ਦਿਨੇਸ਼ ਚੱਢਾ

MLA ਦਿਨੇਸ਼ ਚੱਢਾ ਨੇ ਹਿਮਾਚਲ ਦੇ ਉਦਯੋਗਿਕ ਪ੍ਰਦੂਸ਼ਣ ਤੋਂ ਪੰਜਾਬ ਦੀ ਜੀਵਨ ਰੇਖਾ ਸਤਲੁਜ ਨੂੰ ਖ਼ਤਰੇ ਦਾ ਕੀਤਾ ਪਰਦਾਫਾਸ਼

ਚੰਡੀਗੜ੍ਹ 12 ਸਤੰਬਰ 2026: ਰੋਪੜ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਦਿਨੇਸ਼ ਚੱਢਾ ਨੇ ਹਿਮਾਚਲ ਪ੍ਰਦੇਸ਼ ਦੇ ਬੀਬੀਐਨ ਉਦਯੋਗਿਕ ਖੇਤਰ ਤੋਂ ਸਰਸਾ ਨਦੀ ‘ਚ ਅਣ-ਸੋਧੇ ਉਦਯੋਗਿਕ ਕੂੜੇ ਅਤੇ ਸੀਵਰੇਜ ਦੇ ਪਾਣੀ ਨੂੰ ਸੁੱਟੇ ਜਾਣ ‘ਤੇ ਗੰਭੀਰ ਚਿੰਤਾ ਪ੍ਰਗਟਾਈ ਹੈ, ਜੋ ਬਾਅਦ ‘ਚ ਸਤਲੁਜ ਨਦੀ ‘ਚ ਮਿਲਦਾ ਹੈ।

ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਨੇ ਕਿਹਾ, “ਬੱਦੀ ਖੇਤਰ ਦੇ ਦੌਰੇ ਦੌਰਾਨ ਸਾਡੀ ਟੀਮ ਨੇ ਦੇਖਿਆ ਕਿ ਕਈ ਸਥਾਨਕ ਨਾਲੇ ਅਤੇ ਖੱਡਾਂ ਉਦਯੋਗਿਕ ਕੂੜਾ ਸਰਸਾ ਨਦੀ ਵਿੱਚ ਲੈ ਕੇ ਜਾ ਰਹੀਆਂ ਹਨ। ਫਾਰਮਾਸਿਊਟੀਕਲ ਕੂੜਾ, ਤੇਜ਼ਾਬ ਅਤੇ ਹੋਰ ਉਦਯੋਗਿਕ ਰਸਾਇਣ ਵੱਖ-ਵੱਖ ਥਾਵਾਂ ‘ਤੇ ਨਾਲਿਆਂ ਰਾਹੀਂ ਬਹਾਏ ਜਾ ਰਹੇ ਹਨ। ਇਹ ਉਦਯੋਗਿਕ ਕੂੜਾ ਆਖਰਕਾਰ ਸਰਸਾ ਅਤੇ ਫਿਰ ਸਤਲੁਜ ਵਿੱਚ ਪਹੁੰਚਦਾ ਹੈ, ਜੋ ਪੰਜਾਬ ਦੇ ਪਾਣੀ ਦੇ ਸਰੋਤਾਂ ਨੂੰ ਸਿੱਧੇ ਤੌਰ ‘ਤੇ ਪ੍ਰਭਾਵਿਤ ਕਰ ਰਿਹਾ ਹੈ ਅਤੇ ਕੈਂਸਰ ਫੈਲਾ ਰਿਹਾ ਹੈ।”

