ਪ੍ਰਿਤਪਾਲ ਸਿੰਘ ਆਹਲੂਵਾਲੀਆ ਨੇ 61% ਵੋਟਾਂ ਪ੍ਰਾਪਤ ਕੀਤੀਆਂ
ਪਟਿਆਲਾ 4 ਸਤੰਬਰ,2026: ਇੰਡੀਅਨ ਇੰਸਟੀਚਿਊਟ ਆਫ਼ ਆਰਕੀਟੈਕਟਸ (IIA) ਪੰਜਾਬ ਚੈਪਟਰ ਦੀਆਂ ਵਕਾਰੀ ਚੋਣਾਂ ‘ਚ ਪਟਿਆਲਾ ਦੇ ਵਸਨੀਕ ਅਤੇ ਪੰਜਾਬ ਦੇ ਸੀਨੀਅਰ ਆਰਕੀਟੈਕਟ ਪ੍ਰਿਤਪਾਲ ਸਿੰਘ ਆਹਲੂਵਾਲੀਆ ਪੰਜਾਬ ਚੈਪਟਰ ਦੀ ਨਵੀਂ ਟੀਮ ਦੇ ਚੇਅਰਮੈਨ ਚੁਣੇ ਗਏ ਹਨ। 61 ਫੀਸਦੀ ਵੋਟਾਂ ਲੈ ਕੇ ਪ੍ਰਿਤਪਾਲ ਸਿੰਘ ਆਹਲੂਵਾਲੀਆ ਨੇ ਇਸ ਅਹੁਦੇ ਤੇ ਕਾਬਜ ਹੋਏ ਹਨ। ਇੰਡੀਅਨ ਇੰਸਟੀਚਿਊਟ ਆਫ਼ ਆਰਕੀਟੈਕਟਸ ਭਾਰਤ ਭਰ ਦੇ ਆਰਕੀਟੈਕਟਾਂ ਦੀ ਨੁਮਾਇੰਦਗੀ ਕਰਨ ਵਾਲੀ ਰਾਸ਼ਟਰੀ ਪੱਧਰ ਦੀ ਸੰਸਥਾ ਹੈ। ਇਸ ਦੇ ਮੈਂਬਰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਮੌਜੂਦ ਹਨ ਅਤੇ ਵੱਖ-ਵੱਖ ਰਾਜਾਂ ਵਿੱਚ ਇਸ ਦੇ ਚੈਪਟਰ ਅਤੇ ਕੇਂਦਰ ਕਾਰਜਸ਼ੀਲ ਹਨ।
ਇਸ ਚੋਣ ਵਿਚ ਆਰ. ਐਸ. ਸੰਧੂ ਖ਼ਜ਼ਾਨਚੀ ਦੇ ਅਹੁਦੇ ਲਈ ਜੇਤੂ ਹੋਏ ਹਨ। ਇਸ ਤੋਂ ਇਲਾਵਾ ਲੁਧਿਆਣਾ ਤੋਂ ਰਾਜਨ ਟਾਂਗਰੀ ਅਤੇ ਜਲੰਧਰ ਤੋਂ ਸੰਜੇ ਕੁਮਾਰ ਜੁਆਇੰਟ ਸਕੱਤਰ ਦੇ ਅਹੁਦੇ ਲਈ ਜੇਤੂ ਹੋਏ ਹਨ। ਜਲੰਧਰ ਤੋਂ ਦਿਨੇਸ਼ ਭਗਤ ਵਾਈਸ ਚੇਅਰਮੈਨ ਦੇ ਅਹੁਦੇ ਲਈ ਜੇਤੂ ਹੋਏ ਹਨ। ਇਸ ਤੋਂ ਇਲਾਵਾ ਪੰਜਾਬ ਚੈਪਟਰ ਲਈ 10 ਐਗਜਿਕਿਊਟਿਵ ਮੈਂਬਰ ਵੀ ਜੇਤੂ ਰਹੇ ਹਨ।
