ਢਾਕਾ, 6 ਅਗਸਤ : ਬੰਗਲਾਦੇਸ਼ ਵਿਚ ਰਾਸ਼ਟਰਪਤੀ ਅਹੁਦੇ ਲਈ ਚੋਣ ਦਾ ਐਲਾਨ ਕਰ ਦਿੱਤਾ ਗਿਆ ਹੈ। ਅੱਜ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਪ੍ਰੋਗਰਾਮ ਤਹਿਤ ਦੇਸ਼ ਵਿਚ ਨਵੇਂ ਰਾਸ਼ਟਰਪਤੀ ਦੀ ਚੋਣ ਲਈ 20 ਅਗਸਤ ਨੂੰ ਵੋਟਿੰਗ ਹੋਵੇਗੀ।
ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਕਰੀਬੀ ਮੰਨੇ ਜਾਂਦੇ ਮੁਹੰਮਦ ਸ਼ਹਾਬੁੱਦੀਨ ਵੱਲੋਂ ਆਪਣਾ ਕਾਰਜਕਾਲ ਪੂਰਾ ਹੋਣ ਤੋਂ ਦੋ ਸਾਲ ਪਹਿਲਾਂ ਹੀ 24 ਜੁਲਾਈ ਨੂੰ ਦਿੱਤੇ ਅਸਤੀਫ਼ੇ ਤੋਂ ਬਾਅਦ ਇਹ ਚੋਣ ਕਰਵਾਉਣੀ ਲਾਜ਼ਮੀ ਹੋ ਗਈ ਸੀ। ਚੋਣ ਕਮਿਸ਼ਨ ਸਕੱਤਰੇਤ ਦੇ ਸੀਨੀਅਰ ਸਕੱਤਰ ਅਖਤਰ ਅਹਿਮਦ ਨੇ ਵੀਰਵਾਰ ਨੂੰ ਦੱਸਿਆ ਕਿ ਵੋਟਿੰਗ 20 ਅਗਸਤ ਨੂੰ ਦੁਪਹਿਰ 2:00 ਵਜੇ ਤੋਂ ਸ਼ਾਮ 5:00 ਵਜੇ ਤੱਕ ‘ਜਾਤੀਓ ਸੰਸਦ’ (ਦੇਸ਼ ਦੀ ਸੰਸਦ) ਦੇ ਸੈਸ਼ਨ ਹਾਲ ਵਿੱਚ ਹੋਵੇਗੀ।
ਇਸ ਦੌਰਾਨ ਚੋਣ ਲਈ ਨਿਰਧਾਰਤ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਮਿਤੀ 13 ਅਗਸਤ (ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਮੁੱਖ ਚੋਣ ਕਮਿਸ਼ਨਰ ਦੇ ਦਫਤਰ ਵਿੱਚ ਜਮ੍ਹਾਂ ਕਰਵਾਏ ਜਾ ਸਕਣਗੇ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 16 ਅਗਸਤ ਨੂੰ ਸਵੇਰੇ 10 ਵਜੇ ਤੋਂ ਹੋਵੇਗੀ ਅਤੇ ਨਾਮ ਵਾਪਸ ਲੈਣ ਦੀ ਆਖ਼ਰੀ ਮਿਤੀ 18 ਅਗਸਤ ਸ਼ਾਮ 4:00 ਵਜੇ ਤੱਕ ਹੈ।
ਸਰਕਾਰੀ ਸਮਾਚਾਰ ਏਜੰਸੀ ਬੀ. ਐੱਸ. ਐੱਸ. ਮੁਤਾਬਕ ਚੋਣ ਪ੍ਰੋਗਰਾਮ ਦਾ ਇਹ ਐਲਾਨ ਸੰਸਦ ਦੇ ਸਪੀਕਰ ਹਾਫਿਜ਼ ਉੱਦੀਨ ਅਹਿਮਦ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਹਾਫਿਜ਼ ਉੱਦੀਨ ਅਹਿਮਦ ਸੰਵਿਧਾਨਕ ਵਿਵਸਥਾ ਤਹਿਤ ਫ਼ਿਲਹਾਲ 90 ਦਿਨਾਂ ਲਈ ਕਾਰਜਕਾਰੀ ਰਾਸ਼ਟਰਪਤੀ ਵਜੋਂ ਸੇਵਾਵਾਂ ਨਿਭਾ ਰਹੇ ਹਨ।
Read More : ਈਡੀ ਨੇ ਬਿਕਰਮ ਸਿੰਘ ਮਜੀਠੀਆ ਦੇ ਕਰੀਬੀ ਦੇ ਘਰ ਮਾਰਿਆ ਛਾਪਾ



