ਮੁੱਖ ਮੰਤਰੀ ਮਾਂਵਾਂ-ਧੀਆਂ ਸਤਿਕਾਰ ਯੋਜਨਾ

‘ਮੁੱਖ ਮੰਤਰੀ ਮਾਂਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ 33 ਲੱਖ ਤੋਂ ਵੱਧ ਔਰਤਾਂ ਨੂੰ ਮਿਲੀ ਸਹਾਇਤਾ ਰਾਸ਼ੀ: ਡਾ. ਬਲਜੀਤ ਕੌਰ

ਚੰਡੀਗੜ੍ਹ, 20 ਜੁਲਾਈ 2026: ਪੰਜਾਬ ਸਰਕਾਰ ਮੁਤਾਬਕ ‘ਮੁੱਖ ਮੰਤਰੀ ਮਾਂਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ 25 ਜੂਨ 2026 ਤੱਕ ਰਜਿਸਟ੍ਰੇਸ਼ਨ ਪੂਰੀ ਕਰਨ ਵਾਲੀਆਂ ਲਗਭਗ 33 ਲੱਖ ਤੋਂ ਵੱਧ ਲਾਭਪਾਤਰੀ ਔਰਤਾਂ ਦੇ ਬੈਂਕ ਖ਼ਾਤਿਆਂ ‘ਚ ਸਹਾਇਤਾ ਰਾਸ਼ੀ ਸਿੱਧੀ ਭੇਜੀ ਜਾ ਚੁੱਕੀ ਹੈ, ਜਦਕਿ ਬਾਕੀ ਯੋਗ ਔਰਤਾਂ ਨੂੰ ਇਹ ਰਕਮ 1 ਅਗਸਤ ਨੂੰ ਮਿਲੇਗੀ। ਹੁਣ ਤੱਕ ਲਗਭਗ 70 ਲੱਖ ਤੋਂ ਵੱਧ ਔਰਤਾਂ ਇਸ ਯੋਜਨਾ ਅਧੀਨ ਰਜਿਸਟ੍ਰੇਸ਼ਨ ਕਰਵਾ ਚੁੱਕੀਆਂ ਹਨ।

ਯੋਜਨਾ ਦੇ ਲਾਭਪਾਤਰੀਆਂ ਦੇ ਪ੍ਰੋਫ਼ਾਈਲ ਤੋਂ ਪਤਾ ਲੱਗਦਾ ਹੈ ਕਿ ਇਹ ਸਹਾਇਤਾ ਉਨ੍ਹਾਂ ਔਰਤਾਂ ਤੱਕ ਪਹੁੰਚ ਰਹੀ ਹੈ, ਜੋ ਜੀਵਨ ਦੇ ਉਸ ਪੜਾਅ ‘ਚ ਹਨ ਜਦੋਂ ਆਰਥਿਕ ਜ਼ਿੰਮੇਵਾਰੀਆਂ ਸਭ ਤੋਂ ਵੱਧ ਹੁੰਦੀਆਂ ਹਨ। ਕੁੱਲ ਲਾਭਪਾਤਰੀਆਂ ‘ਚੋਂ 36–45 ਸਾਲ ਉਮਰ ਵਰਗ ਦੀਆਂ ਔਰਤਾਂ ਦੀ ਹਿੱਸੇਦਾਰੀ 25.2 ਫ਼ੀਸਦੀ ਅਤੇ 46–59 ਸਾਲ ਉਮਰ ਵਰਗ ਦੀਆਂ ਔਰਤਾਂ ਦੀ ਹਿੱਸੇਦਾਰੀ 25.4 ਫ਼ੀਸਦੀ ਹੈ। ਇਸ ਤਰ੍ਹਾਂ 50 ਫ਼ੀਸਦੀ ਤੋਂ ਵੱਧ ਲਾਭਪਾਤਰੀ 36 ਤੋਂ 59 ਸਾਲ ਦੀ ਉਮਰ ਵਰਗ ਨਾਲ ਸੰਬੰਧਿਤ ਹਨ।