ਇਨ੍ਹਾਂ ਵਿੱਚ ਲੁਧਿਆਣਾ ਤੋਂ ਰਵਿੰਦਰ ਸਿੰਘ, ਪੂਜਾ ਵਰਮਾਨੀ, ਸਾਂਚੀ ਗੋਇਲ, ਪ੍ਰਭਪ੍ਰੀਤ ਸਿੰਘ ਅਤੇ ਸਿਮਰਨਜੀਤ ਸਿੰਘ, ਮੋਹਾਲੀ ਤੋਂ ਰਾਜਿੰਦਰ ਕੌਰ ਅਤੇ ਅਮਨਜੀਤ ਕੌਰ ਅਤੇ ਪਟਿਆਲਾ ਤੋਂ ਰਾਕੇਸ਼ ਅਰੋੜਾ, ਮਨੀਸ਼ਾ ਜਿੰਦਲ ਅਤੇ ਮੋਹਨ ਸਿੰਘ ਸ਼ਾਮਲ ਹਨ। ਪ੍ਰਿਤਪਾਲ ਸਿੰਘ ਆਹਲੂਵਾਲੀਆ ਪੰਜਾਬ ਦੇ ਪ੍ਰੈਕਟਿਸਿੰਗ ਆਰਕੀਟੈਕਟ ਹਨ। ਉਹ ਮੋਹਾਲੀ ਅਤੇ ਪਟਿਆਲਾ ਵਿੱਚ ਆਰਕੀਟੈਕਚਰ ਦੇ ਖੇਤਰ ਵਿੱਚ ਸਰਗਰਮੀ ਨਾਲ ਯੋਗਦਾਨ ਪਾ ਰਹੇ ਹਨ ਅਤੇ ਲੁਧਿਆਣਾ ਸਮਾਰਟ ਸਿਟੀ ਲਿਮਟਿਡ ਦੇ ਡਾਇਰੈਕਟਰ ਵਜੋਂ ਵੀ ਸੇਵਾਵਾਂ ਨਿਭਾ ਰਹੇ ਹਨ।
ਸਾਡਾ ਮੁੱਖ ਉਦੇਸ਼ ਲੋਕਾਂ ਨੂੰ ਪੇਸ਼ੇਵਰ ਵਿਕਾਸ, ਏਕਤਾ ਅਤੇ ਗਿਆਨ ਸਾਂਝਾ ਕਰਨਾ ਪ੍ਰਦਾਨ ਕਰਨਾ ਹੈ: ਆਹਲੂਵਾਲੀਆ
ਇਸ ਮੌਕੇ ਗੱਲਬਾਤ ਕਰਦਿਆਂ ਆੲ.ਆਈਏ ਦੇ ਨਵੇ ਚੇਅਰਮੈਨ ਪ੍ਰਿਤਪਾਲ ਸਿੰਘ ਆਹਲੂਵਾਲੀਆ ਨੇ ਕਿਹਾ ਕਿ ਪੰਜਾਬ ਚੈਪਟਰ ਦਾ ਮੁੱਖ ਧਿਆਨ ਲੋਕਾਂ ਨੂੰ ਪੇਸ਼ੇਵਰ ਵਿਕਾਸ, ਏਕਤਾ, ਗਿਆਨ ਦੀ ਸਾਂਝ ਦੇਣਾ ਹੈ। ਇਸਦੇ ਨਾਲ ਹੀ ਆਈਆਈਏ ਦੇ ਵੱਖ-ਵੱਖ ਕੇਂਦਰਾਂ ਵਿਚਕਾਰ ਬਿਹਤਰ ਤਾਲਮੇਲ ਅਤੇ ਸਰਕਾਰ ਸਮੇਤ ਹੋਰ ਸਬੰਧਤ ਧਿਰਾਂ ਨਾਲ ਰਚਨਾਤਮਕ ਸਹਿਯੋਗ ‘ਤੇ ਰਹੇਗਾ, ਤਾਂ ਜੋ ਪੰਜਾਬ ਵਿੱਚ ਆਰਕੀਟੈਕਚਰ ਦੇ ਪੇਸ਼ੇ ਅਤੇ ਨਿਰਮਿਤ ਵਾਤਾਵਰਣ ਦੀ ਬਿਹਤਰੀ ਲਈ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕੀਤਾ ਜਾ ਸਕੇ।
