​ਰਾਜਪੁਰਾ ‘ਚ ਵੱਡਾ ਹੰਗਾਮਾ: ਰਾਸ਼ਨ ਕਿੱਟ ਵੰਡਣ ਨੂੰ ਲੈ ਕੇ ਡਿੱਪੋ ਹੋਲਡਰ ਦੇ ਘਰ ਵੜ ਕੇ ਹਮਲਾ

4 ਸਤੰਬਰ 2026:  ਰਾਜਪੁਰਾ ਤੋਂ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ। ਸਰਕਾਰ ਵੱਲੋਂ ਵੰਡੀਆਂ ਜਾ ਰਹੀਆਂ ਰਾਸ਼ਨ ਕਿੱਟਾਂ ਨੂੰ ਲੈ ਕੇ ਇੱਕ ਡਿੱਪੋ ਹੋਲਡਰ ਦੇ ਘਰ ਵਿੱਚ ਵੜ ਕੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲਾਵਰਾਂ ਨੇ ਨਾ ਸਿਰਫ਼ ਡਿੱਪੋ ਹੋਲਡਰ ਨਾਲ ਮਾਰਕੁੱਟ ਕੀਤੀ, ਸਗੋਂ ਉਨ੍ਹਾਂ ਦੇ ਪਰਿਵਾਰ ਨੂੰ ਵੀ ਨਹੀਂ ਬਖਸ਼ਿਆ। ਇਸ ਪੂਰੇ ਵਿਵਾਦ ਵਿੱਚ ਅਸਲ ਵਿੱਚ ਕੀ ਕੁਝ ਹੋਇਆ, ਆਓ ਵੇਖਦੇ ਹਾਂ ਇਸ ਖ਼ਾਸ ਰਿਪੋਰਟ ਵਿੱਚ।

ਰਾਜਪੁਰਾ ਟਾਊਨ ਵਿੱਚ ਬੁੱਧਵਾਰ ਰਾਤ ਉਸ ਸਮੇਂ ਹਫੜਾ-ਦਫੜੀ ਮੱਚ ਗਈ ਜਦੋਂ ਰਾਸ਼ਨ ਕਿੱਟ ਵੰਡਣ ਨੂੰ ਲੈ ਕੇ ਮਾਮਲਾ ਝਗੜੇ ਤੱਕ ਪਹੁੰਚ ਗਿਆ। ਪੀੜਤ ਡਿੱਪੋ ਹੋਲਡਰ ਅਜੈ ਕੁਮਾਰ ਨੇ ਮੀਡੀਆ ਨੂੰ ਆਪਣੀ ਹੱਡਬੀਤੀ ਸੁਣਾਉਂਦਿਆਂ ਦੱਸਿਆ ਕਿ ਉਹ ਦਿਨ ਭਰ ਪਰਚੀਆਂ ਕੱਟਣ ਅਤੇ ਰਾਸ਼ਨ ਵੰਡਣ ਤੋਂ ਬਾਅਦ ਆਪਣੇ ਘਰ ਵਿੱਚ ਆਰਾਮ ਨਾਲ ਖਾਣਾ ਖਾ ਰਹੇ ਸਨ। ਅਚਾਨਕ ਕੁਝ ਲੜਕੇ ਉਨ੍ਹਾਂ ਦੇ ਘਰ ਦੇ ਅੰਦਰ ਆਧਮਕੇ।

ਪੀੜਤ ਅਜੈ ਕੁਮਾਰ ਮੁਤਾਬਕ ਇੱਕ ਹਮਲਾਵਰ ਨੇ ਇਹ ਕਹਿੰਦਿਆਂ ਹਮਲਾ ਕਰ ਦਿੱਤਾ ਕਿ ਉਹ ਪਹਿਲਾਂ ਵੀ ਆਇਆ ਸੀ ਅਤੇ ਉਸ ਨੂੰ ਰਾਸ਼ਨ ਕਿੱਟ ਨਹੀਂ ਮਿਲੀ। ਇੰਨਾ ਕਹਿਣ ਤੋਂ ਬਾਅਦ ਉਸ ਨੇ ਸਿੱਧਾ ਉਨ੍ਹਾਂ ਦੇ ਮੂੰਹ ‘ਤੇ ਮੁੱਕਾ ਮਾਰਿਆ ਅਤੇ ਖਾਣੇ ਦੀ ਥਾਲੀ ਉਨ੍ਹਾਂ ‘ਤੇ ਡੇਗ ਦਿੱਤੀ। ਦੇਖਦਿਆਂ ਹੀ ਦੇਖਦਿਆਂ ਹੋਰ ਕਈ ਲੜਕੇ ਵੀ ਘਰ ਦੇ ਅੰਦਰ ਦਾਖ਼ਲ ਹੋ ਗਏ ਅਤੇ ਉਨ੍ਹਾਂ ਨੇ ਭਾਰੀ ਮਾਰਕੁੱਟ ਸ਼ੁਰੂ ਕਰ ਦਿੱਤੀ। ਪੀੜਤ ਧਿਰ ਦਾ ਸਾਫ਼ ਦੋਸ਼ ਹੈ ਕਿ ਇਹ ਸਾਰੇ ਹਮਲਾਵਰ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਸਨ।

