ਹਰਿਆਣਾ, 28 ਅਗਸਤ 2026: ਹਰਿਆਣਾ ਸਰਕਾਰ ਨੇ ਕਾਮਨ ਕੈਡਰ ਗਰੁੱਪ-ਡੀ ਪਦਾਂ ਦੀ ਅਸਲ ਅਤੇ ਨਵੀਨਤਮ ਖਾਲੀ ਅਸਾਮੀਆਂ ਦਾ ਮਿਲਾਨ, ਤਸਦੀਕ ਅਤੇ ਆਨਲਾਈਨ ਅਪਡੇਟ ਕਰਨ ਦੇ ਨਿਰਦੇਸ਼ ਦਿੱਤੇ ਹਨ। ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਆਪਣੇ ਵਿਭਾਗਾਂ ਦੇ ਅਧੀਨ ਗਰੁੱਪ-ਡੀ ਪਦਾਂ ਦੀਆਂ ਖਾਲੀ ਅਸਾਮੀਆਂ ਦਾ ਰਿਕਾਰਡ ਵਿਭਾਗ ਦੇ ਰਿਕਾਰਡਾਂ ਅਤੇ ਐੱਚ.ਆਰ.ਐੱਮ.ਐੱਸ. (HRMS) ਨਾਲ ਮਿਲਾ ਕੇ ਐੱਚ.ਕੇ.ਸੀ.ਐੱਲ. ਰਿਕਵਿਜ਼ੀਸ਼ਨ ਪੋਰਟਲ ‘ਤੇ 11 ਸਤੰਬਰ, 2026 ਤੱਕ ਅਪਡੇਟ ਕਰਨਾ ਹੋਵੇਗਾ।
ਮੁੱਖ ਸਕੱਤਰ ਅਨੁਰਾਗ ਰਸਤੋਗੀ ਵੱਲੋਂ ਇਸ ਸਬੰਧ ‘ਚ ਜਾਰੀ ਪੱਤਰ ‘ਚ ਦੱਸਿਆ ਗਿਆ ਹੈ ਕਿ ਕਾਮਨ ਕੈਡਰ ਗਰੁੱਪ-ਡੀ ਕਰਮਚਾਰੀਆਂ ਦੀ ਵੰਡ ਅਤੇ ਨਿਯੁਕਤੀ ‘ਚ ਕੁਝ ਮੁਸ਼ਕਿਲਾਂ ਆ ਰਹੀਆਂ ਹਨ। ਸਬੰਧਤ ਦਫ਼ਤਰਾਂ ‘ਚ ਖਾਲੀ ਪਦ ਉਪਲਬੱਧ ਨਾ ਹੋਣ, ਖਾਲੀ ਅਸਾਮੀਆਂ ਨਾਲ ਸਬੰਧਤ ਅੰਕੜਿਆਂ ‘ਚ ਗਲਤੀ ਜਾਂ ਅੰਤਰ ਅਤੇ ਹੋਰ ਪ੍ਰਸ਼ਾਸਨਿਕ ਕਾਰਨਾਂ ਕਰਕੇ ਕਰਮਚਾਰੀਆਂ ਦੀ ਵੰਡ ਅਤੇ ਨਿਯੁਕਤੀ ਦੀ ਪ੍ਰਕਿਰਿਆ ਪ੍ਰਭਾਵਿਤ ਹੋ ਰਹੀ ਹੈ।
ਇਸ ਤੋਂ ਇਲਾਵਾ, ਵਿਭਾਗ ਵੱਲੋਂ ਤਰਸ ਦੇ ਆਧਾਰ ‘ਤੇ ਵੀ ਨਿਯੁਕਤੀਆਂ ਕੀਤੀਆਂ ਗਈਆਂ ਹਨ। ਉੱਥੇ ਹੀ, ਹਰਿਆਣਾ ਕਰਮਚਾਰੀ ਚੋਣ ਕਮਿਸ਼ਨ (HSSC) ਵੱਲੋਂ ਇਸ਼ਤਿਹਾਰ ਨੰਬਰ 04/2018 ਦੇ ਨਤੀਜੇ ਮਿਤੀ 29 ਮਈ, 2026 ਤਹਿਤ ਈ.