ਪੰਜਾਬ, 09 ਸਤੰਬਰ 2026: ਪੰਜਾਬ ਕਾਂਗਰਸ ਅੰਦਰ ਚੱਲ ਰਹੀ ਧੜੇਬੰਦੀ ਦੇ ਵਿਚਾਲੇ, ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਬੁੱਧਵਾਰ ਨੂੰ ਪਾਰਟੀ ਦੇ ਨਵ-ਨਿਯੁਕਤ ਸੂਬਾ ਇੰਚਾਰਜ ਸਚਿਨ ਪਾਇਲਟ ਨਾਲ ਮੁਲਾਕਾਤ ਕੀਤੀ ਹੈ। ਉਨ੍ਹਾਂ ਤੋਂ ਇਲਾਵਾ ਸੰਸਦ ਮੈਂਬਰ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਨੇ ਵੀ ਪਾਇਲਟ ਨਾਲ ਮੁਲਾਕਾਤ ਕੀਤੀ।
ਮੁਲਾਕਾਤ ਤੋਂ ਬਾਅਦ, ਚੰਨੀ ਨੇ ਕਾਂਗਰਸ ਹਾਈਕਮਾਨ ਵੱਲੋਂ ਪੰਜਾਬ ਇੰਚਾਰਜ ਦੀ ਤਬਦੀਲੀ ਨੂੰ ਸਹੀ ਫੈਸਲਾ ਦੱਸਿਆ, ਉਨ੍ਹਾਂ ਕਿਹਾ ਕਿ ਪਾਇਲਟ ਦੇ ਆਉਣ ਨਾਲ ਸੂਬੇ ‘ਚ ਕਾਂਗਰਸ ਲਈ ਸਕਾਰਾਤਮਕ ਮਾਹੌਲ ਬਣਿਆ ਹੈ ਅਤੇ ਪਾਰਟੀ ਵਰਕਰਾਂ ‘ਚ ਨਵੀਂ ਊਰਜਾ ਅਤੇ ਉਤਸ਼ਾਹ ਪੈਦਾ ਹੋਇਆ ਹੈ।
ਚੰਨੀ ਨੇ ਕਿਹਾ ਕਿ ਪੰਜਾਬ ਦੇ ਲੋਕ ਸਚਿਨ ਪਾਇਲਟ ਨੂੰ ਪਸੰਦ ਕਰਦੇ ਹਨ। ਪੰਜਾਬ ਇੰਚਾਰਜ ਵਜੋਂ ਉਨ੍ਹਾਂ ਦੀ ਨਿਯੁਕਤੀ ਨੇ ਪਾਰਟੀ ਵਰਕਰਾਂ ‘ਚ ਨਵੀਂ ਉਮੀਦ ਜਗਾਈ ਹੈ, ਸਾਰੇ ਆਗੂ ਖੁਸ਼ ਹਨ ਅਤੇ ਅਸੀਂ ਪੰਜਾਬ ਵਿੱਚ ਸਰਕਾਰ ਬਣਾਵਾਂਗੇ। ਉਨ੍ਹਾਂ ਕੇਂਦਰੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਅਤੇ ਉਮੀਦ ਪ੍ਰਗਟ ਕੀਤੀ ਕਿ ਪਾਇਲਟ ਭਵਿੱਖ ‘ਚ ਪਾਰਟੀ ਦੇ ਅੰਦਰ ਬਿਹਤਰ ਸ਼ਾਸਨ ਸਥਾਪਤ ਕਰਨਗੇ ਅਤੇ ਸਾਰੇ ਆਗੂਆਂ ਅਤੇ ਵਰਕਰਾਂ ਨੂੰ ਨਾਲ ਲੈ ਕੇ ਅੱਗੇ ਵਧਣਗੇ।
Read More: ਜਲੰਧਰ ਵਿਖੇ ਈਡੀ ਦਫ਼ਤਰ ਪਹੁੰਚੇ ਸਾਬਕਾ ਮੁੱਖ ਸਕੱਤਰ ਅਨੁਰਾਗ ਵਰਮਾ




