ਚੰਡੀਗੜ੍ਹ, 04 ਮਈ 2026: ਪੰਜਾਬ ਵਿਜੀਲੈਂਸ ਬਿਊਰੋ ਨੇ ਨਰੇਸ਼ ਕੁਮਾਰ ਵਸੀਕਾ ਨਵੀਸ, ਪਟਿਆਲਾ ਖ਼ਿਲਾਫ 15000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਇਸ ਸੰਬੰਧੀ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਕਿਹਾ ਕਿ ਇਹ ਮਾਮਲਾ ਪ੍ਰੋਫੈਸਰ ਕਲੋਨੀ ਚੀਕਾ ਜ਼ਿਲ੍ਹਾ ਕੈਥਲ, ਹਰਿਆਣਾ ਦੇ ਇੱਕ ਨਿਵਾਸੀ ਵੱਲੋਂ ਮੁੱਖ ਮੰਤਰੀ ਦੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਪੋਰਟਲ ’ਤੇ ਦਰਜ ਕਰਵਾਈ ਗਈ ਸ਼ਿਕਾਇਤ ਤੋਂ ਬਾਅਦ ਦਰਜ ਕੀਤਾ ਹੈ।
ਵਿਜੀਲੈਂਸ ਮੁਤਾਬਕ ਸ਼ਿਕਾਇਤਕਰਤਾ ਦੇ ਰਿਸ਼ਤੇਦਾਰ ਨੇ ਜ਼ਿਲ੍ਹਾ ਪਟਿਆਲਾ ‘ਚ ਜ਼ਮੀਨ ਖਰੀਦੀ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਮੁਲਜ਼ਮ ਨਰੇਸ਼ ਕੁਮਾਰ ਵਸੀਕਾ ਨਵੀਸ ਨੇ ਸ਼ਿਕਾਇਤਕਰਤਾ ਦੇ ਰਿਸ਼ਤੇਦਾਰ ਦੀ ਜ਼ਮੀਨ ਦੀ ਰਜਿਸਟ੍ਰੀ ਕਰਨ ਦੇ ਬਦਲੇ 15 ਹਜ਼ਾਰ ਰੁਪਏ ਰਿਸ਼ਵਤ ਲਈ। ਮੁਲਜ਼ਮ ਵਸੀਕਾ ਨਵੀਸ ਨੇ ਰਿਸ਼ਵਤ ਲੈਂਦੇ ਸਮੇਂ ਤਹਿਸੀਲਦਾਰ ਦੇ ਡਰਾਈਵਰ ਅਤੇ ਪਟਵਾਰੀ ਨੂੰ ਮੌਕੇ ’ਤੇ ਬੁਲਾਇਆ।
ਇਸ ਤੋਂ ਬਾਅਦ ਤਹਿਸੀਲਦਾਰ ਨੇ ਉਸਦੀ ਰਜਿਸਟ੍ਰੀ ਦਰਜ ਕਰ ਦਿੱਤੀ ਸੀ। ਸ਼ਿਕਾਇਤਕਰਤਾ ਨੇ ਰਿਸ਼ਵਤ ਮੰਗਣ ਦੀ ਪੂਰੀ ਗੱਲਬਾਤ ਰਿਕਾਰਡ ਕਰ ਲਈ ਸੀ। ਇਸ ਮਾਮਲੇ ‘ਚ ਉਕਤ ਮੁਲਜ਼ਮ ਖ਼ਿਲਾਫ ਵਿਜੀਲੈਂਸ ਬਿਊਰੋ ਪੁਲਿਸ ਸਟੇਸ਼ਨ ਪਟਿਆਲਾ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕੀਤਾ ਹੈ ਅਤੇ ਮਾਮਲੇ ਦੀ ਹੋਰ ਜਾਂਚ ਜਾਰੀ ਹੈ।
Read More: ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਕ.ਤ.ਲ ਮਾਮਲੇ ਦਾ ਆਖਰੀ ਸ਼ੂਟਰ ਤ੍ਰਿਪੁਰਾ ਤੋਂ ਗ੍ਰਿਫ਼ਤਾਰ




