ਚੰਡੀਗੜ੍ਹ, 4 ਸਤੰਬਰ 2026: ਪੰਜਾਬ ਸਰਕਾਰ ਨੇ 4 ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਸਮੇਤ 181 ਅਧਿਆਪਕਾਂ ਨੂੰ ਹੈੱਡਮਾਸਟਰ ਵਜੋਂ ਤਰੱਕੀ ਦਿੱਤੀ ਹੈ। ਇਸ ਸਬੰਧੀ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਹ ਪਦਉੱਨਤੀਆਂ ਅਧਿਆਪਕਾਂ ਲਈ ਵੱਡੇ ਪੇਸ਼ੇਵਰ ਵਿਕਾਸ ਅਤੇ ਤਰੱਕੀ ਦੇ ਨਾਲ-ਨਾਲ ਪੰਜਾਬ ਸਰਕਾਰ ਦੀ ਮੁਲਾਜ਼ਮਾਂ ਪ੍ਰਤੀ ਵਚਨਬੱਧਤਾ ਨੂੰ ਵੀ ਦਰਸਾਉਂਦੀਆਂ ਹਨ।
ਸਰਕਾਰ ਮੁਤਾਬਕ ਹੈੱਡਮਾਸਟਰ ਵਜੋਂ ਪਦਉੱਨਤ ਹੋਏ 181 ਅਧਿਆਪਕਾਂ ‘ਚੋਂ 140 ਜਨਰਲ ਸ਼੍ਰੇਣੀ ਨਾਲ ਸਬੰਧਤ, 23 ਐਸ.ਸੀ. ਸ਼੍ਰੇਣੀ ਨਾਲ, 6 ਦਿਵਿਆਂਗ ਅਤੇ 8 ਬੈਕਲਾਗ ਪੀ.ਡਬਲਿਊ.ਡੀ. ਕੋਟੇ ਨਾਲ ਸਬੰਧਤ ਹਨ। ਇਸ ਤੋਂ ਇਲਾਵਾ 4 ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀਆਂ ਨੂੰ ਵੀ ਤਰੱਕੀ ਦਿੱਤੀ ਹੈ।
ਹਰਜੋਤ ਸਿੰਘ ਬੈਂਸ ਨੇ ਕਿਹਾ, ‘‘ਇਹ ਸਾਡੇ ਸਕੂਲਾਂ ਨੂੰ ਢੁਕਵੀਂ ਅਗਵਾਈ ਨਾਲ ਸਮਰੱਥ ਬਣਾਉਣ ਵੱਲ ਇੱਕ ਪਰਿਵਰਤਨਸ਼ੀਲ ਕਦਮ ਹੈ।’’ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਰਾਜ ਦੇ ਹਰੇਕ ਸਕੂਲ ‘ਚ ਇੱਕ ਹੈੱਡਮਾਸਟਰ ਹੋਵੇ ਜੋ ਅਧਿਆਪਕਾਂ ਅਤੇ ਵਿਦਿਆਰਥੀਆਂ ਦੋਵਾਂ ਨੂੰ ਪ੍ਰੇਰਿਤ ਕਰੇ ਕਿਉਂਕਿ ਮਿਆਰੀ ਸਿੱਖਿਆ ਦਾ ਮੁੱਢ ਮਜ਼ਬੂਤ ਲੀਡਰਸ਼ਿਪ ਹੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪਦਉੱਨਤ ਹੋਏ ਨਵੇਂ ਹੈੱਡਮਾਸਟਰ ਤੁਰੰਤ ਚਾਰਜ ਸੰਭਾਲਣਗੇ, ਜਿਸ ਨਾਲ ਸਰਕਾਰੀ ਸਕੂਲਾਂ ‘ਚ ਨਵੀਂ ਊਰਜਾ ਆਵੇਗੀ।
Read More: ਅਧਿਆਪਕ ਦਿਵਸ ਮੌਕੇ 75 ਅਧਿਆਪਕਾਂ ਦਾ ਸਟੇਟ ਐਵਾਰਡਾਂ ਨਾਲ ਸਨਮਾਨ ਕਰੇਗੀ ਪੰਜਾਬ ਸਰਕਾਰ: ਹਰਜੋਤ ਸਿੰਘ ਬੈਂਸ




