ਰੀਜਨਲ ਟਰਾਂਸਪੋਰਟ ਅਫ਼ਸਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਬੱਸਾਂ ਦੀ ਕੀਤੀ ਚੈਕਿੰਗ

Safe School Vehicle Policy

ਪਟਿਆਲਾ, 20 ਅਪ੍ਰੈਲ 2024: ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਸੇਫ ਸਕੂਲ ਵਾਹਨ ਪਾਲਿਸੀ (Safe School Vehicle Policy) ਨੂੰ ਸਖਤੀ ਨਾਲ ਲਾਗੂ ਕਰਨ ਲਈ ਰੀਜ਼ਨਲ ਟਰਾਂਸਪੋਰਟ ਅਫ਼ਸਰ ਦੀਪਜੋਤ ਕੌਰ ਨੇ ਅੱਜ ਮੁੜ ਸਕੂਲੀ ਬੱਸਾਂ ਦੀ ਅਚਨਚੇਤ ਚੈਕਿੰਗ ਕੀਤੀ। ਉਨ੍ਹਾਂ ਦੇ ਨਾਲ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਸ਼ਾਇਨਾ ਕਪੂਰ ਵੀ ਮੌਜੂਦ ਸਨ।

ਦੀਪਜੋਤ ਕੌਰ ਨੇ ਦੱਸਿਆ ਕਿ ਚੈਕਿੰਗ ਦੌਰਾਨ ਫਸਟ ਏਡ ਬਾਕਸ ਵਿੱਚ ਐਕਸਪਾਇਰੀ ਤਰੀਕ ਲੰਘੀਆਂ ਦਵਾਈਆਂ ਹੋਣ ਬੱਸਾਂ ਵਿੱਚ ਸੀ.ਸੀ.ਟੀ.ਵੀ. ਕੈਮਰੇ, ਫਸਟ ਏਡ ਬਾਕਸ ਤੇ ਸਪੀਡ ਗਵਰਨਰ ਨਾ ਹੋਣ ‘ਤੇ 22 ਸਕੂਲ ਵਾਹਨਾਂ/ਬੱਸਾਂ ਦੇ ਚਲਾਨ ਕੀਤੇ ਗਏ। ਉਨ੍ਹਾਂ ਕਿਹਾ ਕਿ ਅਜਿਹੀ ਚੈਕਿੰਗ ਭਵਿੱਖ ਵਿੱਚ ਨਿਰੰਤਰ ਜਾਰੀ ਰਹੇਗੀ ਅਤੇ ਸੇਫ਼ ਸਕੂਲ ਵਾਹਨ ਪਾਲਿਸੀ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਵਾਲੇ ਸਾਰੇ ਵਾਹਨਾਂ ਉੱਪਰ ਬਣਦੀ ਕਾਰਵਾਈ ਕੀਤੀ ਜਾਵੇਗੀ।

ਆਰ.ਟੀ.ਓ. ਦੀਪਜੋਤ ਕੌਰ ਨੇ ਦੱਸਿਆ ਕਿ ਅੱਜ ਸਰਹਿੰਦ ਰੋਡ ‘ਤੇ ਸਕੂਲਾਂ ਦੀਆਂ ਬੱਸਾਂ ਦੀ ਚੈਕਿੰਗ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਚੈਕਿੰਗ ਸਮੇਂ ਉਨ੍ਹਾਂ ਸਕੂਲ ਅਮਲੇ ਅਤੇ ਬੱਸ ਡਰਾਈਵਰਾਂ ਨੂੰ ਦੱਸਿਆ ਕਿ ਪਾਲਿਸੀ (Safe School Vehicle Policy) ਮੁਤਾਬਕ ਸਕੂਲ ਬੱਸਾਂ ਦਾ ਰੰਗ ਪੀਲਾ ਹੋਣਾ ਚਾਹੀਦਾ ਹੈ। ਬੱਸ ਦੇ ਅੱਗੇ ‘ਸਕੂਲ ਬੱਸ’ ਲਿਖ਼ਿਆ ਹੋਵੇ। ਡਰਾਈਵਰ ਦੇ ਵਰਦੀ ਪਾਈ ਹੋਵੇ ਅਤੇ ਉਸ ਕੋਲ ਹੈਵੀ ਲਾਇਸੈਂਸ ਹੋਵੇ। ਬੱਸ ਵਿੱਚ ਫ਼ਸਟ ਏਡ ਬਾਕਸ, ਅੱਗ ਬੁਝਾਊ ਯੰਤਰ, ਸੀਸੀਟੀਵੀ ਕੈਮਰੇ ਲੱਗੇ ਹੋਣੇ ਚਾਹੀਦੇ ਹਨ।

ਦੀਪਜੋਤ ਕੌਰ ਨੇ ਹੋਰ ਕਿਹਾ ਕਿ ਜੇਕਰ ਬੱਸ ਵਿੱਚ ਲੜਕੀਆਂ ਸਫ਼ਰ ਕਰਦੀਆਂ ਹਨ ਤਾਂ ਬੱਸ ਵਿੱਚ ਲੇਡੀ ਅਟੈਂਡੈਂਟ ਹੋਣੀ ਚਾਹੀਦੀ ਹੈ। ਸਪੀਡ ਗਵਰਨਰ ਅਤੇ ਸਟਾਪ ਸਾਈਨ ਲੱਗੇ ਹੋਣੇ ਚਾਹੀਦੇ ਹਨ।ਸਕੂਲੀ ਬੱਸਾਂ ਦੇ ਡਰਾਈਵਰ ਬੱਸ ਚਲਾਉਂਦੇ ਸਮੇਂ ਮੋਬਾਇਲ ਫੋਨ ਦੀ ਵਰਤੋਂ ਨਾ ਕਰਨ ਤੇ ਨਾ ਹੀ ਕੋਈ ਨਸ਼ਾ ਕਰਕੇ ਸਕੂਲੀ ਵਾਹਨ ਚਲਾਉਣ ਅਤੇ ਟ੍ਰੈਫਿਕ ਨਿਯਮਾਂ ਦਾ ਪਾਲਣ ਵੀ ਯਕੀਨੀ ਕੀਤਾ ਜਾਵੇਗਾ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।