ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ‘ਚ ਲੜਕੀਆਂ ਲਈ ਮੁਫ਼ਤ ਬੱਸ ਸੇਵਾ
ਸਿੱਖਿਆ ਕ੍ਰਾਂਤੀ ਨਾਲ ਬਦਲ ਰਿਹਾ ਪੰਜਾਬ ਦਾ ਭਵਿੱਖ
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ “ਪੰਜਾਬ ਸਿੱਖਿਆ ਕ੍ਰਾਂਤੀ” ਨੇ ਵੱਡੀਆਂ ਪੁਲਾਂਘਾਂ ਪੁੱਟੀਆਂ ਹਨ| ਸਿੱਖਿਆ ਖੇਤਰ ‘ਚ ਕੀਤੇ ਸੁਧਾਰਾਂ ਸਦਕਾ ਸਰਕਾਰੀ ਸਕੂਲਾਂ ‘ਚ ਵੱਡਾ ਬਦਲਾਅ ਲਿਆਂਦਾ ਹੈ ਅਤੇ ਸਰਕਾਰੀ ਸਕੂਲ ਦੀਆਂ ਵਿਦਿਆਰਥਣਾਂ ਨੂੰ ਮੁਫ਼ਤ ਬੱਸ ਸੇਵਾ ਮੁਹੱਈਆ ਕਰਵਾਈ ਜਾ ਰਹੀ ਹੈ|
ਪੰਜਾਬ ਭਰ ‘ਚ ਮਾਪੇ ਆਪਣੀਆਂ ਬੱਚੀਆਂ ਨੂੰ ਬਿਨਾਂ ਕਿਸੇ ਖਰਚੇ ਦੀ ਚਿੰਤਾ ਦੇ ਸਕੂਲ ਭੇਜ ਰਹੇ ਹਨ| ਮਾਨ ਸਰਕਾਰ 118 ‘ਸਕੂਲ ਆਫ਼ ਐਮੀਨੈਂਸ’ ਅਤੇ ਸਰਕਾਰੀ ਸਕੂਲਾਂ ‘ਚ ਲੜਕੀਆਂ ਲਈ ਮੁਫ਼ਤ ਬੱਸ ਸੇਵਾ ਪ੍ਰਦਾਨ ਕਰ ਰਹੀ ਹੈ ਤਾਂ ਜੋ ਕੋਈ ਵੀ ਲੜਕੀ ਸਿੱਖਿਆ ਤੋਂ ਵਾਂਝੀ ਨਾ ਰਹੇ|
ਪੰਜਾਬ ਸਰਕਾਰ ਦੀ ਬੱਸ ਸੇਵਾ ਸਹੂਲਤ ਦਾ ਲਗਭੱਗ 15,500 ਵਿਦਿਆਰਥੀਆਂ ਨੂੰ ਲਾਭ ਮਿਲ ਰਿਹਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰਕਾਰ ਦਾ ਉਦੇਸ਼ ਸਕੂਲ ਦੀਆਂ ਲੜਕੀਆਂ ਨੂੰ ਪੜ੍ਹਾਈ ਲਈ ਸੁਖਾਲਾ ਮਾਹੌਲ ਪ੍ਰਦਾਨ ਕਰਨਾ ਹੈ, ਜਿਸ ਨਾਲ ਲੜਕੀਆਂ ਪੜ੍ਹ ਲਿਖ ਕੇ ਆਪਣਾ ਭਵਿੱਖ ਰੁਸ਼ਨਾ ਸਕਣ ਅਤੇ ਆਪਣੇ ਪਰਿਵਾਰ ਅਤੇ ਪੰਜਾਬ ਦਾ ਮਾਣ ਵਧਾ ਸਕਣ|
ਸਿੱਖਿਆ ਖੇਤਰ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਮਾਨ ਸਰਕਾਰ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਲਈ ਵਿਸ਼ਵ ਪੱਧਰੀ ਸਿਖਲਾਈ ਵੀ ਯਕੀਨੀ ਬਣਾ ਰਹੀ ਹੈ ਅਤੇ ਸਮੇਂ-ਸਮੇਂ ‘ਤੇ ਅਧਿਆਪਕਾਂ ਦੇ ਬੈਚ ਸਿੰਗਾਪੁਰ ਅਤੇ ਫਿਨਲੈਂਡ ਸਿਖਲਾਈ ਲਈ ਭੇਜੇ ਜਾ ਰਹੇ ਹਨ| ਇਹ ਅਧਿਆਪਕ ਸਕੂਲ ਦੇ ਬੱਚਿਆਂ ਨਾਲ ਨਵੇਂ ਤਜਰਬੇ ਸਾਂਝੇ ਕਰਕੇ ਉਨ੍ਹਾਂ ਦੇ ਗਿਆਨ ‘ਚ ਵਾਧਾ ਕਰ ਰਹੇ ਹਨ| ਪੰਜਾਬ ਸਰਕਾਰ ਨੇ ਅਪ੍ਰੈਲ 2022 ਤੋਂ ਹੁਣ ਤੱਕ ‘ਪੰਜਾਬ ਸਿੱਖਿਆ ਕ੍ਰਾਂਤੀ’ ਤਹਿਤ ਲਗਭੱਗ 13,765 ਅਧਿਆਪਕਾਂ ਦੀ ਭਰਤੀ ਕੀਤੀ ਹੈ|
ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਡਿਜੀਟਲ ਕ੍ਰਾਂਤੀ ਤਹਿਤ 9,000 ਤੋਂ ਵੱਧ ਸਮਾਰਟ ਕਲਾਸਰੂਮ ਅਤੇ 5,000 ਕੰਪਿਊਟਰ ਲੈਬ ਸਥਾਪਿਤ ਕੀਤੀਆਂ ਹਨ, ਜਿਸ ਨਾਲ ਪੰਜਾਬ ਭਰ ਦੇ ਵਿਦਿਆਰਥੀਆਂ ਨੂੰ ਆਧੁਨਿਕ ਸਿੱਖਿਆ ਮਿਲ ਰਹੀ ਹੈ|
ਪੰਜਾਬ ਸਰਕਾਰ ਸਰਕਾਰੀ ਸਕੂਲਾਂ ਦੇ ਸਾਰੇ ਵਿਦਿਆਰਥੀਆਂ ਨੂੰ ਮੁਫ਼ਤ ਵਰਦੀਆਂ ਮੁਹੱਈਆ ਕਰਵਾ ਰਹੀ ਹੈ| ਇਸ ਤਹਿਤ ਸਾਲ 2025-26 ਲਈ ਪ੍ਰੀ-ਪ੍ਰਾਇਮਰੀ ਦੇ 2,70,853 ਵਿਦਿਆਰਥੀਆਂ, 71,940 ਹੋਰ ਲੋੜਵੰਦ ਵਿਦਿਆਰਥੀਆਂ ਅਤੇ ਪਹਿਲੀ ਤੋਂ ਪੰਜਵੀਂ ਜਮਾਤ ਦੇ 1,27,174 ਵਿਦਿਆਰਥੀਆਂ ਨੂੰ ਮੁਫ਼ਤ ਵਰਦੀਆਂ ਦੇਣ ਲਈ 28.20 ਕਰੋੜ ਰੁਪਏ ਦਾ ਬਜਟ ਰੱਖਿਆ ਹੈ|
ਮਾਨ ਸਰਕਾਰ ਮੁਤਾਬਕ ਸਾਲ 2025-26 ਲਈ ਛੇਵੀਂ ਤੋਂ ਅੱਠਵੀਂ ਜਮਾਤ ਦੇ 48,959 ਲੋੜਵੰਦ ਲੜਕਿਆਂ ਅਤੇ 64,407 ਜਰਨਲ ਵਰਗ ਲੋੜਵੰਦ ਵਿਦਿਆਰਥੀਆਂ ਨੂੰ ਮੁਫ਼ਤ ਵਰਦੀਆਂ ਪ੍ਰਦਾਨ ਕਰਨ ਲਈ 6,80,19,600 ਰੁਪਏ ਦਾ ਬਜਟ ਜਾਰੀ ਕੀਤਾ| ਸੂਬੇ ਦੇ ਸਰਕਾਰੀ ਸਕੂਲਾਂ ‘ਚ ਸਾਲ 2025-26 ਦੌਰਾਨ ਸਾਰੇ ਵਿਦਿਆਰਥੀਆਂ ਨੂੰ ਸਮੇਂ ਸਿਰ ਕਿਤਾਬਾਂ ਪਹੁੰਚਾਈਆਂ ਗਈਆਂ ਹਨ| ਇਸ ਤੋਂ ਇਲਾਵਾ 385 ਸਕੂਲਾਂ ‘ਚ ‘ਸੈਨੇਟਰੀ ਪੈਡ ਇੰਸੀਨਰੇਟਰ ਮਸ਼ੀਨਾਂ’ ਲਗਾਉਣ ਲਈ 77.00 ਲੱਖ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ|
