Haryana news

ਹਰਿਆਣਾ ਨੇ ਗਿਆਨ ਭਾਰਤਮ ਮਿਸ਼ਨ ਦੇ ਤਹਿਤ 27,000 ਤੋਂ ਵੱਧ ਪਾਂਡੂਲਿਪੀਆਂ ਕੀਤੀਆਂ ਅਪਲੋਡ

ਹਰਿਆਣਾ, 25 ਮਈ 2026: ਹਰਿਆਣਾ ਨੇ ਗਿਆਨ ਭਾਰਤਮ ਮਿਸ਼ਨ ਦੇ ਤਹਿਤ ਹੁਣ ਤੱਕ ਕੁੱਲ 27,587 ਹੱਥ-ਲਿਖਤਾਂ (ਪਾਂਡੂਲਿਪੀਆਂ) ਅਪਲੋਡ ਕੀਤੀਆਂ ਹਨ। ਇਹ ਹਰਿਆਣਾ ਦੀ ਅਮੀਰ ਬੌਧਿਕ, ਸੱਭਿਆਚਾਰਕ ਅਤੇ ਦਸਤਾਵੇਜ਼ੀ ਵਿਰਾਸਤ ਨੂੰ ਸੁਰੱਖਿਅਤ ਰੱਖਣ ਵੱਲ ਇੱਕ ਵੱਡਾ ਕਦਮ ਹੈ।

ਰਾਸ਼ਟਰੀ ਹੱਥ-ਲਿਖਤ ਸਰਵੇਖਣ ਦੀ ਪ੍ਰਗਤੀ ਦੀ ਸਮੀਖਿਆ ਕਰਦੇ ਹੋਏ, ਮੁੱਖ ਸਕੱਤਰ ਅਨੁਰਾਗ ਰਸਤੋਗੀ ਨੇ ਕਿਹਾ ਕਿ ਹੱਥ-ਲਿਖਤਾਂ (ਪਾਂਡੂਲਿਪੀਆਂ) ਦੀ ਸੰਭਾਲ ਸਿਰਫ਼ ਦਸਤਾਵੇਜ਼ੀਕਰਨ ਤੱਕ ਸੀਮਿਤ ਨਹੀਂ ਹੈ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਸਦੀਆਂ ਪੁਰਾਣੇ ਗਿਆਨ, ਪਰੰਪਰਾਵਾਂ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਨੂੰ ਸੁਰੱਖਿਅਤ ਰੱਖਣ ਦਾ ਇੱਕ ਮਹੱਤਵਪੂਰਨ ਯਤਨ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਪਹਿਲਕਦਮੀਆਂ ਨਾ ਸਿਰਫ਼ ਭਾਰਤ ਦੀ ਅਮੀਰ ਬੌਧਿਕ ਵਿਰਾਸਤ ਨੂੰ ਸੁਰੱਖਿਅਤ ਰੱਖਣਗੀਆਂ ਬਲਕਿ ਖੋਜਕਰਤਾਵਾਂ ਅਤੇ ਵਿਦਵਾਨਾਂ ਲਈ ਇਸਨੂੰ ਵਧੇਰੇ ਪਹੁੰਚਯੋਗ ਵੀ ਬਣਾਉਣਗੀਆਂ।

