ‘ਤੇ ਹਨ। ਇਸ ਤੋਂ ਪਹਿਲਾਂ ਸ਼ਾਕਿਬ ਨੇ ਸ਼ੁਭਮਨ ਗਿੱਲ ਨੂੰ ਪੈਵੇਲੀਅਨ ਭੇਜਿਆ ਸੀ। ਸ਼ੁਭਮਨ 39 ਦੌੜਾਂ ਬਣਾ ਕੇ ਆਊਟ ਹੋ ਗਏ।

Read More: ਨੇਪਾਲ ‘ਚ ਮੀਂਹ ਤੇ ਹੜ੍ਹਾਂ ਦਾ ਕਹਿਰ ਜਾਰੀ, 3 ਦਿਨਾਂ ਲਈ ਸਾਰੇ ਸਕੂਲ ਰਹਿਣਗੇ ਬੰਦ

ਬੰਗਲਾਦੇਸ਼ (IND vs BAN) ਦੀ ਪਹਿਲੀ ਪਾਰੀ 233 ਦੌੜਾਂ ‘ਤੇ ਸਮਾਪਤ ਹੋ ਗਈ। ਅੱਜ ਬੰਗਲਾਦੇਸ਼ ਦੀ ਟੀਮ ਨੇ ਤਿੰਨ ਵਿਕਟਾਂ ‘ਤੇ 107 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਅਤੇ 126 ਦੌੜਾਂ ‘ਤੇ ਬਾਕੀ ਦੀਆਂ ਸੱਤ ਵਿਕਟਾਂ ਗੁਆ ਦਿੱਤੀਆਂ। ਜਡੇਜਾ ਨੇ ਖਾਲਿਦ ਅਹਿਮਦ (0) ਨੂੰ ਆਖਰੀ ਵਿਕਟ ਦੇ ਤੌਰ ‘ਤੇ ਆਊਟ ਕੀਤਾ। ਇਹ ਉਨ੍ਹਾਂ ਦੇ ਟੈਸਟ ਕਰੀਅਰ ਦਾ 300ਵਾਂ ਵਿਕਟ ਸੀ। ਉਥੇ ਹੀ ਮੋਮਿਨੁਲ ਹੱਕ 107 ਦੌੜਾਂ ਬਣਾ ਕੇ ਅਜੇਤੂ ਰਹੇ।

ਬੰਗਲਾਦੇਸ਼ ਨੂੰ ਅੱਜ ਪਹਿਲਾ ਝਟਕਾ ਮੁਸ਼ਫਿਕੁਰ ਰਹੀਮ ਦੇ ਰੂਪ ‘ਚ ਲੱਗਾ। ਉਹ 11 ਦੌੜਾਂ ਹੀ ਬਣਾ ਸਕਿਆ। ਇਸ ਤੋਂ ਬਾਅਦ ਲਿਟਨ ਦਾਸ 13 ਦੌੜਾਂ ਬਣਾ ਕੇ ਆਊਟ ਹੋ ਗਏ ਅਤੇ ਸ਼ਾਕਿਬ ਅਲ ਹਸਨ 9 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਮੇਹਦੀ ਹਸਨ ਮਿਰਾਜ ਨੇ ਮੋਮਿਨੁਲ ਹੱਕ ਨਾਲ ਸੱਤਵੇਂ ਵਿਕਟ ਲਈ 54 ਦੌੜਾਂ ਦੀ ਸਾਂਝੇਦਾਰੀ ਕੀਤੀ।

ਇਸ ਦੌਰਾਨ ਮੋਮਿਨੁਲ ਨੇ ਆਪਣੇ ਟੈਸਟ ਕਰੀਅਰ ਦਾ 12ਵਾਂ ਸੈਂਕੜਾ ਲਗਾਇਆ। ਮੇਹਦੀ 20 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਦੇ ਨਾਲ ਹੀ ਤਾਇਜੁਲ ਪੰਜ ਦੌੜਾਂ ਬਣਾ ਕੇ ਆਊਟ ਹੋ ਗਏ ਅਤੇ ਹਸਨ ਮਹਿਮੂਦ ਇਕ ਦੌੜ ਬਣਾ ਕੇ ਆਊਟ ਹੋ ਗਏ। ਜਡੇਜਾ ਨੇ ਖਾਲਿਦ ਨੂੰ ਆਊਟ ਕਰਕੇ ਬੰਗਲਾਦੇਸ਼ ਦੀ ਪਾਰੀ 233 ਦੌੜਾਂ ‘ਤੇ ਸਮੇਟ ਦਿੱਤੀ।

Scroll to Top