ਪੰਜਾਬ ਸਰਕਾਰ ਦੇ ਮੁਤਾਬਕ ਜੀਵਨ ਦੇ ਇਸੇ ਪੜਾਅ ‘ਚ ਪਰਿਵਾਰਾਂ ’ਤੇ ਸਭ ਤੋਂ ਵੱਧ ਆਰਥਿਕ ਜ਼ਿੰਮੇਵਾਰੀਆਂ ਹੁੰਦੀਆਂ ਹਨ। ਬੱਚਿਆਂ ਦੀ ਸਿੱਖਿਆ, ਕਾਲਜ ‘ਚ ਦਾਖ਼ਲਾ, ਵਿਆਹ, ਸਿਹਤ ਸੇਵਾਵਾਂ, ਮਕਾਨ, ਕਰਜ਼ੇ ਦੀਆਂ ਕਿਸ਼ਤਾਂ, ਬਜ਼ੁਰਗ ਮਾਪਿਆਂ ਦੀ ਦੇਖਭਾਲ ਅਤੇ ਆਪਣੇ ਭਵਿੱਖ ਦੀ ਯੋਜਨਾ ਵਰਗੀਆਂ ਕਈ ਜ਼ਿੰਮੇਵਾਰੀਆਂ ਨਿਭਾਉਣੀਆਂ ਪੈਂਦੀਆਂ ਹਨ। ਅਜਿਹੇ ਸਮੇਂ ਹਰ ਰੁਪਏ ਦੀ ਅਹਿਮੀਅਤ ਹੋਰ ਵੱਧ ਜਾਂਦੀ ਹੈ। ਇਸ ਦੌਰਾਨ ‘ਮੁੱਖ ਮੰਤਰੀ ਮਾਂਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਮਿਲਣ ਵਾਲੀ ਮਹੀਨਾਵਾਰ ਆਰਥਿਕ ਸਹਾਇਤਾ ਮਹਿਲਾਵਾਂ ਨੂੰ ਪਰਿਵਾਰ ਦੇ ਖ਼ਰਚਿਆਂ ‘ਚ ਸਿੱਧਾ ਯੋਗਦਾਨ ਪਾਉਣ ਅਤੇ ਜ਼ਰੂਰੀ ਲੋੜਾਂ ਦਾ ਬੋਝ ਘਟਾਉਣ ‘ਚ ਮਦਦ ਕਰ ਰਹੀ ਹੈ।

ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਧਨੀ ਖਰਾਸਵਾਲੀ ਦੀ 48 ਸਾਲਾ ਸੁਨੀਤਾ ਰਾਣੀ ਦਾ ਕਹਿਣਾ ਹੈ ਕਿ ਇਸ ਮਹੀਨਾਵਾਰ ਸਹਾਇਤਾ ਨਾਲ ਉਹ ਆਪਣੇ ਬੱਚਿਆਂ ਦੀ ਪੜ੍ਹਾਈ ‘ਚ ਯੋਗਦਾਨ ਪਾ ਰਹੀ ਹੈ। ਉਨ੍ਹਾਂ ਕਿਹਾ, “ਮੇਰੀ ਧੀ ਬੀ.ਟੈਕ ਕਰ ਰਹੀ ਹੈ ਅਤੇ ਮੇਰਾ ਪੁੱਤਰ ਗਿਆਰ੍ਹਵੀਂ ਜਮਾਤ ‘ਚ ਪੜ੍ਹਦਾ ਹੈ। ਮੈਂ ਇਸ ਰਕਮ ਦਾ ਵੱਡਾ ਹਿੱਸਾ ਆਪਣੇ ਪੁੱਤਰ ਦੀ ਸਕੂਲ ਫ਼ੀਸ ਭਰਨ ਲਈ ਵਰਤਿਆ ਅਤੇ ਬਾਕੀ ਪੈਸੇ ਆਪਣੇ ਪਤੀ ਨੂੰ ਦੇ ਦਿੱਤੇ।

