ਲਖਨਊ, 03 ਅਕਤੂਬਰ 2026: ਮਹਾਦੇਵ ਦੀ ਨਗਰੀ, ਪਵਿੱਤਰ ਸ਼ਹਿਰ ਕਾਸ਼ੀ, ਭਾਰਤੀ ਹਵਾਈ ਸੈਨਾ ਦੀ ਬਹਾਦਰੀ, ਹਿੰਮਤ ਅਤੇ ਸਮਰੱਥਾ ਦੀ ਗਵਾਹ ਬਣਨ ਲਈ ਤਿਆਰ ਹੈ। ਜਦੋਂ ਗੰਗਾ ਦੇ ਨਿਰਵਿਘਨ ਵਹਾਅ ਦੇ ਨਾਲ ਵਸੇ ਕਾਸ਼ੀ ਦੇ ਅਸਮਾਨ ‘ਚ ਭਾਰਤੀ ਹਵਾਈ ਫੌਜ ਦੇ ਜਹਾਜ਼ਾਂ ਦੀ ਗਰਜ ਸੁਣਾਈ ਦੇਵੇਗੀ, ਤਾਂ ਇਹ ਨਜ਼ਾਰਾ ਦੇਸ਼ ਦੀ ਰਣਨੀਤਕ ਸਮਰੱਥਾ ਅਤੇ ਕਾਸ਼ੀ ਦੀ ਅਨਮੋਲ ਸੱਭਿਆਚਾਰਕ ਵਿਰਾਸਤ ਦੇ ਅਨੋਖੇ ਸੁਮੇਲ ਨੂੰ ਪੇਸ਼ ਕਰੇਗਾ।
ਮੁੱਖ ਮੰਤਰੀ ਯੋਗੀ ਨੇ ਸ਼ਨੀਵਾਰ ਨੂੰ ਵਾਰਾਣਸੀ ਦੇ ਨਮੋ ਘਾਟ ‘ਤੇ 24 ਤੋਂ 26 ਅਕਤੂਬਰ ਤੱਕ ਹੋਣ ਵਾਲੇ ਸ਼ਾਨਦਾਰ ਏਅਰ ਸ਼ੋਅ ਦੀਆਂ ਤਿਆਰੀਆਂ ਬਾਰੇ ਉੱਚ-ਪੱਧਰੀ ਸਮੀਖਿਆ ਮੀਟਿੰਗ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ 25 ਅਕਤੂਬਰ ਨੂੰ ਹੋਣ ਵਾਲੇ ਮੁੱਖ ਸਮਾਗਮ ‘ਚ ਸ਼ਾਮਲ ਹੋਣ ਦੀ ਸੰਭਾਵਨਾ ਹੈ।
ਸਮੀਖਿਆ ਮੀਟਿੰਗ ਦੌਰਾਨ, ਭਾਰਤੀ ਹਵਾਈ ਫੌਜ ਦੇ ਅਧਿਕਾਰੀਆਂ ਅਤੇ ਵਾਰਾਣਸੀ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨੇ ਮੁੱਖ ਮੰਤਰੀ ਦੇ ਸਾਹਮਣੇ ਏਅਰ ਸ਼ੋਅ ਦੀਆਂ ਤਿਆਰੀਆਂ ਅਤੇ ਵਿਆਪਕ ਕਾਰਜ ਯੋਜਨਾ ਬਾਰੇ ਵਿਸਤ੍ਰਿਤ ਪੇਸ਼ਕਾਰੀ ਦਿੱਤੀ।
ਅਧਿਕਾਰੀਆਂ ਨੇ ਉਨ੍ਹਾਂ ਨੂੰ ਦਰਸ਼ਕ ਗੈਲਰੀਆਂ, ਗ੍ਰੈਂਡਸਟੈਂਡ, ਵਿਸ਼ੇਸ਼ ਮਹਿਮਾਨਾਂ ਲਈ ਨਿਰਧਾਰਤ ਖੇਤਰਾਂ, ਮੀਡੀਆ ਖੇਤਰ, ਆਉਣ-ਜਾਣ ਦੇ ਰਸਤਿਆਂ, ਸੁਰੱਖਿਆ ਜਾਂਚ ਕੇਂਦਰਾਂ ਅਤੇ ਸਥਾਨ ਦੇ ਹੋਰ ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ। ਮੁੱਖ ਮੰਤਰੀ ਨੂੰ ਨਮੋ ਘਾਟ ਅਤੇ ਗੰਗਾ ਦੇ ਨਾਲ ਲੱਗਦੇ ਖੇਤਰਾਂ ਵਿੱਚ ਸੰਭਾਵਿਤ ਭੀੜ ਨੂੰ ਧਿਆਨ ‘ਚ ਰੱਖਦੇ ਹੋਏ, ਵੱਖ-ਵੱਖ ਖੇਤਰਾਂ ਨੂੰ ਜ਼ੋਨਾਂ ਅਤੇ ਸੈਕਟਰਾਂ ‘ਚ ਵੰਡ ਕੇ ਵਿਵਸਥਿਤ ਪ੍ਰਬੰਧਨ ਕਰਨ ਦੀ ਕਾਰਜ ਯੋਜਨਾ ਬਾਰੇ ਵੀ ਜਾਣੂ ਕਰਵਾਇਆ ਗਿਆ।
ਮੁੱਖ ਮੰਤਰੀ ਯੋਗੀ ਨੇ ਕਿਹਾ, “ਇਸ ਏਅਰ ਸ਼ੋਅ ਨੂੰ ਲੈ ਕੇ ਆਮ ਜਨਤਾ ‘ਚ ਕਾਫ਼ੀ ਉਤਸ਼ਾਹ ਹੈ ਅਤੇ ਭਾਰਤੀ ਹਵਾਈ ਫੌਜ (IAF) ਦੇ ਪ੍ਰਦਰਸ਼ਨ ਨੂੰ ਦੇਖਣ ਲਈ ਵੱਡੀ ਗਿਣਤੀ ‘ਚ ਲੋਕ ਪਹੁੰਚ ਸਕਦੇ ਹਨ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ, ਭੀੜ ਪ੍ਰਬੰਧਨ, ਆਵਾਜਾਈ ਦੇ ਸੁਚਾਰੂ ਸੰਚਾਲਨ, ਪਾਰਕਿੰਗ ਅਤੇ ਖੇਤਰ-ਵਾਰ ਸਥਾਨਾਂ ਦੀ ਨਿਸ਼ਾਨਦੇਹੀ ਲਈ ਪਹਿਲਾਂ ਤੋਂ ਹੀ ਪੁਖ਼ਤਾ ਪ੍ਰਬੰਧ ਯਕੀਨੀ ਬਣਾਏ ਜਾਣੇ ਚਾਹੀਦੇ ਹਨ।
ਉਨ੍ਹਾਂ ਕਿਹਾ ਕਿ ਦਰਸ਼ਕਾਂ ਦੀ ਆਵਾਜਾਈ ਲਈ ਰਸਤੇ ਸਾਫ਼ ਅਤੇ ਸੁਵਿਧਾਜਨਕ ਹੋਣੇ ਚਾਹੀਦੇ ਹਨ ਅਤੇ ਹਰ ਖੇਤਰ ਵਿੱਚ ਪੀਣ ਵਾਲੇ ਪਾਣੀ, ਮੁੱਢਲੀ ਸਹਾਇਤਾ, ਸਫ਼ਾਈ ਅਤੇ ਸੁਰੱਖਿਆ ਦੇ ਢੁਕਵੇਂ ਪ੍ਰਬੰਧ ਹੋਣੇ ਚਾਹੀਦੇ ਹਨ।” ਉਨ੍ਹਾਂ ਹਦਾਇਤ ਕੀਤੀ ਕਿ ਸਿਖਲਾਈ ਪ੍ਰਾਪਤ ਪੁਲਿਸ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਜਾਵੇ ਅਤੇ ਹਰੇਕ ਸੈਕਟਰ ਲਈ ਮੈਜਿਸਟਰੇਟਾਂ ਨੂੰ ਯੋਜਨਾਬੱਧ ਤਰੀਕੇ ਨਾਲ ਤਾਇਨਾਤ ਕੀਤਾ ਜਾਵੇ।
