ਵਿਦੇਸ਼, 13 ਜੁਲਾਈ 2026: ਅਮਰੀਕਾ ਨੇ ਐਤਵਾਰ ਨੂੰ ਈਰਾਨ ਦੇ ਕਰੀਬ 140 ਟਿਕਾਣਿਆਂ ‘ਤੇ ਮਿਜ਼ਾਈਲ ਅਤੇ ਡਰੋਨ ਹਮਲੇ ਕੀਤੇ ਹਨ| ਇਸਦੇ ਜਵਾਬ ‘ਚ ਈਰਾਨ ਨੇ ਸੋਮਵਾਰ ਨੂੰ ਕੁਵੈਤ ਅਤੇ ਬਹਿਰੀਨ ‘ਚ ਅਮਰੀਕੀ ਫੌਜੀ ਠਿਕਾਣਿਆਂ ‘ਤੇ ਹਮਲਾ ਕਰਨ ਦਾ ਦਾਅਵਾ ਕੀਤਾ ਹੈ| ਆਈਆਰਜੀਸੀ ਦੇ ਅਨੁਸਾਰ, ਕੁਵੈਤ ਦੇ ਅਲੀ ਅਲ-ਸਲੇਮ ਏਅਰ ਬੇਸ ‘ਤੇ ਬਾਲਣ ਟੈਂਕਾਂ ਅਤੇ ਪੈਟ੍ਰਿਅਟ ਏਅਰ ਡਿਫੈਂਸ ਸਿਸਟਮ ਨੂੰ ਨਿਸ਼ਾਨਾ ਬਣਾਇਆ ਗਿਆ, ਇਸਦੇ ਨਾਲ ਹੀ ਅਹਿਮਦ ਅਲ-ਜਾਬਰ ਏਅਰ ਬੇਸ ‘ਤੇ ਰਾਡਾਰ ਸਿਸਟਮ ਨੂੰ ਵੀ ਨਿਸ਼ਾਨਾ ਬਣਾਇਆ ਗਿਆ|
ਇਸ ਤੋਂ ਪਹਿਲਾਂ, ਆਈਆਰਜੀਸੀ ਨੇ ਬਹਿਰੀਨ ਦੇ ਸ਼ੇਖ ਈਸਾ ਏਅਰ ਬੇਸ ‘ਤੇ ਵੀ ਹਮਲਾ ਕਰਨ ਦਾ ਦਾਅਵਾ ਕੀਤਾ ਸੀ| ਸੰਗਠਨ ਦੇ ਮੁਤਾਬਕ, ਉੱਥੇ ਇੱਕ ਹੈਲੀਕਾਪਟਰ ਰੱਖ-ਰਖਾਅ ਕੇਂਦਰ, ਇੱਕ ਪੀ-8 ਏਅਰਕ੍ਰਾਫਟ ਹੈਂਗਰ, ਅਤੇ ਇੱਕ ਅਮਰੀਕੀ ਫੌਜੀ ਡਰੋਨ ਕਮਾਂਡ ਅਤੇ ਕੰਟਰੋਲ ਸੈਂਟਰ ਨੂੰ ਨਿਸ਼ਾਨਾ ਬਣਾਇਆ ਗਿਆ ਸੀ|
ਇਸ ਦੌਰਾਨ, ਈਰਾਨ ਦੇ ਮੋਹਸੇਨ ਰੇਜ਼ਾਈ ਨੇ ਕਿਹਾ ਹੈ ਕਿ ਹੋਰਮੁਜ਼ ਜਲਡਮਰੂ ਈਰਾਨ ਲਈ ਕਈ ਪਰਮਾਣੂ ਬੰਬਾਂ ਨਾਲੋਂ ਜ਼ਿਆਦਾ ਮਹੱਤਵਪੂਰਨ ਹੈ| ISNA ਨਿਊਜ਼ ਏਜੰਸੀ ਦੇ ਮੁਤਾਬਕ, ਰੇਜ਼ਾਈ ਨੇ ਕਿਹਾ ਕਿ ਈਰਾਨ ਹਰ ਕੀਮਤ ‘ਤੇ ਹੋਰਮੁਜ਼ ਜਲਡਮਰੂ ਦੀ ਰੱਖਿਆ ਕਰੇਗਾ|
ਈਰਾਨ ਦੇ ਵਿਦੇਸ਼ ਮੰਤਰਾਲੇ ਨੇ ਪਿਛਲੇ 24 ਘੰਟਿਆਂ ਦੌਰਾਨ ਅਮਰੀਕੀ ਫੌਜੀ ਹਮਲਿਆਂ ਦੀ ਸਖ਼ਤ ਨਿੰਦਾ ਕੀਤੀ ਹੈ, ਉਨ੍ਹਾਂ ਨੂੰ ਸੰਯੁਕਤ ਰਾਸ਼ਟਰ ਚਾਰਟਰ ਦੀ ਘੋਰ ਉਲੰਘਣਾ ਦੱਸਿਆ ਹੈ। ਮੰਤਰਾਲੇ ਨੇ ਦੋਸ਼ ਲਗਾਇਆ ਹੈ ਕਿ ਇਹ ਹਮਲੇ ਪੱਛਮੀ ਏਸ਼ੀਆ ‘ਚ ਤਣਾਅ ਘਟਾਉਣ ਦੀਆਂ ਹਾਲੀਆ ਕੋਸ਼ਿਸ਼ਾਂ ਨੂੰ ਕਮਜ਼ੋਰ ਕਰਦੇ ਹਨ।|
ਵਿਦੇਸ਼ ਮੰਤਰਾਲੇ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਦੇਸ਼ ਈਰਾਨ ਵਿਰੁੱਧ ਫੌਜੀ ਕਾਰਵਾਈਆਂ ਲਈ ਆਪਣੇ ਖੇਤਰ ਜਾਂ ਫੌਜੀ ਸਹੂਲਤਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੰਦਾ ਹੈ, ਤਾਂ ਈਰਾਨੀ ਹਥਿਆਰਬੰਦ ਬਲ ਸਵੈ-ਰੱਖਿਆ ‘ਚ ਅਜਿਹੇ ਹਮਲਿਆਂ ਦੇ ਸਰੋਤ ਨੂੰ “ਜਾਇਜ਼ ਫੌਜੀ ਨਿਸ਼ਾਨੇ” ਵਜੋਂ ਵਿਚਾਰ ਸਕਦੇ ਹਨ|
Read More: Thailand News: ਬੈਂਕਾਕ ਦੇ ਪੱਬ ‘ਚ ਲੱਗੀ ਭਿਆਨਕ ਅੱ.ਗ, 27 ਜਣਿਆਂ ਦੀ ਗਈ ਜਾਨ