ਸਮੀਖਿਆ ਮੀਟਿੰਗ ਦੌਰਾਨ, ਮੁੱਖ ਸਕੱਤਰ ਨੇ ਵੱਖ-ਵੱਖ ਜ਼ਿਲ੍ਹਿਆਂ ‘ਚ ਚੱਲ ਰਹੇ ਸਰਵੇਖਣ ਦੇ ਕੰਮ ਦਾ ਮੁਲਾਂਕਣ ਕੀਤਾ ਅਤੇ ਸਾਰੇ ਵਿਭਾਗਾਂ ਨੂੰ ਜਨਤਕ ਜਾਗਰੂਕਤਾ ਅਤੇ ਦਸਤਾਵੇਜ਼ੀਕਰਨ ਦੇ ਯਤਨਾਂ ਨੂੰ ਹੋਰ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਰਾਜ ‘ਚ ਉਪਲਬੱਧ ਕੀਮਤੀ ਹੱਥ-ਲਿਖਤਾਂ ਦੇ ਵਿਆਪਕ ਦਸਤਾਵੇਜ਼ੀਕਰਨ ਨੂੰ ਯਕੀਨੀ ਬਣਾਉਣ ਲਈ ਸਰਕਾਰੀ ਵਿਭਾਗਾਂ, ਵਿਦਿਅਕ ਸੰਸਥਾਵਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਿਚਕਾਰ ਬਿਹਤਰ ਤਾਲਮੇਲ ਜ਼ਰੂਰੀ ਹੈ।

ਮੀਟਿੰਗ ‘ਚ ਦੱਸਿਆ ਕਿ ਰਾਸ਼ਟਰੀ ਹੱਥ-ਲਿਖਤ ਸਰਵੇਖਣ ਨੂੰ ਲਾਗੂ ਕਰਨ ਲਈ ਪੁਰਾਲੇਖ ਵਿਭਾਗ ਨੂੰ ਰਾਜ ਨੋਡਲ ਵਿਭਾਗ ਨਿਯੁਕਤ ਕੀਤਾ ਹੈ। ਇਸ ਪਹਿਲਕਦਮੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਅਤੇ ਨਿਗਰਾਨੀ ਕਰਨ ਲਈ ਮੁੱਖ ਸਕੱਤਰ ਦੀ ਪ੍ਰਧਾਨਗੀ ਹੇਠ ਇੱਕ ਸੂਬਾ-ਪੱਧਰੀ ਸਥਾਈ ਕਮੇਟੀ ਬਣਾਈ ਗਈ ਹੈ। ਇਸ ਤੋਂ ਇਲਾਵਾ, ਸਰਵੇਖਣ ਪ੍ਰਕਿਰਿਆ ਦੇ ਸੁਚਾਰੂ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਸਾਰੇ ਜ਼ਿਲ੍ਹਿਆਂ ‘ਚ ਜ਼ਿਲ੍ਹਾ-ਪੱਧਰੀ ਕਮੇਟੀਆਂ ਅਤੇ ਨੋਡਲ ਅਫਸਰ ਨਿਯੁਕਤ ਕੀਤੇ ਗਏ ਹਨ।

ਪੁਰਾਲੇਖ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਡਾ. ਸਾਕੇਤ ਕੁਮਾਰ ਨੇ ਕਿਹਾ ਕਿ ਸਰਵੇਖਣ ਦੀ ਪ੍ਰਗਤੀ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਪੱਧਰ ‘ਤੇ ਨਿਰੰਤਰ ਨਿਗਰਾਨੀ ਅਤੇ ਤਾਲਮੇਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀ ਇੱਕ ਵਿਆਪਕ ਡਿਜੀਟਲ ਭੰਡਾਰ ਬਣਾਉਣ ‘ਚ ਮੱਦਦ ਕਰੇਗੀ ਜੋ ਦੇਸ਼ ਦੀ ਗਿਆਨ ਪਰੰਪਰਾ ਨੂੰ ਸੁਰੱਖਿਅਤ ਰੱਖੇਗੀ ਅਤੇ ਇਸਨੂੰ ਖੋਜਕਰਤਾਵਾਂ, ਵਿਦਵਾਨਾਂ ਅਤੇ ਦੁਨੀਆ ਭਰ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਏਗੀ।