ਉਨਾ ਕਿਹਾ ਕਿ ਪੰਜਾਬ ਚੈਪਟਰ ਦੀ ਪੂਰੇ ਰਾਜ ਵਿੱਚ ਮਜ਼ਬੂਤ ਮੌਜੂਦਗੀ ਹੈ ਅਤੇ ਇਸ ਦੇ ਅਧੀਨ ਲੁਧਿਆਣਾ, ਪਟਿਆਲਾ, ਜਲੰਧਰ, ਅੰਮ੍ਰਿਤਸਰ, ਮੋਹਾਲੀ, ਬਠਿੰਡਾ, ਕਪੂਰਥਲਾ, ਹੁਸ਼ਿਆਰਪੁਰ ਸਮੇਤ ਹੋਰ ਸ਼ਹਿਰਾਂ ਵਿੱਚ ਵੱਖ-ਵੱਖ ਕੇਂਦਰ ਹਨ। ਪੰਜਾਬ ਚੈਪਟਰ ਅਤੇ ਇਸ ਦੇ ਵੱਖ-ਵੱਖ ਕੇਂਦਰਾਂ ਦੀਆਂ ਚੋਣਾਂ ਆਨਲਾਈਨ ਅਤੇ ਇੱਕੋ ਸਮੇਂ ਕਰਵਾਈਆਂ ਗਈਆਂ, ਜਿਸ ਨਾਲ ਪੰਜਾਬ ਭਰ ਦੇ ਮੈਂਬਰਾਂ ਨੂੰ ਇਸ ਲੋਕਤਾਂਤਰਿਕ ਪ੍ਰਕਿਰਿਆ ਵਿੱਚ ਹਿੱਸਾ ਲੈਣ ਦਾ ਮੌਕਾ ਮਿਲਿਆ।
ਇਸ ਮੌਕੇ ‘ਤੇ ਆਰ. ਪ੍ਰਿਤਪਾਲ ਸਿੰਘ ਆਹਲੂਵਾਲੀਆ ਨੇ ਆਈਆਈਏ ਨਾਲ ਜੁੜੇ ਮੈਂਬਰਾਂ ਵੱਲੋਂ ਉਨ੍ਹਾਂ ‘ਤੇ ਜਤਾਏ ਭਰੋਸੇ ਅਤੇ ਦਿੱਤੇ ਸਹਿਯੋਗ ਲਈ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਨਵੀਂ ਲੀਡਰਸ਼ਿਪ ਆਰਕੀਟੈਕਚਰ ਦੇ ਪੇਸ਼ੇ ਨੂੰ ਹੋਰ ਮਜ਼ਬੂਤ ਕਰਨ, ਆਰਕੀਟੈਕਟਾਂ ਵਿੱਚ ਏਕਤਾ ਨੂੰ ਉਤਸ਼ਾਹਿਤ ਕਰਨ, ਮੌਕਿਆਂ ਵਿੱਚ ਵਾਧਾ ਕਰਨ ਅਤੇ ਪੰਜਾਬ ਭਰ ਦੇ ਆਈਆਈਏ ਮੈਂਬਰਾਂ ਦੀ ਵਧੇਰੇ ਭਾਗੀਦਾਰੀ ਯਕੀਨੀ ਬਣਾਉਣ ਲਈ ਕੰਮ ਕਰੇਗੀ। ਨਵੀਂ ਜੇਤੂ ਟੀਮ ਵੱਲੋਂ ਸਾਂਝੇ ਤੌਰ ‘ਤੇ ਕੰਮ ਕਰਦਿਆਂ ਇੰਡੀਅਨ ਇੰਸਟੀਚਿਊਟ ਆਫ਼ ਆਰਕੀਟੈਕਟਸ ਦੇ ਉਦੇਸ਼ਾਂ ਨੂੰ ਅੱਗੇ ਵਧਾਉਣ ਅਤੇ ਪੰਜਾਬ ਭਰ ਵਿੱਚ ਸੰਸਥਾ ਦੀ ਮੌਜੂਦਗੀ ਅਤੇ ਗਤੀਵਿਧੀਆਂ ਨੂੰ ਹੋਰ ਮਜ਼ਬੂਤ ਕਰਨ ਦੀ ਉਮੀਦ ਹੈ।
Read More: ਵੱਡੀ ਖਬਰ: ਸਰਕਾਰ ਪੰਜਾਬ ਦੇ ਡੀਏ ਬਾਰੇ ਲੈ ਸਕਦੀ ਵੱਡਾ ਫੈਸਲਾ, ਮਿਲ ਸਕਦਾ ਹੈ ਕੇਂਦਰ ਸਰਕਾਰ ਦੇ ਬਰਾਬਰ ਡੀਏ




