ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਗਠਿਤ ‘ਸੜਕ ਸੁਰੱਖਿਆ ਫੋਰਸ’ ਨੇ ਬੀਤੇ 2 ਸਾਲਾਂ ‘ਚ ਸਫ਼ਲਤਾ ਦੀ ਅਨੋਖੀ ਕਹਾਣੀ ਲਿਖੀ ਹੈ|ਸਰਕਾਰ ਇਹ ਯਕੀਨੀ ਬਣਾ ਰਹੀ ਹੈ ਕਿ ਸੜਕ ‘ਤੇ ਤੁਰਨ ਵਾਲਾ ਹਰ ਵਿਅਕਤੀ ਆਪਣੇ ਘਰ ਜਾਂ ਮੰਜ਼ਿਲ ਤੱਕ ਸੁਰੱਖਿਅਤ ਪਹੁੰਚੇ|
ਮਾਨ ਸਰਕਾਰ ਵੱਲੋਂ ਸੂਬੇ ‘ਚ ‘ਸੜਕ ਸੁਰੱਖਿਆ ਫੋਰਸ’ ਦੀ ਸਥਾਪਨਾ ਤੋਂ ਬਾਅਦ ਸੜਕ ਸੁਰੱਖਿਆ ‘ਚ ਵਿਆਪਕ ਸੁਧਾਰ ਹੋਇਆ ਹੈ|ਕਿਸੇ ਵੀ ਤਰ੍ਹਾਂ ਦੀ ਸੜਕ ਦੁਰਘਟਨਾ ਦੀ ਸਥਿਤੀ ‘ਚ ਇਹ ਫੋਰਸ ਤੁਰੰਤ ਪੀੜਤਾਂ ਨੂੰ ਮੁੱਢਲੀ ਸਹਾਇਤਾ ਪ੍ਰਦਾਨ ਕਰਕੇ ਸਮੇਂ-ਸਿਰ ਹਸਪਤਾਲ ਪਹੁੰਚਾਉਣ ‘ਚ ਸਹਾਇਤਾ ਪ੍ਰਦਾਨ ਕਰ ਰਹੀ ਹੈ|ਸਰਕਾਰ ਦੀ ਇਸ ਪਹਿਲਕਦਮੀ ਤਹਿਤ ਸੜਕ ਹਾਦਸਿਆਂ ‘ਚ ਹੋਣ ਵਾਲੀਆਂ ਮੌਤਾਂ ਦੀ ਦਰ ‘ਚ 50 ਫੀਸਦੀ ਕਮੀ ਦਰਜ ਕੀਤੀ ਗਈ ਹੈ|
ਪੰਜਾਬ ਸਰਕਾਰ ਦੇ ਅੰਕੜਿਆਂ ਮੁਤਾਬਕ ਜਦੋਂ ਐੱਸ.ਐੱਸ.ਐਫ ਦੀ ਸ਼ੁਰੂਆਤ ਕੀਤੀ ਸੀ, ਤਾਂ ਸਾਲ 2023 ਦੌਰਾਨ ਸੂਬੇ ‘ਚ ਸੜਕ ਹਾਦਸਿਆਂ ਕਾਰਨ 1,955 ਮੌਤਾਂ ਹੋਈਆਂ। ਸਾਲ 2024 ‘ਚ ਇਹ ਅੰਕੜਾ ਘੱਟ ਕੇ 1,016 ਰਹਿ ਗਿਆ|ਸੜਕ ਸੁਰੱਖਿਆ ਫੋਰਸ ਨੇ ਹਾਦਸੇ ਵਾਲੇ ਸਥਾਨਾਂ ‘ਤੇ ਪਹੁੰਚ ਕੇ ਹਜ਼ਾਰਾਂ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਈਆਂ ਹਨ, ਜੋ ਕਿ ਸਰਕਾਰ ਵੱਲੋਂ ਸੜਕ ਸੁਰੱਖਿਆ ‘ਚ ਕੀਤੇ ਵੱਡੇ ਸੁਧਾਰ ਨੂੰ ਦਰਸਾਉਂਦੀ ਹੈ|ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਮੁਤਾਬਕ ਇਸ ਫੋਰਸ ਰਾਹੀਂ ਹਰ ਸਾਲ ਲਗਭਗ 2,700 ਕੀਮਤੀ ਜਾਨਾਂ ਬਚ ਰਹੀਆਂ ਹਨ|