‘ਆਪ’ ਵਿਧਾਇਕ ਨੇ ਦੱਸਿਆ, “ਬੀਬੀਐਨ ਉਦਯੋਗਿਕ ਖੇਤਰ ‘ਚ ਲਗਭਗ 2,200 ਉਦਯੋਗ ਹਨ। ਇਨ੍ਹਾਂ ਵਿੱਚੋਂ 1,000 ਉਦਯੋਗ ਤਰਲ ਕੂੜਾ ਪੈਦਾ ਕਰਦੇ ਹਨ, ਜਦੋਂ ਕਿ ਸਿਰਫ਼ 377 ਦੇ ਲਗਭਗ ਇਕਾਈਆਂ ਹੀ ਆਪਣੇ ਕੂੜੇ ਨੂੰ ਕਾਮਨ ਏਫਲੂਐਂਟ ਟ੍ਰੀਟਮੈਂਟ ਪਲਾਂਟ (ਸੀਈਟੀਪੀ) ‘ਚ ਭੇਜ ਰਹੀਆਂ ਹਨ। 600 ਤੋਂ ਵੱਧ ਉਦਯੋਗ ਆਪਣੇ ਕੂੜੇ ਨੂੰ ਸਹੀ ਢੰਗ ਨਾਲ ਸੋਧਣ ਦੀ ਬਜਾਏ ਨਾਲਿਆਂ ‘ਚ ਬਹਾ ਰਹੇ ਹਨ।” ਉਨ੍ਹਾਂ ਨੇ ਬੱਦੀ ‘ਚ ਸੀਵਰੇਜ ਟ੍ਰੀਟਮੈਂਟ ਦੇ ਨਾਕਾਫ਼ੀ ਢਾਂਚੇ ‘ਤੇ ਵੀ ਚਿੰਤਾ ਪ੍ਰਗਟਾਈ।

ਰੋਪੜ ਦੇ ਵਿਧਾਇਕ ਨੇ ਦੱਸਿਆ, “ਬੱਦੀ ਦੀ ਸਰਕਾਰੀ ਰਿਕਾਰਡ ਅਨੁਸਾਰ ਆਬਾਦੀ ਲਗਭਗ 2.2 ਲੱਖ ਹੈ, ਜਦੋਂ ਕਿ ਵੱਡੀ ਗਿਣਤੀ ਵਿੱਚ ਪ੍ਰਵਾਸੀ ਅਤੇ ਉਦਯੋਗਿਕ ਮਜ਼ਦੂਰਾਂ ਦੇ ਕਾਰਨ ਅਸਲ ਆਬਾਦੀ ਲਗਭਗ ਚਾਰ ਲੱਖ ਹੋਣ ਦਾ ਅਨੁਮਾਨ ਹੈ। ਸਰਕਾਰੀ ਰਿਕਾਰਡ ਵਾਲੀ ਆਬਾਦੀ ਲਈ ਵੀ ਸੀਵਰੇਜ ਟ੍ਰੀਟਮੈਂਟ ਦੀ ਲੋੜ ਲਗਭਗ 32 ਐਮਐਲਡੀ ਹੈ, ਜਿਸ ਦੇ ਮੁਕਾਬਲੇ ਫਿਲਹਾਲ ਸਿਰਫ਼ 5 ਐਮਐਲਡੀ ਦਾ ਸੀਵਰੇਜ ਟ੍ਰੀਟਮੈਂਟ ਪਲਾਂਟ ਹੀ ਚੱਲ ਰਿਹਾ ਹੈ।”

ਉਨ੍ਹਾਂ ਖੇਤਰ ‘ਚ ਸੋਲਿਡ ਵੇਸਟ ਮੈਨੇਜਮੈਂਟ ‘ਤੇ ਵੀ ਚਿੰਤਾ ਪ੍ਰਗਟਾਉਂਦੇ ਹੋਏ ਕਿਹਾ, “ਮਾਜਰਾ ਸਥਿਤ ਸ਼ਿਵਾਲਿਕ ਸੋਲਿਡ ਵੇਸਟ ਪਲਾਂਟ ‘ਚ ਵੀ ਸਥਾਨਕ ਨਿਵਾਸੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਹਾ ਹੈ ਅਤੇ ਉੱਥੇ ਕੂੜੇ ਦਾ ਨਿਪਟਾਰਾ ਸਹੀ ਢੰਗ ਨਾਲ ਨਹੀਂ ਕੀਤਾ ਜਾ ਰਿਹਾ।”

