ਮੋਹਾਲੀ, 10 ਜੂਨ 2026: ਮੋਹਾਲੀ ਦੇ ਸੈਕਟਰ 79 ਦੇ ਰਹਿਣ ਵਾਲੇ ਭਾਰਤੀ ਫੌਜ ਅਫ਼ਸਰ ਮੇਜਰ ਅਰਸ਼ਦੀਪ ਸਿੰਘ ਗਿੱਲ ਨੂੰ ਭਾਰਤ ਦੇ ਦੂਜੇ ਸਭ ਤੋਂ ਉੱਚ ਸ਼ਾਂਤੀ ਸਮੇਂ ਦੇ ਬਹਾਦਰੀ ਪੁਰਸਕਾਰ, ਕੀਰਤੀ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਹੈ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਉਨ੍ਹਾਂ ਨੂੰ ਨਵੀਂ ਦਿੱਲੀ ਦੇ ਰਾਸ਼ਟਰਪਤੀ ਭਵਨ ਵਿਖੇ ਕਰਵਾਏ ਰੱਖਿਆ ਸਨਮਾਨ ਸਮਾਗਮ ਦੌਰਾਨ ਇਹ ਵੱਕਾਰੀ ਸਨਮਾਨ ਪ੍ਰਦਾਨ ਕੀਤਾ। ਮੇਜਰ ਅਰਸ਼ਦੀਪ ਸਿੰਘ ਨੇ ਮਣੀਪੁਰ ‘ਚ ਅੱਤਵਾਦੀਆਂ ਵਿਰੁੱਧ ਇੱਕ ਬਹੁਤ ਹੀ ਸੰਵੇਦਨਸ਼ੀਲ ਅਤੇ ਚੁਣੌਤੀਪੂਰਨ ਕਾਰਵਾਈ ਦੌਰਾਨ ਅਦੁੱਤੀ ਹਿੰਮਤ ਦਿਖਾਈ।
ਮਣੀਪੁਰ ‘ਚ ਉਗਰਵਾਦੀਆਂ ਵਿਰੁੱਧ ਕਾਰਵਾਈ ਲਗਭਗ 84 ਘੰਟੇ (ਸਾਢੇ ਤਿੰਨ ਦਿਨ) ਚੱਲੀ। ਖ਼ਤਰਨਾਕ ਅਤੇ ਪ੍ਰਤੀਕੂਲ ਹਲਾਤਾਂ ਦੇ ਬਾਵਜੂਦ, ਮੇਜਰ ਅਰਸ਼ਦੀਪ ਨੇ ਆਪਣੀ ਟੀਮ ਦੀ ਅਗਵਾਈ ਅੱਗੇ ਤੋਂ ਕੀਤੀ ਅਤੇ ਮਿਸ਼ਨ ਨੂੰ ਸਫਲਤਾਪੂਰਵਕ ਪੂਰਾ ਕੀਤਾ। ਮੇਜਰ ਗਿੱਲ ਆਰਮਡ ਕੋਰ ਦੇ ਇੱਕ ਅਫਸਰ ਹਨ ਅਤੇ ਵਰਤਮਾਨ ‘ਚ 1 ਅਸਾਮ ਰਾਈਫਲਜ਼ ‘ਚ ਤਾਇਨਾਤ ਹਨ।
ਜਿਕਰਯੋਗ ਹੈ ਕਿ ਇਹ ਭਾਰਤ ਦਾ ਦੂਜਾ ਸਭ ਤੋਂ ਉੱਚ ਸ਼ਾਂਤੀ ਸਮੇਂ ਦਾ ਬਹਾਦਰੀ ਪੁਰਸਕਾਰ ਹੈ। ਇਹ ਪੁਰਸਕਾਰ ਫੌਜ, ਜਲ ਫੌਜ ਅਤੇ ਹਵਾਈ ਫੌਜ ਦੇ ਕਰਮਚਾਰੀਆਂ ਦੇ ਨਾਲ-ਨਾਲ ਨਾਗਰਿਕਾਂ ਨੂੰ ਵੀ ਅਸਾਧਾਰਨ ਬਹਾਦਰੀ ਜਾਂ ਸਵੈ-ਬਲੀਦਾਨ ਲਈ ਦਿੱਤਾ ਜਾਂਦਾ ਹੈ। ਇਹ ਅਸ਼ੋਕ ਚੱਕਰ ਤੋਂ ਬਾਅਦ ਦੂਜੇ ਸਥਾਨ ‘ਤੇ ਹੈ।