ਪੰਜਾਬ ਸਰਕਾਰ ਨੇ ਸੂਬੇ ਦੇ ਇਤਿਹਾਸ ‘ਚ ਪਹਿਲੀ ਵਾਰ ਠੇਕੇ ‘ਤੇ ਰੱਖੇ ਅਧਿਆਪਕਾਂ ਨੂੰ ਰੈਗੂਲਰ ਨੌਕਰੀਆਂ ਦਿੱਤੀਆਂ ਹਨ ਅਤੇ ਸਰਕਾਰੀ ਸਕੂਲਾਂ ਨੂੰ ਮਜ਼ਬੂਤ ਕਰਨ ਲਈ 15,000 ਤੋਂ ਵੱਧ ਅਧਿਆਪਕਾਂ ਦੀ ਭਰਤੀ ਕੀਤੀ ਹੈ| ਹਰ ਸਾਲ ਲਗਭਗ 1.5 ਲੱਖ ਕਾਲਜ ਵਿਦਿਆਰਥੀ ਕਾਰੋਬਾਰ ਅਤੇ ਹੁਨਰ ਸਿੱਖ ਰਹੇ ਹਨ। ਪੰਜਾਬ ਦੇ ਸਰਕਾਰੀ ਸਕੂਲ ਹੁਣ ਪ੍ਰਾਈਵੇਟ ਸਕੂਲਾਂ ਨਾਲ ਮੁਕਾਬਲਾ ਕਰ ਰਹੇ ਹਨ। ਸਿਰਫ਼ ਸਾਲ 2026 ‘ਚ ਸਰਕਾਰੀ ਸਕੂਲਾਂ ਦੇ 305 ਵਿਦਿਆਰਥੀਆਂ ਨੇ ਜੇ.ਈ.ਈ. ਮੇਨਜ਼ ਅਤੇ 845 ਨੇ ਨੀਟ ਪਾਸ ਕੀਤੀ|
ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਲਈ ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ‘ਚ ਹਾਈ ਸਪੀਡ ਫਾਈਬਰ ਵਾਈਫਾਈ ਇੰਟਰਨੈਟ ਕਨੈਕਸ਼ਨਾਂ ਲਈ 20 ਕਰੋੜ ਰੁਪਏ ਦਾ ਬਜਟ ਪ੍ਰਦਾਨ ਕੀਤਾ ਹੈ| ਨਾਬਾਰਡ ਈ.ਡੀ.ਐੱਸ-39 ਦੇ ਤਹਿਤ ਵਿੱਤੀ ਸਾਲ 2025-26 ‘ਚ 136.00 ਕਰੋੜ ਰੁਪਏ ਦੀ ਰਾਸ਼ੀ ਹੋਰ ਕਲਾਸਰੂਮ, ਵਿਗਿਆਨ, ਪ੍ਰਯੋਗਸ਼ਾਲਾਵਾਂ, ਕੰਪਿਊਟਰ ਪ੍ਰਯੋਗਸ਼ਾਲਾਵਾਂ, ਬਹੁ-ਮੰਤਵੀ ਕਮਰੇ ਅਤੇ ਰਸੋਈਆਂ, ਮੈਡੀਕਲ ਕਮਰੇ, ਹੈੱਡ ਰੂਮ, ਖੇਡ ਦੇ ਮੈਦਾਨ ਅਤੇ ਕੁੜੀਆਂ/ਮੁੰਡਿਆਂ ਦੇ ਪਖਾਨਿਆਂ ਵਰਗੀਆਂ ਹੋਰ ਸਹੂਲਤਾਂ ਦੇ ਨਿਰਮਾਣ ਲਈ ਜਾਰੀ ਕੀਤੀ ਹੈ|
ਇਸ ਪਹਿਲਕਦਮੀ ਤੋਂ ਕੁੱਲ 1703 ਸਰਕਾਰੀ ਸਕੂਲਾਂ ਨੂੰ ਲਾਭ ਹੋਇਆ ਹੈ। ਵਿੱਤੀ ਸਾਲ 2025-26 ਲਈ ਸਮੱਗਰ ਸਿੱਖਿਆ ਅਭਿਆਨ ਅਧੀਨ 143.75 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਹੈ, ਜਿਸ ‘ਚੋਂ 100.62 ਕਰੋੜ ਰੁਪਏ ਸਕੂਲਾਂ ਨੂੰ ਹੋਰ ਕਲਾਸਰੂਮ, ਪਖਾਨੇ, ਵਿਗਿਆਨ, ਪ੍ਰਯੋਗਸ਼ਾਲਾਵਾਂ, ਲਾਇਬ੍ਰੇਰੀਆਂ ਅਤੇ ਮੁਰੰਮਤ ਕਾਰਜਾਂ ਦੇ ਨਿਰਮਾਣ ਲਈ ਜਾਰੀ ਕੀਤੇ ਗਏ ਹਨ| ਇਸ ਯੋਜਨਾ ਸਦਕਾ ਕੁੱਲ 2,683 ਸਰਕਾਰੀ ਸਕੂਲਾਂ ਨੂੰ ਲਾਭ ਮਿਲਿਆ|
Read More: ਪੰਜਾਬ ‘ਚ 371 ਹਾਈਟੈੱਕ ਐਂਬੂਲੈਂਸਾਂ ਨਾਲ ਮਜ਼ਬੂਤ ਹੋਈ ਐਮਰਜੈਂਸੀ ਸੇਵਾ




