ਨਵੀਂ ਦਿੱਲੀ, 09 ਸਤੰਬਰ 2026: ਓਲੰਪੀਅਨ ਵਿਨੇਸ਼ ਫੋਗਾਟ ਨੇ 2026 ਸੀਨੀਅਰ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਲਈ ਚੋਣ ਟਰਾਇਲਾਂ ‘ਚ ਹਿੱਸਾ ਲੈਣ ਦੀ ਇਜਾਜ਼ਤ ਮੰਗਦੇ ਹੋਏ ਦਿੱਲੀ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਹੈ।
ਇਸ ਪਟੀਸ਼ਨ ਦੇ ਸੰਬੰਧ ‘ਚ ਅਦਾਲਤ ਨੇ ਭਾਰਤੀ ਕੁਸ਼ਤੀ ਫੈਡਰੇਸ਼ਨ (WFI) ਦੇ ਵਕੀਲ ਨੂੰ ਇਸ ਮਾਮਲੇ ‘ਤੇ ਨਿਰਦੇਸ਼ ਲੈਣ ਦੇ ਹੁਕਮ ਦਿੱਤੇ ਹਨ। ਅਗਲੀ ਸੁਣਵਾਈ ਵੀਰਵਾਰ ਨੂੰ ਹੋਵੇਗੀ। ਫੋਗਾਟ ਨੇ ਆਪਣੀ ਲੰਬਿਤ ਪਟੀਸ਼ਨ ਨੂੰ ਜਾਰੀ ਰੱਖਦੇ ਹੋਏ ਇਹ ਨਵੀਂ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨ ‘ਚ, ਵਿਨੇਸ਼ ਫੋਗਾਟ ਨੇ ਗਰਭ ਅਵਸਥਾ ਅਤੇ ਜਣੇਪਾ ਛੁੱਟੀ ਤੋਂ ਬਾਅਦ ਖੇਡਾਂ ‘ਚ ਵਾਪਸ ਆਉਣ ਵਾਲੀ ਮਹਿਲਾ ਐਥਲੀਟਾਂ ਲਈ ਇੱਕ ਨੀਤੀ ਦੀ ਮੰਗ ਕੀਤੀ ਹੈ।
ਤਾਜ਼ਾ ਪਟੀਸ਼ਨ ‘ਚ ਵਿਨੇਸ਼ ਨੇ WFI ਦੇ 7 ਸਤੰਬਰ ਦੇ ਆਦੇਸ਼ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ ਜਿਸ ‘ਚ ਉਸਨੂੰ ਚੋਣ ਪ੍ਰਕਿਰਿਆ ਤੋਂ ਬਾਹਰ ਰੱਖਿਆ ਗਿਆ ਹੈ। ਜਿਕਰਯੋਗ ਹੈ ਕਿ ਦਿੱਲੀ ਹਾਈ ਕੋਰਟ ਨੇ ਗਰਭ ਅਵਸਥਾ ਅਤੇ ਜਣੇਪਾ ਛੁੱਟੀ ਤੋਂ ਬਾਅਦ ਪ੍ਰਤੀਯੋਗੀ ਖੇਡਾਂ ‘ਚ ਵਾਪਸ ਆਉਣ ਵਾਲੀ ਮਹਿਲਾ ਐਥਲੀਟਾਂ ਲਈ ਇੱਕ ਨਿਰਪੱਖ ਅਤੇ ਯੋਜਨਾਬੱਧ ਢਾਂਚਾ ਬਣਾਉਣ ਦੀ ਮੰਗ ਕਰਨ ਵਾਲੀ ਪਹਿਲਵਾਨ ਵਿਨੇਸ਼ ਫੋਗਾਟ ਦੀ ਪਟੀਸ਼ਨ ‘ਤੇ ਭਾਰਤੀ ਕੁਸ਼ਤੀ ਫੈਡਰੇਸ਼ਨ (WFI) ਅਤੇ ਕੇਂਦਰ ਸਰਕਾਰ ਤੋਂ ਜਵਾਬ ਮੰਗੇ ਸਨ।
ਜਸਟਿਸ ਸਵਰਨ ਕਾਂਤਾ ਸ਼ਰਮਾ ਦੀ ਬੈਂਚ ਨੇ ਪਟੀਸ਼ਨ ‘ਤੇ ਭਾਰਤੀ ਓਲੰਪਿਕ ਐਸੋਸੀਏਸ਼ਨ ਨੂੰ ਵੀ ਨੋਟਿਸ ਜਾਰੀ ਕੀਤਾ ਸੀ ਅਤੇ ਇਸਨੂੰ ਹਲਫ਼ਨਾਮਾ ਦਾਇਰ ਕਰਨ ਦਾ ਨਿਰਦੇਸ਼ ਦਿੱਤਾ ਸੀ।
Read More: BCCI ਤੇ ਰਾਜ ਕ੍ਰਿਕਟ ਐਸੋਸੀਏਸ਼ਨਾਂ ਰਾਸ਼ਟਰੀ ਖੇਡ ਸ਼ਾਸਨ ਐਕਟ ਤੋਂ ਬਾਹਰ ਕਿਉਂ ? ਸੁਪਰੀਮ ਕੋਰਟ ਨੇ ਮੰਗਿਆ ਜਵਾਬ