ਘਰੇਲੂ ਮਹਿਲਾ ਹੋਣ ਕਰਕੇ ਮੇਰੀ ਆਪਣੀ ਕੋਈ ਆਮਦਨ ਨਹੀਂ ਹੈ, ਇਸ ਲਈ ਇਸ ਸਹਾਇਤਾ ਨਾਲ ਮੈਨੂੰ ਆਪਣੇ ਪਰਿਵਾਰ ਦੀਆਂ ਲੋੜਾਂ ‘ਚ ਯੋਗਦਾਨ ਪਾਉਣ ਦਾ ਸੰਤੋਖ ਮਿਲਿਆ ਹੈ। ਮੇਰੇ ਪਤੀ ਵੀ ਇਸ ਸਹਾਇਤਾ ਨਾਲ ਬਹੁਤ ਖ਼ੁਸ਼ ਹਨ। ਪਹਿਲਾਂ ਸਾਨੂੰ ਮੁਫ਼ਤ ਬਿਜਲੀ ਮਿਲੀ, ਫਿਰ 10 ਲੱਖ ਰੁਪਏ ਦਾ ਸਿਹਤ ਬੀਮਾ ਮਿਲਿਆ ਅਤੇ ਹੁਣ ਇਹ ਮਹੀਨਾਵਾਰ ਵਿੱਤੀ ਸਹਾਇਤਾ ਮਿਲ ਰਹੀ ਹੈ। ਸਰਕਾਰ ਨੇ ਖ਼ਾਸ ਤੌਰ ’ਤੇ ਮਹਿਲਾਵਾਂ ਲਈ ਕਈ ਲੋਕ ਭਲਾਈ ਯੋਜਨਾਵਾਂ ਸ਼ੁਰੂ ਕੀਤੀਆਂ ਹਨ।”

ਉਨ੍ਹਾਂ ਕਿਹਾ ਕਿ ਇਸ ਸਹਾਇਤਾ ਨਾਲ ਆਰਥਿਕ ਤਣਾਅ ਘੱਟ ਹੋਇਆ ਹੈ ਅਤੇ ਬੱਚਿਆਂ ਦੀ ਪੜ੍ਹਾਈ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰੱਖਣ ‘ਚ ਮਦਦ ਮਿਲੀ ਹੈ। ਫਿਰੋਜ਼ਪੁਰ ਦੇ ਵਾਰਡ ਨੰਬਰ 17 ਦੀ 55 ਸਾਲਾ ਪੱਛੋ ਲਈ ਇਹ ਯੋਜਨਾ ਜੀਵਨ ਦੇ ਬਹੁਤ ਔਖੇ ਸਮੇਂ ‘ਚ ਵੱਡਾ ਸਹਾਰਾ ਬਣ ਕੇ ਆਈ ਹੈ। ਆਪਣੇ ਪਤੀ ਦੇ ਦੇਹਾਂਤ ਤੋਂ ਬਾਅਦ ਉਹ ਆਪਣੀ ਤਲਾਕਸ਼ੁਦਾ ਧੀ ਅਤੇ ਦੋਹਤੇ ਨਾਲ ਰਹਿ ਰਹੀ ਹੈ ਅਤੇ ਲੰਬੇ ਸਮੇਂ ਤੋਂ ਖ਼ਰਾਬ ਸਿਹਤ ਅਤੇ ਸੀਮਤ ਆਰਥਿਕ ਸਰੋਤਾਂ ਕਾਰਨ ਮੁਸ਼ਕਿਲ ਹਾਲਾਤਾਂ ਦਾ ਸਾਹਮਣਾ ਕਰ ਰਹੀ ਹੈ।

