ਹਰਿਆਣਾ, 16 ਨਵੰਬਰ 2026: ਹਰਿਆਣਾ ਦੀ ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਦੱਸਿਆ ਕਿ ਹੁਣ ਸੂਬਾ ਸਰਕਾਰ ਵੱਲੋਂ ‘ਚਿਰਾਯੂ-ਐਕਸਟੈਂਸ਼ਨ’ ਯੋਜਨਾ ਤਹਿਤ, 8812 ਰਾਸ਼ਟਰੀ ਸਿਹਤ ਮਿਸ਼ਨ (ਐਨਐਚਐਮ) ਦੇ ਕਰਮਚਾਰੀਆਂ (ਜੋ ਸੇਵਾ ਉਪ-ਨਿਯਮਾਂ ਦੇ ਅਧੀਨ ਆਉਂਦੇ ਹਨ) ਨੂੰ ਵੀ ‘ਆਯੁਸ਼ਮਾਨ ਭਾਰਤ-ਹਰਿਆਣਾ ਸਿਹਤ ਸੁਰੱਖਿਆ ਅਥਾਰਟੀ’ ਰਾਹੀਂ ਆਯੁਸ਼ਮਾਨ ਭਾਰਤ “ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ” ਦੀ ਸਿਹਤ ਬੀਮਾ ਕਵਰੇਜ਼ ਪ੍ਰਦਾਨ ਕੀਤੀ ਜਾਵੇਗੀ। ਇਸ ਲਈ ਕਰਮਚਾਰੀ ਨੂੰ ਸਿਰਫ਼ 1500 ਰੁਪਏ ਸਾਲਾਨਾ ਫੀਸ ਅਦਾ ਕਰਨੀ ਪਵੇਗੀ।
ਆਰਤੀ ਸਿੰਘ ਰਾਓ ਨੇ ਦੱਸਿਆ ਕਿ ਇਸ ਯੋਜਨਾ ਦਾ ਮੁੱਖ ਉਦੇਸ਼ ਯੋਗ ਲਾਭਪਾਤਰੀਆਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਕੇ ਉਨ੍ਹਾਂ ਦੇ ਇਲਾਜ ‘ਤੇ ਹੋਣ ਵਾਲੇ ਨਿੱਜੀ ਖਰਚੇ ਨੂੰ ਘਟਾਉਣਾ ਹੈ। ਇਸ ਤਹਿਤ, ਰਾਸ਼ਟਰੀ ਸਿਹਤ ਅਥਾਰਟੀ ਦੇ ‘ਸਿਹਤ ਲਾਭ ਪੈਕੇਜ’ ‘ਚ ਸ਼ਾਮਲ ਸੂਚੀਬੱਧ ਸਿਹਤ ਸੇਵਾ ਪ੍ਰਦਾਤਾਵਾਂ ਦੇ ਨੈੱਟਵਰਕ ਰਾਹੀਂ ਹਸਪਤਾਲ ‘ਚ ਦਾਖ਼ਲ ਹੋ ਕੇ ਇਲਾਜ ਅਤੇ ਡੇਅ-ਕੇਅਰ ਪ੍ਰਕਿਰਿਆਵਾਂ ਲਈ ਲਾਭ ਦਿੱਤੇ ਜਾਣਗੇ। ਇਹ ਲਾਭ ਪ੍ਰਤੀ ਪਰਿਵਾਰ 1500 ਰੁਪਏ ਸਾਲਾਨਾ ਦੇ ਮਾਮੂਲੀ ਯੋਗਦਾਨ (ਰਜਿਸਟ੍ਰੇਸ਼ਨ ਫੀਸ ਸਮੇਤ) ਦਾ ਭੁਗਤਾਨ ਕਰਨ ਤੋਂ ਬਾਅਦ ਪ੍ਰਾਪਤ ਕੀਤੇ ਜਾ ਸਕਣਗੇ।
ਰਾਸ਼ਟਰੀ ਸਿਹਤ ਮਿਸ਼ਨ, ਹਰਿਆਣਾ ਦੇ ਮਿਸ਼ਨ ਡਾਇਰੈਕਟਰ ਡਾ. ਆਰ. ਐਸ. ਢਿੱਲੋਂ ਨੇ ਦੱਸਿਆ ਕਿ ਇਹ ਯੋਜਨਾ ਪੂਰੀ ਤਰ੍ਹਾਂ ਕੈਸ਼ਲੈਸ, ਪੇਪਰਲੈੱਸ, ਪਾਰਦਰਸ਼ੀ ਅਤੇ ਡਿਜੀਟਲ ਹੈ। ਇਸ ਤਹਿਤ ਆਯੁਸ਼ਮਾਨ ਭਾਰਤ “ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ” ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਯੋਗ ਲਾਭਪਾਤਰੀਆਂ ਨੂੰ ਸਾਰੇ ਸੂਚੀਬੱਧ ਸਰਕਾਰੀ ਅਤੇ ਨਿੱਜੀ ਹਸਪਤਾਲਾਂ ‘ਚ ਮੁਫ਼ਤ ਇਲਾਜ ਦੀ ਸਹੂਲਤ ਮਿਲਦੀ ਹੈ। ਇਸ ‘ਚ ਪਰਿਵਾਰਕ ਮੈਂਬਰਾਂ ਦੀ ਗਿਣਤੀ ਦੀ ਕੋਈ ਸੀਮਾ ਨਹੀਂ ਹੈ।
