ਚੰਡੀਗੜ੍ਹ, 21 ਅਕਤੂਬਰ 2026: ਲਾਇਨਜ਼ਗੇਟ ਪਲੇ ਦੇ ਸੰਸਥਾਪਕ ਰੋਹਿਤ ਜੈਨ ਨੇ ਚੰਡੀਗੜ੍ਹ ‘ਚ ਟਾਈਗਰ ਟੀਵੀ ਲਾਂਚ ਕੀਤਾ। ਇਹ ਪੰਜਾਬੀ ਅਤੇ ਹਿੰਦੀ ਮਨੋਰੰਜਨ ਲਈ ਇੱਕ ਪ੍ਰੀਮੀਅਮ ਪਲੇਟਫਾਰਮ ਹੈ, ਜੋ 15 ਅਕਤੂਬਰ 2026 ਤੋਂ ਭਾਰਤ ਸਮੇਤ ਦੁਨੀਆ ਦੇ 12 ਦੇਸ਼ਾਂ ‘ਚ ਉਪਲਬਧ ਹੋਵੇਗਾ। ਲਾਂਚ ਸਮਾਗਮ ‘ਚ ਗਿੱਪੀ ਗਰੇਵਾਲ, ਅੰਗਦ ਬੇਦੀ, ਪ੍ਰਿੰਸ ਕੰਵਲਜੀਤ ਸਿੰਘ ਸਮੇਤ ਮਨੋਰੰਜਨ ਜਗਤ ਦੀਆਂ ਕਈ ਪ੍ਰਮੁੱਖ ਹਸਤੀਆਂ ਮੌਜੂਦ ਰਹੀਆਂ।
ਇਸ ਦਾ ਉਦੇਸ਼ ਭਾਰਤ ਅਤੇ ਵਿਦੇਸ਼ਾਂ ‘ਚ ਰਹਿਣ ਵਾਲੇ ਪੰਜਾਬੀ ਅਤੇ ਹਿੰਦੀ ਭਾਸ਼ੀ ਦਰਸ਼ਕਾਂ ਨੂੰ ਉਨ੍ਹਾਂ ਦੀ ਭਾਸ਼ਾ, ਸੱਭਿਆਚਾਰ ਅਤੇ ਪਸੰਦ ਨਾਲ ਜੁੜਿਆ ਖ਼ਾਸ ਮਨੋਰੰਜਨ ਪ੍ਰਦਾਨ ਕਰਨਾ ਹੈ। ਕੰਪਨੀ ਦੀ ਯੋਜਨਾ ਅਗਲੇ ਤਿੰਨ ਸਾਲਾਂ ‘ਚ 500 ਕਰੋੜ ਰੁਪਏ ਤੋਂ ਵੱਧ ਦਾ ਕੰਟੈਂਟ ਆਈਪੀ ਪੋਰਟਫੋਲੀਓ ਤਿਆਰ ਕਰਨ ਅਤੇ ਪਹਿਲੇ ਸਾਲ ‘ਚ 50 ਤੋਂ ਵੱਧ ਟਾਈਟਲਜ਼ ਦੇ ਪ੍ਰੀਮੀਅਰ ਕਰਨ ਦੀ ਹੈ।
ਰੋਹਿਤ ਜੈਨ, ਸੰਸਥਾਪਕ ਅਤੇ ਸੀਈਓ, ਲਾਇਨਜ਼ਗੇਟ ਪਲੇ ਨੇ ਕਿਹਾ, “ਜਦੋਂ ਅਸੀਂ ਲਾਇਨਜ਼ਗੇਟ ਪਲੇ ਦੀ ਸ਼ੁਰੂਆਤ ਕੀਤੀ ਸੀ, ਉਸ ਸਮੇਂ ਭਾਰਤ ‘ਚ ਹਾਲੀਵੁੱਡ ਮਨੋਰੰਜਨ ਲਈ ਕੋਈ ਸਮਰਪਿਤ ਪਲੇਟਫਾਰਮ ਨਹੀਂ ਸੀ। ਅਸੀਂ ਇਸ ਖੇਤਰ ‘ਚ ਆਪਣੀ ਵੱਖਰੀ ਪਛਾਣ ਬਣਾਈ। ਟਾਈਗਰ ਟੀਵੀ ਰਾਹੀਂ ਅਸੀਂ ਇਸੇ ਰਣਨੀਤੀ ਨੂੰ ਖੇਤਰੀ ਮਨੋਰੰਜਨ ਲਈ ਅਪਣਾ ਰਹੇ ਹਾਂ। ਹਰ ਭਾਸ਼ਾ ਮਹੱਤਵਪੂਰਨ ਹੈ ਅਤੇ ਉਸ ਭਾਸ਼ਾ ਦੇ ਦਰਸ਼ਕਾਂ ਨੂੰ ਆਪਣਾ ਸਮਰਪਿਤ ਪਲੇਟਫਾਰਮ ਮਿਲਣਾ ਚਾਹੀਦਾ ਹੈ, ਨਾ ਕਿ ਸਿਰਫ਼ ਭਾਸ਼ਾ ਦਾ ਇੱਕ ਸੈਕਸ਼ਨ ਜਾਂ ਡੱਬ ਕੀਤੀਆਂ ਫ਼ਿਲਮਾਂ ਦੀ ਸੂਚੀ। ਪੰਜਾਬੀ ਕੰਟੈਂਟ ਨਾਲ ਸਾਡੀ ਸ਼ੁਰੂਆਤ ਹੋ ਰਹੀ ਹੈ ਅਤੇ ਭਵਿੱਖ ‘ਚ ਇਸ ਮਾਡਲ ਨੂੰ ਭਾਰਤ ਦੀਆਂ ਹੋਰ ਭਾਸ਼ਾਵਾਂ ਤੱਕ ਵੀ ਲਿਜਾਣ ਦੀ ਯੋਜਨਾ ਹੈ। ਸਟ੍ਰੀਮਿੰਗ ਨੇ ਭਾਸ਼ਾਵਾਂ ਦੀਆਂ ਹੱਦਾਂ ਘਟਾ ਦਿੱਤੀਆਂ ਹਨ, ਇਸ ਲਈ ਬਿਹਤਰੀਨ ਖੇਤਰੀ ਕਹਾਣੀਆਂ ਨੂੰ ਸਿਰਫ਼ ਖੇਤਰ ਤੱਕ ਸੀਮਤ ਰੱਖਣ ਦੀ ਕੋਈ ਲੋੜ ਨਹੀਂ ਹੈ।”
ਪੰਜਾਬੀ ਕੰਟੈਂਟ ‘ਚ ਦਿਲਜੀਤ ਦੋਸਾਂਝ, ਐਮੀ ਵਿਰਕ, ਗਿੱਪੀ ਗਰੇਵਾਲ, ਨੀਰੂ ਬਾਜਵਾ ਅਤੇ ਸੋਨਮ ਬਾਜਵਾ ਵਰਗੇ ਪ੍ਰਸਿੱਧ ਕਲਾਕਾਰਾਂ ਨਾਲ ਜੁੜੇ ਪ੍ਰੋਜੈਕਟ ਸ਼ਾਮਲ ਹਨ। ਹਿੰਦੀ ਕੰਟੈਂਟ ‘ਚ ‘ਦ ਤਾਜ ਸਟੋਰੀ’ ਅਤੇ ‘ਆਖ਼ਰੀ ਸਵਾਲ’ ਵਰਗੇ ਟਾਈਟਲ ਸ਼ਾਮਲ ਹਨ। ਭਾਰਤ ‘ਚ ਟਾਈਗਰ ਟੀਵੀ 349 ਰੁਪਏ ਪ੍ਰਤੀ ਤਿਮਾਹੀ ਅਤੇ 799 ਰੁਪਏ ਪ੍ਰਤੀ ਸਾਲ ਦੀ ਕੀਮਤ ‘ਤੇ ਉਪਲਬਧ ਹੋਵੇਗਾ।
Read More: ਟਾਈਗਰ ਸ਼ਰਾਫ ‘ਤੇ ਗੋ.ਲੀ.ਬਾ.ਰੀ ਕਰਨ ਵਾਲੇ ਸਾਰੇ ਹਮਲਾਵਰਾਂ ਨੂੰ ਕਰਾਂਗੇ ਗ੍ਰਿਫਤਾਰ: CM ਫੜਨਵੀਸ




