ਤਰਨਤਾਰਨ 01 ਨਵੰਬਰ 2022: ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਦੇ ਅਧੀਨ ਪੈਂਦੇ ਪਿੰਡ ਡੱਲ ਵਿਖੇ ਜ਼ਮੀਨੀ ਵਿਵਾਦ ਨੂੰ ਲੈ ਕੇ ਭਤੀਜੇ ਨੇ ਆਪਣੇ ਚਾਚੇ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਜਸਬੀਰ ਸਿੰਘ ਫ਼ੌਜੀ ਪੁੱਤਰ ਵਿਰਸਾ ਸਿੰਘ ਦੀ ਪਤਨੀ ਦਵਿੰਦਰ ਕੌਰ ਨੇ ਦੱਸਿਆ ਕਿ ਘਰੇਲੂ ਵੰਡ ਵਿਚ ਆਉਂਦੀ ਜ਼ਮੀਨ ਜਿਸ ਦਾ ਠੇਕਾ ਉਨ੍ਹਾਂ ਵੱਲੋਂ ਚਾਰ ਲੱਖ ਰੁਪਏ ਲੈ ਜਾਣਾ ਸੀ |
ਪਰ ਨਛੱਤਰ ਸਿੰਘ ਜੋ ਕਿ ਇਸ ‘ਤੇ ਆਪਣਾ ਹੱਕ ਜਤਾਉਂਦਾ ਸੀ ਅਤੇ ਇਸੇ ਗੱਲ ਨੂੰ ਲੈ ਕੇ ਨਛੱਤਰ ਸਿੰਘ ਪੁੱਤਰ ਪ੍ਰਗਟ ਸਿੰਘ ਸਾਡੇ ਨਾਲ ਲਾਗਡਾਟ ਰੱਖਦਾ ਸੀ ਅਤੇ ਜਦ ਇਸ ਸਬੰਧੀ ਅੱਜ ਫ਼ੈਸਲਾ ਕਰਵਾਉਣ ਲੱਗੇ ਤਾਂ ਨਛੱਤਰ ਸਿੰਘ ਨੇ ਆਪਣੇ ਪਿਸਤੌਲ ਨਾਲ ਮੋਹਤਬਰਾਂ ਦੀ ਹਾਜ਼ਰੀ ਵਿੱਚ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀਆਂ ਅਤੇ ਇਹ ਗੋਲੀਆਂ ਉਨ੍ਹਾਂ ਦੇ ਪਤੀ ਜਸਬੀਰ ਸਿੰਘ ਦੀ ਛਾਤੀ ਵਿੱਚ ਜਾ ਲੱਗੀ | ਜਿਸ ਕਾਰਨ ਜਸਬੀਰ ਸਿੰਘ ਦੀ ਉੱਥੇ ਮੌਕੇ ਤੇ ਹੀ ਮੌਤ ਹੋ ਗਈ |
ਇਸ ਦੌਰਾਨ ਇੱਕ ਗੋਲੀ ਉਸ ਦੇ ਲੜਕੇ ਦਲੇਰ ਸਿੰਘ ਨੂੰ ਲੱਗੀ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ ਹੈ ਜਿਸ ਨੂੰ ਭਿੱਖੀਵਿੰਡ ਦੇ ਇਕ ਪ੍ਰਾਈਵੇਟ ਹੌਸਪਿਟਲ ਵਿਖੇ ਦਾਖਲ ਕਰਵਾਇਆ ਗਿਆ ਹੈ, ਉਧਰ ਮੌਕੇ ਤੇ ਪਹੁੰਚੀ ਥਾਣਾ ਖਾਲੜਾ ਦੇ ਐੱਸਐੱਚਓ ਲਖਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ |