ਪਟਿਆਲਾ, 7 ਅਗਸਤ : ਅਮਰੀਕਾ ਵਿਚ ਕਮਾਈ ਕਰਨ ਗਏ ਪੰਜਾਬੀ ਨੌਜਵਾਨ ਦਾ ਅਣਪਛਾਤਿਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਜਾਣਕਾਰੀ ਅਨੁਸਾਰ ਜ਼ਿਲ੍ਹਾ ਪਟਿਆਲਾ ਦੇ ਪਿੰਡ ਅਤਾਲਾਂ ਦਾ 24 ਸਾਲਾ ਖੁਸ਼ਕਰਨਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ
ਕਰੀਬ ਪੰਜ ਸਾਲ ਪਹਿਲਾਂ ਆਪਣੇ ਚੰਗੇ ਭਵਿੱਖ ਦੀ ਆਸ ਨਾਲ ਅਮਰੀਕਾ ਗਿਆ ਸੀ ਅਤੇ ਉੱਥੇ ਕੈਲੀਫੋਰਨੀਆ ਵਿੱਚ ਟਰਾਲਾ ਚਲਾਉਣ ਦਾ ਕੰਮ ਕਰਦਾ ਸੀ।
ਦੱਸਿਆ ਜਾ ਰਿਹਾ ਹੈ ਕਿ ਘਟਨਾ ਵਾਲੇ ਦਿਨ ਖੁਸ਼ਕਰਨਦੀਪ ਸਿੰਘ ਆਪਣੀ ਕਾਰ ਵਿੱਚ ਸਵਾਰ ਹੋ ਕੇ ਜਾ ਰਿਹਾ ਸੀ। ਰਸਤੇ ਵਿੱਚ ਅਣਪਛਾਤੇ ਹਮਲਾਵਰਾਂ ਨੇ ਉਸ ਉੱਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਤੋਂ ਬਾਅਦ ਹਮਲਾਵਰ ਉਸ ਦੀ ਲਾਸ਼ ਨੂੰ ਜੰਗਲ ਵਿੱਚ ਸੁੱਟ ਕੇ ਫ਼ਰਾਰ ਹੋ ਗਏ।
ਬੀਤੀ 30 ਜੁਲਾਈ ਤੋਂ ਜਦੋਂ ਖੁਸ਼ਕਰਨਦੀਪ ਦਾ ਫੋਨ ਲਗਾਤਾਰ ਬੰਦ ਆਉਣ ਲੱਗਾ ਤਾਂ ਪਰਿਵਾਰ ਦੀ ਚਿੰਤਾ ਵਧ ਗਈ। ਪਰਿਵਾਰ ਵੱਲੋਂ ਅਮਰੀਕਾ ਰਹਿੰਦੇ ਰਿਸ਼ਤੇਦਾਰਾਂ ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਉਨ੍ਹਾਂ ਸਥਾਨਕ ਪੁਲਿਸ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ। ਪੁਲਿਸ ਵੱਲੋਂ ਸ਼ੁਰੂ ਕੀਤੀ ਗਈ ਛਾਣਬੀਣ ਦੌਰਾਨ ਲੰਘੇ ਕੱਲ੍ਹ ਇੱਕ ਜੰਗਲ ਵਿੱਚੋਂ ਉਸ ਦੀ ਲਾਸ਼ ਬਰਾਮਦ ਕੀਤੀ ਗਈ।
ਅਮਰੀਕੀ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਘਟਨਾ ਦੇ ਅਸਲ ਕਾਰਨਾਂ ਦਾ ਅਜੇ ਤੱਕ ਸਪੱਸ਼ਟ ਪਤਾ ਨਹੀਂ ਲੱਗ ਸਕਿਆ, ਪਰ ਖ਼ਦਸ਼ਾ ਜਤਾਇਆ ਜਾ ਰਹਾ ਹੈ ਕਿ ਕਿਸੇ ਲੁੱਟ-ਖੋਹ ਦੀ ਨੀਅਤ ਨਾਲ ਲੁਟੇਰਿਆਂ ਨੇ ਇਸ ਮਿਹਨਤੀ ਨੌਜਵਾਨ ਦੀ ਜਾਨ ਲਈ ਹੈ। ਪੁਲਿਸ ਮੁਤਾਬਕ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਕਤਲ ਨਾਲ ਜੁੜੇ ਹੋਰ ਅਹਿਮ ਸੁਰਾਗ ਸਾਹਮਣੇ ਆ ਸਕਣਗੇ।
Read More : ਥਾਈਲੈਂਡ ਦੇ ਇੱਕ ਸਕੂਲ ‘ਚ ਗੋ.ਲੀ.ਬਾ.ਰੀ ਦੀ ਘਟਨਾ, 15 ਤੋਂ ਵੱਧ ਜਣੇ ਜ਼ਖਮੀ