ਕੁਰੂਕਸ਼ੇਤਰ, ਜੋ ਕਿ ਜ਼ਿਲ੍ਹਿਆਂ ‘ਚੋਂ ਸਭ ਤੋਂ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ, ਉਨ੍ਹਾਂ ਨੇ ਹੁਣ ਤੱਕ ਗਿਆਨ ਭਾਰਤਮ ਪੋਰਟਲ ‘ਤੇ 15,818 ਹੱਥ-ਲਿਖਤਾਂ ਅਪਲੋਡ ਕੀਤੀਆਂ ਹਨ। ਇਸ ਲਈ, ਮੁੱਖ ਸਕੱਤਰ ਨੇ ਜ਼ਿਲ੍ਹਾ ਪ੍ਰਸ਼ਾਸਨ ਦੀ ਸ਼ਲਾਘਾ ਕੀਤੀ ਅਤੇ ਹੋਰ ਜ਼ਿਲ੍ਹਿਆਂ ਨੂੰ ਸਰਵੇਖਣ ਅਤੇ ਦਸਤਾਵੇਜ਼ੀਕਰਨ ਪ੍ਰਕਿਰਿਆ ਨੂੰ ਤੇਜ਼ ਕਰਨ ਦੀ ਅਪੀਲ ਕੀਤੀ।

ਮੁੱਖ ਸਕੱਤਰ ਨੇ ਪੁਰਾਲੇਖ ਵਿਭਾਗ ਦੁਆਰਾ ਚਲਾਈਆਂ ਜਾ ਰਹੀਆਂ ਜਾਗਰੂਕਤਾ ਮੁਹਿੰਮਾਂ ਦੀ ਵੀ ਸਮੀਖਿਆ ਕੀਤੀ। ਇਨ੍ਹਾਂ ਮੁਹਿੰਮਾਂ ਦੇ ਤਹਿਤ, ਲੋਕਾਂ ਨੂੰ ਪ੍ਰਿੰਟ ਅਤੇ ਸੋਸ਼ਲ ਮੀਡੀਆ ਰਾਹੀਂ ਹੱਥ-ਲਿਖਤਾਂ ਦੀ ਪਛਾਣ ਕਰਨ ਅਤੇ ਦਸਤਾਵੇਜ਼ੀਕਰਨ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ।

ਜਿਕਰਯੋਗ ਹੈ ਕਿ ਕੇਂਦਰੀ ਸੱਭਿਆਚਾਰ ਮੰਤਰਾਲੇ ਦੁਆਰਾ ਸ਼ੁਰੂ ਕੀਤਾ ਗਿਆ ਗਿਆਨ ਭਾਰਤਮ ਮਿਸ਼ਨ, ਦੇਸ਼ ਦੀ ਹੱਥ-ਲਿਖਤ ਵਿਰਾਸਤ ਦਾ ਸਰਵੇਖਣ, ਦਸਤਾਵੇਜ਼ੀਕਰਨ, ਸੰਭਾਲ, ਡਿਜੀਟਾਈਜ਼ੇਸ਼ਨ ਅਤੇ ਪ੍ਰਸਾਰ ਕਰਨ ਦਾ ਉਦੇਸ਼ ਰੱਖਦਾ ਹੈ। ਇਸ ਉਦੇਸ਼ ਲਈ, ਵਿਦਿਅਕ ਸੰਸਥਾਵਾਂ, ਅਜਾਇਬ ਘਰ, ਲਾਇਬ੍ਰੇਰੀਆਂ ਅਤੇ ਨਿੱਜੀ ਸੰਗ੍ਰਹਿਕਰਤਾਵਾਂ ਦਾ ਸਹਿਯੋਗ ਮੰਗਿਆ ਜਾ ਰਿਹਾ ਹੈ।

Read More: ਕਰਨਾਲ ਜ਼ਿਲ੍ਹੇ ਦੀਆਂ 395 ਗ੍ਰਾਮ ਪੰਚਾਇਤਾਂ ‘ਚ ਲਾਇਬ੍ਰੇਰੀਆਂ ਖੋਲ੍ਹੀਆਂ ਜਾਣਗੀਆਂ: ਕੇਂਦਰੀ ਮੰਤਰੀ ਮਨੋਹਰ ਲਾਲ

ਵਿਦੇਸ਼

Scroll to Top