ਉੱਥੇ ਹੀ, ਇਸ ਪੂਰੇ ਵਿਵਾਦ ਵਿੱਚ ਦੂਜੇ ਪੱਖ ਦੇ ਗੁਰਜੰਟ ਅਤੇ ਸੰਜੇ ਵੀ ਜ਼ਖ਼ਮੀ ਹਾਲਤ ਵਿੱਚ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਹਨ। ਜਦੋਂ ਮੀਡੀਆ ਨੇ ਉਨ੍ਹਾਂ ਨਾਲ ਗੱਲ ਕੀਤੀ, ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਲਾਕੇ ਵਿੱਚ ਸਾਰਿਆਂ ਨੂੰ ਰਾਸ਼ਨ ਮਿਲ ਰਿਹਾ ਹੈ ਪਰ ਉਨ੍ਹਾਂ ਨੂੰ ਨਹੀਂ ਦਿੱਤਾ ਗਿਆ।

ਹੈਰਾਨੀ ਦੀ ਗੱਲ ਇਹ ਰਹੀ ਕਿ ਗੁਰਜੰਟ ਦੇ ਨਾਲ ਹਸਪਤਾਲ ਵਿੱਚ ਦਾਖਲ ਸੰਜੇ ਨੇ ਕੈਮਰੇ ਸਾਹਮਣੇ ਖ਼ੁਦ ਸਵੀਕਾਰ ਕੀਤਾ ਕਿ ਅਸੀਂ ਸ਼ਰਾਬ ਪੀਤੀ ਹੋਈ ਹੈ ਅਤੇ ਉਹ ਤਾਂ ਕਿਸੇ ਦੋਸਤ ਦੀ ਲੜਾਈ ਦਾ ਪਤਾ ਲੱਗਣ ‘ਤੇ ਉੱਥੇ ਪੁੱਜੇ ਸਨ। ਸਰਕਾਰੀ ਹਸਪਤਾਲ ਵਿੱਚ ਤਾਇਨਾਤ ਨਰਸਿੰਗ ਅਫ਼ਸਰ ਸਰਬਜੀਤ ਸਿੰਘ ਨੇ ਪੁਸ਼ਟੀ ਕੀਤੀ ਹੈ ਕਿ ਅਜੈ ਕੁਮਾਰ ਅਤੇ ਗੁਰਜੰਟ ਸਿੰਘ ਦੋਵਾਂ ਧਿਰਾਂ ਨੂੰ ਹਸਪਤਾਲ ਲਿਆਂਦਾ ਗਿਆ ਸੀ।

ਮੁੱਢਲੇ ਇਲਾਜ ਤੋਂ ਬਾਅਦ ਉਨ੍ਹਾਂ ਦੀ ਐੱਮ.ਐੱਲ.ਆਰ. (MLR) ਕੱਟ ਦਿੱਤੀ ਗਈ ਹੈ ਅਤੇ ਡਾਕਟਰਾਂ ਵੱਲੋਂ ਸ਼ਰਾਬ ਪੀਣ ਦੀ ਗੱਲ ਵੀ ਮੈਡੀਕਲ ਰਿਪੋਰਟ ਵਿੱਚ ਦਰਜ ਕਰ ਲਈ ਗਈ ਹੈ। ਹਾਲਾਂਕਿ ਇਸ ਮਾਮਲੇ ਵਿੱਚ ਅਜੇ ਤੱਕ ਪੁਲਿਸ ਵੱਲੋਂ ਕੋਈ ਰਸਮੀ ਪਰਚਾ ਦਰਜ ਨਹੀਂ ਕੀਤਾ ਗਿਆ ਹੈ, ਪਰ ਪੁਲਿਸ ਵੱਲੋਂ ਦੋਵਾਂ ਧਿਰਾਂ ਦੇ ਬਿਆਨ ਦਰਜ ਕਰਕੇ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਇਸ ਘਰ ਵਿੱਚ ਵੜ ਕੇ ਗੁੰਡਾਗਰਦੀ ਕਰਨ ਵਾਲੇ ਨੌਜਵਾਨਾਂ ‘ਤੇ ਕੀ ਸਖ਼ਤ ਕਾਰਵਾਈ ਕਰਦਾ ਹੈ। ਰਾਸ਼ਨ ਵੰਡਣ ਵਰਗੇ ਸਰਕਾਰੀ ਕੰਮਾਂ ਦੌਰਾਨ ਜੇਕਰ ਇਸ ਤਰ੍ਹਾਂ ਡਿੱਪੋ ਹੋਲਡਰਾਂ ਦੀ ਜਾਨ ਨੂੰ ਖ਼ਤਰਾ ਬਣਿਆ ਰਹੇਗਾ, ਤਾਂ ਸੁਰੱਖਿਆ ‘ਤੇ ਵੱਡੇ ਸਵਾਲ ਖੜ੍ਹੇ ਹੁੰਦੇ ਹਨ।

Read More: ਸਟੇਜ ‘ਤੇ ਭੰਗੜਾ ਪਾਉਂਦੇ ਨੌਜਵਾਨ ਨੂੰ ਪਿਆ ਦਿਲ ਦਾ ਦੌਰਾ

 

ਵਿਦੇਸ਼

Scroll to Top