ਦੇਸ਼, 12 ਅਗਸਤ 2026: ਹੁਰੂਨ ਦੀ ਇੱਕ ਤਾਜ਼ਾ ਰਿਪੋਰਟ ਦੇ ਮੁਤਾਬਕ, ਮੁਕੇਸ਼ ਅੰਬਾਨੀ ਦਾ ਪਰਿਵਾਰ 2026 ‘ਚ ਭਾਰਤ ਦਾ ਸਭ ਤੋਂ ਅਮੀਰ ਕਾਰੋਬਾਰੀ ਪਰਿਵਾਰ ਬਣਿਆ ਹੋਇਆ ਹੈ। 8.5% ਦੀ ਗਿਰਾਵਟ ਦੇ ਬਾਵਜੂਦ, ਉਨ੍ਹਾਂ ਦੀ ਦੌਲਤ ਹੁਣ ₹25.8 ਲੱਖ ਕਰੋੜ ਹੋਣ ਦਾ ਅਨੁਮਾਨ ਹੈ। ਇਸ ਦੌਰਾਨ, ਅਹਿਮਦਾਬਾਦ ਸਥਿਤ ਗੌਤਮ ਅਡਾਨੀ ਦਾ ਪਰਿਵਾਰ ਪਹਿਲੀ ਪੀੜ੍ਹੀ ਦੇ ਕਾਰੋਬਾਰੀ ਮਾਲਕਾਂ ‘ਚੋਂ ਸਭ ਤੋਂ ਅਮੀਰ ਬਣ ਕੇ ਉਭਰਿਆ ਹੈ, ਜਿਸਦੀ ਕੁੱਲ ਦੌਲਤ ₹19.6 ਲੱਖ ਕਰੋੜ ਹੈ।
ਇਹ ਜਾਣਕਾਰੀ 2026 ਬਾਰਕਲੇਜ਼ ਪ੍ਰਾਈਵੇਟ ਕਲਾਇੰਟਸ ਹੁਰੂਨ ਇੰਡੀਆ ਮੋਸਟ ਵੈਲਿਊਏਬਲ ਫੈਮਿਲੀ ਬਿਜ਼ਨਸ ਸੂਚੀ ‘ਚ ਸਾਹਮਣੇ ਆਈ ਹੈ। ਟੈਲੀਕਾਮ ਕੰਪਨੀ ਏਅਰਟੈੱਲ ਦੇ ਸੰਸਥਾਪਕ ਸੁਨੀਲ ਭਾਰਤੀ ਮਿੱਤਲ ਸੂਚੀ ‘ਚ ਤੀਜੇ ਸਥਾਨ ‘ਤੇ ਹਨ। ਉਨ੍ਹਾਂ ਦੀ ਦੌਲਤ ₹12.1 ਲੱਖ ਕਰੋੜ ਹੈ, ਜਿਸ ਨਾਲ ਉਹ ਪਹਿਲੀ ਪੀੜ੍ਹੀ ਦੇ ਪਰਿਵਾਰਾਂ ‘ਚੋਂ ਦੂਜੇ ਸਭ ਤੋਂ ਅਮੀਰ ਬਣ ਗਏ ਹਨ। ਕੁਮਾਰ ਮੰਗਲਮ ਬਿਰਲਾ ₹8.14 ਲੱਖ ਕਰੋੜ ਦੀ ਕੁੱਲ ਜਾਇਦਾਦ ਦੇ ਨਾਲ ਚੌਥੇ ਸਥਾਨ ‘ਤੇ ਹਨ।
ਹੁਰੂਨ ਇੰਡੀਆ ਦੇ ਸੰਸਥਾਪਕ ਅਤੇ ਮੁੱਖ ਖੋਜਕਰਤਾ ਅਨਸ ਰਹਿਮਾਨ ਜੁਨੈਦ ਨੇ ਕਿਹਾ ਕਿ ਭਾਰਤ ਦੇ ਸਭ ਤੋਂ ਕੀਮਤੀ ਪਰਿਵਾਰਕ ਕਾਰੋਬਾਰਾਂ ਦੀ ਕੁੱਲ ਦੌਲਤ ਹੁਣ US$1.46 ਟ੍ਰਿਲੀਅਨ ਹੈ। ਇਹ ਭਾਰਤੀ ਮੁਦਰਾ ਵਿੱਚ 138 ਲੱਖ ਕਰੋੜ ਰੁਪਏ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਸੂਚੀ ਇੱਕ ਦੇਸ਼ ਹੁੰਦੀ, ਤਾਂ ਇਹ GDP ਦੇ ਹਿਸਾਬ ਨਾਲ ਦੁਨੀਆ ਦੀ 18ਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੁੰਦੀ। ਇਹ ਨੀਦਰਲੈਂਡ, ਸਾਊਦੀ ਅਰਬ, ਸਵਿਟਜ਼ਰਲੈਂਡ ਅਤੇ ਪੋਲੈਂਡ ਵਰਗੇ ਦੇਸ਼ਾਂ ਨਾਲੋਂ ਵੱਡੀ ਹੁੰਦੀ। ਰਿਪੋਰਟ ਦੇ ਅਨੁਸਾਰ, ਭਾਰਤ ਦੇ ਚੋਟੀ ਦੇ 300 ਪਰਿਵਾਰਕ ਕਾਰੋਬਾਰਾਂ ਨੇ ਪਿਛਲੇ ਦੋ ਸਾਲਾਂ ‘ਚ ਹਰ ਰੋਜ਼ 4,076 ਕਰੋੜ ਰੁਪਏ ਦਾ ਮੁੱਲ ਜੋੜਿਆ ਹੈ।
Read More: ਅਮਰੀਕਾ ‘ਚ ਅਡਾਨੀ ਖਿਲਾਫ਼ ਕੇਸ ਬੰਦ ਹੋਣ ਤੋਂ ਬਾਅਦ ਰਾਹੁਲ ਗਾਂਧੀ ਵੱਲੋਂ PM ਮੋਦੀ ਦੀ ਆਲੋਚਨਾ