ਉਨ੍ਹਾਂ ਕਿਹਾ, “ਮੈਂ ਇਸ ਰਕਮ ਦਾ ਕੁਝ ਹਿੱਸਾ ਆਪਣੇ ਇਲਾਜ ’ਤੇ ਖ਼ਰਚ ਕੀਤਾ ਅਤੇ ਬਾਕੀ ਘਰੇਲੂ ਲੋੜਾਂ ਲਈ ਸੰਭਾਲ ਕੇ ਰੱਖ ਲਿਆ। ਮੇਰੇ ਪਤੀ ਦਾ ਕਈ ਸਾਲ ਪਹਿਲਾਂ ਦੇਹਾਂਤ ਹੋ ਗਿਆ ਸੀ ਅਤੇ ਅਸੀਂ ਉਦੋਂ ਤੋਂ ਮੁਸ਼ਕਿਲ ਹਾਲਾਤਾਂ ‘ਚ ਜੀਵਨ ਬਿਤਾ ਰਹੇ ਹਾਂ। ਪੰਜਾਬ ਸਰਕਾਰ ਦੀ ਇਹ ਸਹਾਇਤਾ ਸਾਡੇ ਲਈ ਬਹੁਤ ਵੱਡਾ ਸਹਾਰਾ ਬਣੀ ਹੈ।”

ਉਨ੍ਹਾਂ ਦੱਸਿਆ ਕਿ ਇਸ ਵਿੱਤੀ ਸਹਾਇਤਾ ਨਾਲ ਉਹ ਆਪਣੇ ਦੋਹਤੇ ਦੀ ਸਕੂਲ ਫ਼ੀਸ ਵੀ ਭਰ ਸਕੀ। ਯੋਜਨਾ ਲਈ ਕਈ ਲੋਕਾਂ ਦੀ ਅਰਜ਼ੀ ਭਰਨ ‘ਚ ਮਦਦ ਕਰਨ ਵਾਲੀ ਪੱਛੋ ਨੇ ਖੁਸ਼ੀ ਜ਼ਾਹਰ ਕੀਤੀ ਕਿ ਇਸ ਨਾਲ ਅਨੇਕਾਂ ਲੋੜਵੰਦ ਪਰਿਵਾਰਾਂ ਨੂੰ ਲਾਭ ਮਿਲਿਆ ਹੈ।

ਸੈਲਫ਼ ਹੈਲਪ ਗਰੁੱਪ ਦੀ ਮੈਂਬਰ 46 ਸਾਲਾ ਕਰਮਜੀਤ ਕੌਰ ਨੇ ਦੱਸਿਆ ਕਿ ਇਹ ਮਹੀਨਾਵਾਰ ਵਿੱਤੀ ਸਹਾਇਤਾ ਉਨ੍ਹਾਂ ਨੂੰ ਰੋਜ਼ਾਨਾ ਦੇ ਖ਼ਰਚੇ ਪੂਰੇ ਕਰਨ ਦੇ ਨਾਲ-ਨਾਲ ਆਪਣੇ ਪਰਿਵਾਰ ਦੇ ਭਵਿੱਖ ਲਈ ਵੀ ਬੱਚਤ ਕਰਨ ਦਾ ਮੌਕਾ ਦੇ ਰਹੀ ਹੈ। ਉਨ੍ਹਾਂ ਕਿਹਾ, “ਮੈਂ ਤਾਂ ਇਸ ਪੈਸੇ ਨਾਲ ਆਪਣੀ ਐਨਕ ਬਣਵਾਈ ਤੇ ਸਕੂਟੀ ‘ਚ ਪੈਟਰੋਲ ਪਵਾ ਲਿਆ।” ਉਨ੍ਹਾਂ ਨੇ ਕਿਹਾ, “ਆਉਣ ਵਾਲੇ ਮਹੀਨਿਆਂ ‘ਚ ਮੈਂ ਇਸ ਰਾਸ਼ੀ ਦੀ ਵਰਤੋਂ ਆਪਣੇ ਪੁੱਤਰ ਦੇ ਖੇਡਾਂ ਨਾਲ ਸਬੰਧਤ ਖ਼ਰਚਿਆਂ ਲਈ ਕਰਾਂਗੀ। ਉਹ ਰਾਸ਼ਟਰੀ ਪੱਧਰ ਦਾ ਹਾਕੀ ਖਿਡਾਰੀ ਹੈ।”

