ਤਲਵੰਡੀ ਸਾਬੋ 6 ਸਤੰਬਰ 2026: ਪਿਛਲੇ ਦਿਨੀਂ ਤਲਵੰਡੀ ਸਾਬੋ ਬਠਿੰਡਾ ਵਿਖੇ ਪੰਜਾਬ ਗੱਤਕਾ ਐਸੋਸੀਏਸ਼ਨ (Punjab State Gatka Championship) ਵੱਲੋਂ 11ਵੀਂ ਪੰਜਾਬ ਰਾਜ ਗੱਤਕਾ ਚੈਂਪੀਅਨਸ਼ਿਪ ਕਰਵਾਈ ਗਈ। ਇਸ ਰਾਜ ਪੱਧਰੀ ਚੈਂਪੀਅਨਸ਼ਿਪ ਵਿੱਚ ਪੰਜਾਬ ਭਰ ਤੋਂ ਲਗਭਗ 950 ਖਿਡਾਰੀਆਂ ਨੇ ਉਤਸ਼ਾਹ ਨਾਲ ਭਾਗ ਲਿਆ।
ਇਸ ਚੈਂਪੀਅਨਸ਼ਿਪ ਵਿੱਚ ਜ਼ਿਲ੍ਹਾ ਪਟਿਆਲਾ ਦੀ ਗੱਤਕਾ ਟੀਮ ਵੱਲੋਂ 45 ਖਿਡਾਰੀਆਂ ਨੇ ਵੱਖ-ਵੱਖ ਉਮਰ ਵਰਗਾਂ ਅਤੇ ਈਵੈਂਟਾਂ ਵਿੱਚ ਭਾਗ ਲਿਆ। ਪਟਿਆਲਾ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਈਵੈਂਟਾਂ ਵਿੱਚ ਸੋਨੇ, ਚਾਂਦੀ ਅਤੇ ਕਾਂਸੀ ਦੇ ਤਮਗੇ ਜਿੱਤ ਕੇ ਜ਼ਿਲ੍ਹਾ ਪਟਿਆਲਾ ਦਾ ਨਾਮ ਰੌਸ਼ਨ ਕੀਤਾ।
ਇਸ ਮੌਕੇ ਜ਼ਿਲ੍ਹਾ ਪਟਿਆਲਾ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਸੁਖਦੇਵ ਸਿੰਘ ਖ਼ਾਲਸਾ ਅਤੇ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਸ਼ੇਖਪੁਰਾ ਵੱਲੋਂ ਤਮਗੇ ਜਿੱਤਣ ਵਾਲੇ ਖਿਡਾਰੀਆਂ ਨੂੰ ਵਧਾਈ ਦਿੱਤੀ ਗਈ ਅਤੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਉਨ੍ਹਾਂ ਨੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਮਿਹਨਤ ਅਤੇ ਲਗਨ ਨਾਲ ਖੇਡਾਂ ਵਿੱਚ ਨਾਮਣਾ ਖੱਟਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਤਲਵਿੰਦਰ ਸਿੰਘ ਗੱਤਕਾ ਕੋਚ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਰਾਜ ਗੱਤਕਾ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਜ਼ਿਲ੍ਹਾ ਪਟਿਆਲਾ ਦੇ ਚੁਣੇ ਹੋਏ ਖਿਡਾਰੀ ਆਉਣ ਵਾਲੀ 28, 29 ਅਤੇ 30 ਸਤੰਬਰ ਨੂੰ ਸ੍ਰੀਨਗਰ, ਜੰਮੂ-ਕਸ਼ਮੀਰ ਵਿਖੇ ਹੋਣ ਵਾਲੇ ਕੌਮੀ ਪੱਧਰ ਦੇ ਗੱਤਕਾ ਮੁਕਾਬਲਿਆਂ ਵਿੱਚ ਭਾਗ ਲੈਣਗੇ। ਉਨ੍ਹਾਂ ਕਿਹਾ ਕਿ ਇਹ ਖਿਡਾਰੀ ਕੌਮੀ ਪੱਧਰ ’ਤੇ ਵੀ ਵਧੀਆ ਪ੍ਰਦਰਸ਼ਨ ਕਰਕੇ ਪੰਜਾਬ ਅਤੇ ਪਟਿਆਲਾ ਦਾ ਨਾਮ ਰੌਸ਼ਨ ਕਰਨ ਲਈ ਪੂਰੀ ਤਿਆਰੀ ਕਰ ਰਹੇ ਹਨ। ਇਸ ਮੌਕੇ ਮਨਿੰਦਰ ਸਿੰਘ ਗੱਤਕਾ ਕੋਚ ਅਤੇ ਤੇਜ ਪ੍ਰਤਾਪ ਸਿੰਘ ਗੱਤਕਾ ਕੋਚ ਵੀ ਹਾਜ਼ਰ ਸਨ।
Read More: 12ਵੀਂ ਯੂਕੇ ਗੱਤਕਾ ਚੈਂਪੀਅਨਸ਼ਿਪ ‘ਚੋਂ ਬਾਬਾ ਫਤਹਿ ਸਿੰਘ ਅਖਾੜਾ ਵੂਲਿਚ ਦਾ ਜੋਰਾ ਸਿੰਘ ਰਿਹਾ ਜੇਤੂ