ਐੱਸ.ਪੀ. (ESP) ਸ਼੍ਰੇਣੀ ‘ਚ ਸਿਫ਼ਾਰਸ਼ ਕੀਤੇ ਗਏ ਕਈ ਉਮੀਦਵਾਰ ਵੱਖ-ਵੱਖ ਵਿਭਾਗਾਂ ‘ਚ ਅਹੁਦਾ ਸੰਭਾਲ ਚੁੱਕੇ ਹਨ। ਇਨ੍ਹਾਂ ਨਿਯੁਕਤੀਆਂ ਅਤੇ ਕਰਮਚਾਰੀਆਂ ਦੇ ਅਹੁਦਾ ਸੰਭਾਲਣ ਕਾਰਨ ਗਰੁੱਪ-ਡੀ ਪਦਾਂ ਦੀਆਂ ਖਾਲੀ ਅਸਾਮੀਆਂ ਦੀ ਸਥਿਤੀ ਸਮੇਂ-ਸਮੇਂ ‘ਤੇ ਬਦਲਦੀ ਰਹੀ ਹੈ।
ਜਾਰੀ ਪੱਤਰ ਦੇ ਅਨੁਸਾਰ ਖਾਲੀ ਅਸਾਮੀਆਂ ਦਾ ਵੇਰਵਾ ਅਪਡੇਟ ਕਰਦੇ ਸਮੇਂ ਹੁਣ ਤੱਕ ਕੀਤੀਆਂ ਗਈਆਂ ਸਾਰੀਆਂ ਨਿਯੁਕਤੀਆਂ ਅਤੇ ਗਰੁੱਪ-ਡੀ ਕਰਮਚਾਰੀਆਂ ਦੇ ਅਹੁਦਾ ਸੰਭਾਲਣ ਦੀ ਸਥਿਤੀ ਨੂੰ ਧਿਆਨ ‘ਚ ਰੱਖਣਾ ਹੋਵੇਗਾ। ਪੋਰਟਲ ‘ਤੇ ਸਿਰਫ਼ ਉਨ੍ਹਾਂ ਹੀ ਪਦਾਂ ਨੂੰ ਖਾਲੀ ਦਰਸਾਇਆ ਜਾਵੇਗਾ, ਜੋ ਅਸਲ ਵਿੱਚ ਖਾਲੀ ਹਨ ਅਤੇ ਕਰਮਚਾਰੀਆਂ ਦੀ ਵੰਡ ਅਤੇ ਨਿਯੁਕਤੀ ਲਈ ਉਪਲਬਧ ਹਨ।
ਵਿਭਾਗ ਮੁਖੀਆਂ ਨੂੰ ਖਾਲੀ ਅਸਾਮੀਆਂ ਦੀ ਤਸਦੀਕ ਅਤੇ ਆਨਲਾਈਨ ਅਪਡੇਟ ਕਰਨ ਤੋਂ ਬਾਅਦ ਇੱਕ ਸਰਟੀਫਿਕੇਟ ਵੀ ਅਪਲੋਡ ਕਰਨਾ ਹੋਵੇਗਾ। ਵਿਭਾਗ ਮੁਖੀ ਵੱਲੋਂ ਹਸਤਾਖ਼ਰ ਕੀਤੇ ਗਏ ਇਸ ਸਰਟੀਫਿਕੇਟ ਵਿੱਚ ਇਹ ਪ੍ਰਮਾਣਿਤ ਕਰਨਾ ਹੋਵੇਗਾ ਕਿ ਪੋਰਟਲ ‘ਤੇ ਉਪਲਬਧ ਕਰਵਾਈ ਗਈ ਖਾਲੀ ਅਸਾਮੀਆਂ ਦੀ ਜਾਣਕਾਰੀ ਸਹੀ, ਪੂਰੀ ਅਤੇ ਸਟੀਕ ਹੈ ਅਤੇ ਵਿਭਾਗ ਦੇ ਰਿਕਾਰਡ ਅਤੇ ਐੱਚ.ਆਰ.ਐੱਮ.ਐੱਸ. ਨਾਲ ਇਸ ਦੀ ਸਹੀ ਤਰ੍ਹਾਂ ਤਸਦੀਕ ਕੀਤੀ ਹੈ।
Read More: ਹਰਿਆਣਾ ‘ਚ HKRN ਅਧੀਨ ਠੇਕਾ ਕਰਮਚਾਰੀਆਂ ਦੀ ਸੇਵਾ ਮਿਆਦ ਵਧੀ