ਸਾਬਕਾ ਕਬੱਡੀ ਖਿਡਾਰਨ ਕਰਮਜੀਤ ਕੌਰ ਨੇ ਆਮ ਪਰਿਵਾਰਾਂ ਦੇ ਜੀਵਨ ਪੱਧਰ ਨੂੰ ਬਿਹਤਰ ਬਣਾਉਣ ਵਾਲੀਆਂ ਲੋਕ ਭਲਾਈ ਯੋਜਨਾਵਾਂ ਦੇ ਨਾਲ-ਨਾਲ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਵੀ ਸ਼ਲਾਘਾ ਕੀਤੀ।

ਫਾਜ਼ਿਲਕਾ ਦੀ 28 ਸਾਲਾ ਲਾਭਪਾਤਰੀ ਪ੍ਰੀਤੀ, ਲੋਕਾਂ ਦੇ ਘਰਾਂ ‘ਚ ਕੰਮ ਕਰਦੀ ਹੈ ਅਤੇ ਆਪਣੇ ਦੋ ਸਕੂਲ ਜਾਣ ਵਾਲੇ ਬੱਚਿਆਂ ਦੀ ਪਰਵਰਿਸ਼ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਸਹਾਇਤਾ ਅਜਿਹੇ ਸਮੇਂ ਮਿਲੀ ਹੈ ਜਦੋਂ ਬੱਚਿਆਂ ਦੀ ਪੜ੍ਹਾਈ ਦਾ ਖ਼ਰਚਾ ਚੁੱਕਣਾ ਲਗਾਤਾਰ ਔਖਾ ਹੁੰਦਾ ਜਾ ਰਿਹਾ ਸੀ। ਉਨ੍ਹਾਂ ਕਿਹਾ, “ਇਸ ਪੈਸੇ ਨਾਲ ਅਸੀਂ ਆਪਣੇ ਬੱਚਿਆਂ ਦੀ ਸਕੂਲ ਫ਼ੀਸ ਭਰੀ ਹੈ। ਇਹ ਸਹਾਇਤਾ ਬਿਲਕੁਲ ਸਹੀ ਸਮੇਂ ਮਿਲੀ ਹੈ ਅਤੇ ਇਸ ਨਾਲ ਸਾਡਾ ਆਰਥਿਕ ਬੋਝ ਕਾਫ਼ੀ ਘੱਟ ਹੋਇਆ ਹੈ।”

ਇਸੇ ਤਰ੍ਹਾਂ ਵਿਧਵਾ ਬਲਜੀਤ ਕੌਰ ਨੇ ਦੱਸਿਆ ਕਿ ਇਸ ਮਹੀਨਾਵਾਰ ਵਿੱਤੀ ਸਹਾਇਤਾ ਨਾਲ ਉਹ ਆਪਣੇ ਇਲਾਜ ਨਾਲ ਸਬੰਧਤ ਖ਼ਰਚੇ ਪੂਰੇ ਕਰ ਸਕੀ ਹੈ, ਜਿਨ੍ਹਾਂ ਨੂੰ ਪਹਿਲਾਂ ਚੁੱਕਣਾ ਉਨ੍ਹਾਂ ਲਈ ਬਹੁਤ ਮੁਸ਼ਕਲ ਹੋ ਗਿਆ ਸੀ। ਇਸ ਨਾਲ ਉਨ੍ਹਾਂ ਨੂੰ ਕਾਫ਼ੀ ਆਰਥਿਕ ਰਾਹਤ ਮਿਲੀ ਹੈ।

Read More: CM ਭਗਵੰਤ ਮਾਨ ਵੱਲੋਂ ਰਾਏਜ਼ਾਦਾ ਹੰਸਰਾਜ ਸਟੇਡੀਅਮ ਵਿਖੇ ਇੰਡੋਰ ਬੈਡਮਿੰਟਨ ਹਾਲ ਲਈ 2.14 ਕਰੋੜ ਰੁਪਏ ਦੇਣ ਦਾ ਐਲਾਨ

ਵਿਦੇਸ਼

Scroll to Top