ਦਿਨੇਸ਼ ਚੱਢਾ ਨੇ ਕਿਹਾ, “ਇਹ ਮੁੱਦਾ ਮੇਰੀ ਪਟੀਸ਼ਨ ਰਾਹੀਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਕੋਲ ਪਹੁੰਚ ਚੁੱਕਾ ਹੈ, ਅਤੇ ਟ੍ਰਿਬਿਊਨਲ ਨੇ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਦੀਆਂ ਸਰਕਾਰਾਂ ਤੋਂ ਜਵਾਬ ਮੰਗਿਆ ਹੈ। ਸਤਲੁਜ ਦੇ ਪਾਣੀ ਦੀ ਵਰਤੋਂ ਪੰਜਾਬ ਦੇ ਲੋਕ ਪੀਣ ਅਤੇ ਸਿੰਚਾਈ ਲਈ ਕਰਦੇ ਹਨ, ਜਿਸ ਕਰਕੇ ਉੱਪਰਲੇ ਖੇਤਰਾਂ ਤੋਂ ਨਦੀ ‘ਚ ਪਹੁੰਚ ਰਿਹਾ ਪ੍ਰਦੂਸ਼ਣ ਇੱਕ ਗੰਭੀਰ ਚਿੰਤਾ ਦਾ ਵੀਸ਼ਾ ਹੈ।”

ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਕੇਂਦਰ ਸਰਕਾਰ ਤੋਂ ਤੁਰੰਤ ਕਾਰਵਾਈ ਦੀ ਮੰਗ ਕਰਦਿਆਂ ‘ਆਪ’ ਵਿਧਾਇਕ ਨੇ ਕਿਹਾ, “ਅਣ-ਸੋਧੇ ਉਦਯੋਗਿਕ ਕੂੜੇ ਅਤੇ ਸੀਵਰੇਜ ਦੇ ਪਾਣੀ ਨੂੰ ਬਹਾਉਣ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ, ਅਤੇ ਬੀਬੀਐਨ ਖੇਤਰ ਦੇ ਉਦਯੋਗਿਕ ਕੂੜੇ ਨੂੰ ਨਿਪਟਾਉਣ ਤੋਂ ਪਹਿਲਾਂ ਸਹੀ ਢੰਗ ਨਾਲ ਸੋਧਿਆ ਜਾਣਾ ਚਾਹੀਦਾ ਹੈ।” ਉਨ੍ਹਾਂ ਬੱਦੀ ‘ਚ ਸੀਵਰੇਜ ਟ੍ਰੀਟਮੈਂਟ ਦੇ ਢੁਕਵੇਂ ਢਾਂਚੇ ਦੀ ਵੀ ਮੰਗ ਕੀਤੀ।

ਉਨ੍ਹਾਂ ਜ਼ੋਰ ਦੇ ਕੇ ਕਿਹਾ, “ਪੰਜਾਬ ਤੋਂ ਆਪਣੇ ਪਾਣੀ ਦੇ ਸਰੋਤਾਂ ਦੀ ਰਾਖੀ ਕਰਨ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਜਦੋਂ ਤੱਕ ਉੱਪਰਲੇ ਖੇਤਰਾਂ ਤੋਂ ਅਣ-ਸੋਧਿਆ ਉਦਯੋਗਿਕ ਕੂੜਾ ਸਤਲੁਜ ‘ਚ ਲਗਾਤਾਰ ਡਿੱਗਦਾ ਰਹੇਗਾ।” ਉਨ੍ਹਾਂ ਸਬੰਧਤ ਪ੍ਰਦੂਸ਼ਣ ਕੰਟਰੋਲ, ਵਾਤਾਵਰਣ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਭੂਮਿਕਾ ‘ਤੇ ਸਵਾਲ ਚੁੱਕੇ ਅਤੇ ਉਨ੍ਹਾਂ ਨੂੰ ਪੰਜਾਬ ਦੇ ਪਾਣੀ ਅਤੇ ਜਨਤਕ ਸਿਹਤ ਦੀ ਸੁਰੱਖਿਆ ਲਈ ਕਦਮ ਚੁੱਕਣ ਦੀ ਅਪੀਲ ਕੀਤੀ।

Read More: ਸਚਿਨ ਪਾਇਲਟ 15 ਸਤੰਬਰ ਨੂੰ ਪੰਜਾਬ ਕਾਂਗਰਸ ਦੇ ਰੋਸ ਮਾਰਚ ਹੋਣਗੇ ਸ਼ਾਮਲ

ਵਿਦੇਸ਼

Scroll to Top