ਡਾ. ਢਿੱਲੋਂ ਨੇ ਅੱਗੇ ਦੱਸਿਆ ਕਿ ਇਸ ‘ਚ ਸਰਜਰੀ, ਮੈਡੀਕਲ ਅਤੇ ਡੇਅ-ਕੇਅਰ ਇਲਾਜ ਸਮੇਤ ਲਗਭੱਗ 2200 ਤਰ੍ਹਾਂ ਦੇ ਇਲਾਜ ਸ਼ਾਮਲ ਹਨ, ਜਿਨ੍ਹਾਂ ‘ਚ ਦਵਾਈਆਂ ਅਤੇ ਜਾਂਚਾਂ (ਡਾਇਗਨੌਸਟਿਕਸ) ਦਾ ਖਰਚਾ ਵੀ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਇਲਾਜ ਦੇ ਖਰਚੇ ‘ਚ ਜਾਂਚਾਂ, ਹਸਪਤਾਲ ‘ਚ ਦਾਖ਼ਲ ਹੋਣ ਤੋਂ 3 ਦਿਨ ਪਹਿਲਾਂ ਦਾ ਖਰਚਾ ਅਤੇ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ 15 ਦਿਨਾਂ ਤੱਕ ਦਾ ਖਰਚਾ ਸ਼ਾਮਲ ਹੈ। ਪਹਿਲਾਂ ਤੋਂ ਮੌਜੂਦ ਸਾਰੀਆਂ ਬਿਮਾਰੀਆਂ ਇਸ ਯੋਜਨਾ ਦੇ ਦਾਇਰੇ ‘ਚ ਆਉਂਦੀਆਂ ਹਨ ਅਤੇ ਯੋਗ ਲਾਭਪਾਤਰੀ ਪੂਰੇ ਭਾਰਤ ‘ਚ ਕਿਤੇ ਵੀ ਇਨ੍ਹਾਂ ਸੇਵਾਵਾਂ ਦਾ ਲਾਭ ਲੈ ਸਕਦੇ ਹਨ, ਕਿਉਂਕਿ ਇਸ ਯੋਜਨਾ ‘ਚ ‘ਨੈਸ਼ਨਲ ਪੋਰਟੇਬਿਲਟੀ’ ਦੀ ਸਹੂਲਤ ਹੈ।
ਇਸ ਯੋਜਨਾ ਤਹਿਤ ਜ਼ਿਲ੍ਹਾ ਅਤੇ ਸੂਬਾ ਦੋਵਾਂ ਪੱਧਰਾਂ ‘ਤੇ ਸ਼ਿਕਾਇਤਾਂ ਦੇ ਨਿਪਟਾਰੇ ਲਈ ਇੱਕ ਵਿਸ਼ੇਸ਼ ਪ੍ਰਣਾਲੀ (ਗ੍ਰੀਵੈਂਸ ਰੈੱਡਰੈਸਲ ਮਕੈਨਿਜ਼ਮ) ਮੌਜੂਦ ਹੈ। ਡਾ. ਢਿੱਲੋਂ ਨੇ ਅੱਗੇ ਕਿਹਾ ਕਿ ਸਾਰੇ ਸਬੰਧਤ ਕਰਮਚਾਰੀ ਅਧਿਕਾਰਤ ਲਾਭਪਾਤਰੀ ਪੋਰਟਲ https://beneficiary.nha.gov.in/ ‘ਤੇ ਜਾ ਕੇ ਆਪਣੇ ਅਤੇ ਆਪਣੇ ਪਰਿਵਾਰ ਦੇ ਉਨ੍ਹਾਂ ਮੈਂਬਰਾਂ ਲਈ ਆਯੁਸ਼ਮਾਨ ਕਾਰਡ ਬਣਾ ਸਕਦੇ ਹਨ, ਜਿਨ੍ਹਾਂ ਦੇ ਨਾਮ ‘ਫੈਮਿਲੀ ਆਈਡੀ’ ‘ਚ ਸ਼ਾਮਲ ਹਨ। ਸਾਰੇ ਸਬੰਧਤ ਕਰਮਚਾਰੀ ਆਪਣੇ ਆਯੁਸ਼ਮਾਨ ਕਾਰਡ ਜਾਂ ਤਾਂ ਖੁਦ ਆਪਣੇ ਜ਼ਿਲ੍ਹੇ ਦੇ ਪੱਧਰ ‘ਤੇ ਡਾਊਨਲੋਡ ਕਰ ਸਕਦੇ ਹਨ ਜਾਂ ਫਿਰ ਸਿਵਲ ਹਸਪਤਾਲਾਂ ‘ਚ ਮੌਜੂਦ ‘ਆਯੁਸ਼ਮਾਨ ਮਿੱਤਰਾਂ’ ਦੀ ਮੱਦਦ ਨਾਲ ਪ੍ਰਾਪਤ ਕਰ ਸਕਦੇ ਹਨ।