ਮਾਨ ਸਰਕਾਰ ਨੇ ਇਸ ਫੋਰਸ ‘ਚ 144 ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਵਾਹਨ ਸੂਬੇ ਭਰ ‘ਚ ਤਾਇਨਾਤ ਕੀਤੇ ਹਨ|ਕਿਸੇ ਵੀ ਸੜਕ ਹਾਦਸੇ ਬਾਰੇ ਸੂਚਨਾ ਟੋਲ ਫ੍ਰੀ ਨੰਬਰ: 112 ‘ਤੇ ਦਿੱਤੀ ਜਾ ਸਕਦੀ ਹੈ|ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਫੋਰਸ ਹਾਦਸੇ ਵਾਲੀ ਜਗ੍ਹਾ ‘ਤੇ ਔਸਤਨ 6 ਤੋਂ 10 ਮਿੰਟਾਂ ਅੰਦਰ ਸਹਾਇਤਾ ਲਈ ਪਹੁੰਚ ਜਾਂਦੀ ਹੈ, ਜੋ ਕਿ ਵਿਕਸਤ ਦੇਸ਼ਾਂ ਦੇ ਬਰਾਬਰ ਦਾ ਰਿਸਪਾਂਸ ਟਾਈਮ ਹੈ|
ਸਰਕਾਰ ਨੇ ਐੱਸ.ਐੱਸ.ਐੱਫ ਅਧੀਨ ਲਗਭਗ 1,597 ਵਿਸ਼ੇਸ਼ ਤੌਰ ‘ਤੇ ਸਿਖਲਾਈ ਪ੍ਰਾਪਤ ਕਰਮਚਾਰੀ ਤਾਇਨਾਤ ਕੀਤੇ ਹੋਏ ਹਨ ਅਤੇ ਇਸ ਫੋਰਸ ਦੀਆਂ ਟੀਮਾਂ 24 ਘੰਟੇ ਕਾਰਜਸ਼ੀਲ ਰਹਿੰਦੀਆਂ ਹਨ|ਇਨ੍ਹਾਂ ਕਰਮਚਾਰੀਆਂ ਨੂੰ ਪੀੜਤਾਂ ਨੂੰ ਹਾਦਸਿਆਂ ਦੌਰਾਨ ਸੁਰੱਖਿਅਤ ਕੱਢਣ ਅਤੇ ਹਸਪਤਾਲ ਭੇਜਣ ਤੋਂ ਪਹਿਲਾਂ ਤੁਰੰਤ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਲਈ ਸਿਖਲਾਈ ਦਿੱਤੀ ਗਈ ਹੈ| ਪੰਜਾਬ ਭਰ ‘ਚ ਹਾਈਵੇਅ ‘ਤੇ ਹਰ 30 ਕਿਲੋਮੀਟਰ ਦੀ ਦੂਰੀ ‘ਤੇ ਇਸ ਫੋਰਸ ਦੇ ਵਾਹਨ ਤਾਇਨਾਤ ਕੀਤੇ ਗਏ ਹਨ, ਜੋ ਤੇਜ਼ੀ ਨਾਲ ਕਾਰਵਾਈ ਨੂੰ ਯਕੀਨੀ ਬਣਾ ਰਹੇ ਹਨ|
ਮਾਨ ਸਰਕਾਰ ਦੀ ਇਸ ਫੋਰਸ ਸਦਕਾ ਹਾਦਸੇ ਤੋਂ ਬਾਅਦ ਹੋਣ ਵਾਲੀ ਲੁੱਟ-ਖੋਹ ‘ਤੇ ਵੀ ਲਗਾਮ ਲੱਗੀ ਹੈ ਅਤੇ ਖ਼ਾਸ ਕਰਕੇ ਰਾਤ ਦੇ ਸਮੇਂ ਹਾਈਵੇਅ ‘ਤੇ ਹੋਣ ਵਾਲੇ ਅਪਰਾਧਾਂ ‘ਚ ਭਾਰੀ ਕਮੀ ਦਰਜ ਕੀਤੀ ਗਈ ਹੈ|ਇਹ ਪਹਿਲਕਦਮੀ ਸੜਕ ਹਾਦਸਿਆਂ ਦੌਰਾਨ ਕੀਮਤੀ ਜਾਨਾਂ ਨੂੰ ਬਚਾਉਣ ‘ਚ ਕਾਰਗਾਰ ਸਿੱਧ ਹੋ ਰਹੀ ਹੈ, ਜੋ ਕਿ ਸੂਬਾ ਸਰਕਾਰ ਦੀ ਵੱਡੀ ਪ੍ਰਾਪਤੀ ਨੂੰ ਦਰਸਾਉਂਦੀ ਹੈ|