ਮੁੱਖ ਮੰਤਰੀ ਨੇ ਕਿਹਾ, “ਇਸ ਸਮਾਗਮ ਦੌਰਾਨ, ਨਮੋ ਘਾਟ ਦੇ ਨਾਲ-ਨਾਲ ਕਾਸ਼ੀ ਦੇ ਪ੍ਰਮੁੱਖ ਘਾਟਾਂ ਅਤੇ ਆਸ-ਪਾਸ ਦੇ ਇਲਾਕਿਆਂ ‘ਚ ਵੀ ਵੱਡੀ ਗਿਣਤੀ ਵਿੱਚ ਲੋਕਾਂ ਦੇ ਪਹੁੰਚਣ ਦੀ ਸੰਭਾਵਨਾ ਹੈ। ਅਜਿਹੀ ਸਥਿਤੀ ‘ਚ, ਘਾਟਾਂ ‘ਤੇ ਭੀੜ ਪ੍ਰਬੰਧਨ, ਆਵਾਜਾਈ ਪ੍ਰਬੰਧਨ, ਪਾਰਕਿੰਗ ਅਤੇ ਪਾਣੀ ਤੇ ਜ਼ਮੀਨੀ ਰਸਤਿਆਂ ਰਾਹੀਂ ਆਵਾਜਾਈ ਨੂੰ ਇੱਕ ਏਕੀਕ੍ਰਿਤ ਕਾਰਜ ਯੋਜਨਾ ਤਹਿਤ ਸੰਭਾਲਿਆ ਜਾਣਾ ਚਾਹੀਦਾ ਹੈ। ਸੰਭਾਵਿਤ ਹਾਲਾਤਾਂ ਨੂੰ ਧਿਆਨ ‘ਚ ਰੱਖਦੇ ਹੋਏ, ਸੁਰੱਖਿਆ ਅਤੇ ਐਮਰਜੈਂਸੀ ਪ੍ਰਬੰਧਾਂ ਦਾ ਵੀ ਪਹਿਲਾਂ ਤੋਂ ਅਭਿਆਸ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਲੋੜ ਪੈਣ ‘ਤੇ ਸਾਰੀਆਂ ਸਬੰਧਤ ਟੀਮਾਂ ਤੁਰੰਤ ਤਾਲਮੇਲ ਨਾਲ ਕਾਰਵਾਈ ਕਰ ਸਕਣ।”
ਮੁੱਖ ਮੰਤਰੀ ਨੇ ਵਾਰਾਣਸੀ ਮੰਡਲ ਦੇ ਸਾਰੇ ਜ਼ਿਲ੍ਹਿਆਂ ਦੇ ਜ਼ਿਲ੍ਹਾ ਮੈਜਿਸਟਰੇਟਾਂ ਵਿਚਕਾਰ ਬਿਹਤਰ ਤਾਲਮੇਲ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ, “ਏਅਰ ਸ਼ੋਅ ਦੌਰਾਨ ਗੁਆਂਢੀ ਜ਼ਿਲ੍ਹਿਆਂ ਤੋਂ ਆਉਣ ਵਾਲੇ ਲੋਕਾਂ ਦੀ ਆਵਾਜਾਈ ਨੂੰ ਧਿਆਨ ‘ਚ ਰੱਖਦੇ ਹੋਏ, ਲੋੜੀਂਦੇ ਮਨੁੱਖੀ ਸਰੋਤਾਂ ਅਤੇ ਹੋਰ ਪ੍ਰਬੰਧਾਂ ‘ਚ ਸਹੀ ਤਾਲਮੇਲ ਹੋਣਾ ਚਾਹੀਦਾ ਹੈ। ਭਾਰਤੀ ਹਵਾਈ ਫੌਜ, ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ ਅਤੇ ਸਾਰੇ ਸਬੰਧਤ ਵਿਭਾਗਾਂ ਨੂੰ ਆਪਸੀ ਤਾਲਮੇਲ ਰਾਹੀਂ ਨਿਰਧਾਰਤ ਸਮਾਂ-ਸੀਮਾ ਦੇ ਅੰਦਰ ਤਿਆਰੀਆਂ ਮੁਕੰਮਲ ਕਰਨੀਆਂ ਚਾਹੀਦੀਆਂ ਹਨ, ਤਾਂ ਜੋ ਕਾਸ਼ੀ ਆਉਣ ਵਾਲੇ ਸ਼ਰਧਾਲੂਆਂ, ਸੈਲਾਨੀਆਂ ਅਤੇ ਆਮ ਜਨਤਾ ਨੂੰ ਸੁਰੱਖਿਅਤ ਅਤੇ ਸੁਵਿਧਾਜਨਕ ਮਾਹੌਲ ਪ੍ਰਦਾਨ ਕੀਤਾ ਜਾ ਸਕੇ।”




