ਪਟਿਆਲਾ, 13 ਅਗਸਤ 2026: ਸਥਾਨਕ ਏ ਟੈਂਕ ਅਦਾਲਤ ਬਜ਼ਾਰ ‘ਚ ਸਥਿਤ ਸਾਂਝਾ ਪੀਰ ਬਾਬਾ ਹਜ਼ੂਰ ਹਜ਼ਰਤ ਇਨਾਯਤ ਸ਼ਾਹਵਲੀ ਚਿਸ਼ਤੀ ਜੀ ਦੀ ਦਰਗਾਹ ਵਿਖੇ 122ਵਾਂ ਸਾਲਾਨਾ ਉਰਸ ਮੁਬਾਰਕ ਬੜੇ ਧੂਮ-ਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਦੌਰਾਨ ਝੰਡਾ ਚੜਾਉਣ ਦੀ ਰਸਮ ਸਵੇਰੇ 5 ਵਜੇ ਗੱਦੀ ਨਸ਼ੀਨ ਹਜ਼ੂਰ ਖ਼ਵਾਜਾ ਹਸਨ ਜੀ ਮਹਾਰਾਜ (ਬ੍ਰਹਮਲੀਨ) ਦਾ ਓਟ ਆਸਰਾ ਲੈ ਕੇ ਮੌਜੂਦਾ ਗੱਦੀ ਨਸ਼ੀਨ ਸ. ਕੁਲਦੀਪ ਸਿੰਘ ਜੀ ਵੱਲੋਂ ਅਦਾ ਕੀਤੀ ਗਈ, ਜਦਕਿ ਭੰਡਾਰਾ ਲੰਗਰ ਸਵੇਰੇ 11 ਵਜੇ ਤੋਂ ਸ਼ੁਰੂ ਕੀਤਾ ਗਿਆ ਜੋ ਸਾਰਾ ਦਿਨ ਅਤੁੱਟ ਚੱਲਦਾ ਰਿਹਾ।
ਨਜ਼ਰ ਨਿਆਜ਼ ਤੇ ਚਾਦਰਾਂ ਚੜਾਉਣ ਦੀ ਰਸਮ ਸ਼ਾਮ 6 ਵਜੇ ਅਦਾ ਕੀਤੀ ਗਈ। ਸਲਾਨਾ ਉਰਸ ਮੁਬਾਰਕ ਦੌਰਾਨ ਵੱਡੀ ਗਿਣਤੀ ‘ਚ ਦੂਰੋਂ ਦੂਰੋਂ ਪਹੁੰਚੇ ਸਾਧੂ ਸੰਤਾਂ, ਸਮਾਜ ਸੇਵੀਆਂ, ਸਿਆਸੀ ਸਖਸ਼ੀਅਤਾਂ, ਵਪਾਰੀ ਭਰਾਵਾਂ ਅਤੇ ਸ਼ਰਧਾਲੂਆਂ ਨੇ ਹਾਜ਼ਰੀ ਲਵਾਈ। ਦਰਗਾਹ ਦੇ ਸੇਵਾਦਾਰਾਂ ਵੱਲੋਂ ਦੂਰੋਂ ਦੂਰੋਂ ਪਹੁੰਚੇ ਸ਼ਰਧਾਲੂਆਂ ਦੀ ਆਦਰ ਸਤਿਕਾਰ ਸਹਿਤ ਸੇਵਾ ਕੀਤੀ ਗਈ।

ਹਰ ਸਾਲ ਦੀ ਤਰ੍ਹਾਂ ਸਾਲਾਨਾ ਭੰਡਾਰੇ ਨੂੰ ਲੈ ਕੇ ਸਾਂਝਾ ਪੀਰ ਦੀ ਦਰਗਾਹ ਨੂੰ ਵੱਖ-ਵੱਖ ਤਰ੍ਹਾਂ ਦੀਆਂ ਰੰਗ-ਬਰੰਗੀਆਂ ਰੋਸ਼ਨੀਆਂ ਨਾਲ ਸਜਾਇਆ ਗਿਆ। ਦਰਗਾਹ ‘ਤੇ ਵੱਡੀ ਗਿਣਤੀ ‘ਚ ਆਉਂਦੇ ਸ਼ਰਧਾਲੂਆਂ ਦਾ ਉਤਸ਼ਾਹ ਦੇਖਦਿਆਂ ਹੀ ਬਣਦਾ ਸੀ। ਸਾਰਾ ਦਿਨ ਮੱਥਾ ਟੇਕਣ ਵਾਲੇ ਸ਼ਰਧਾਲੂਆਂ ਦੀ ਜਿੱਥੇ ਆਵਾਜਾਈ ਲੱਗੀ ਰਹੀ, ਉੱਥੇ ਹੀ ਦਰਗਾਹ ਦੇ ਸੇਵਾਦਾਰਾਂ ਵੱਲੋਂ ਸ਼ਰਧਾਲੂਆਂ ਦੀ ਸਹੂਲਤ ਲਈ ਹਰ ਤਰਾਂ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ।
ਇਸ ਮੌਕੇ ਸਾਬਕਾ ਵਿਧਾਇਕ ਸ. ਹਰਦਿਆਲ ਸਿੰਘ ਕੰਬੋਜ, ਵਿਧਾਇਕ ਸ. ਅਜੀਤ ਪਾਲ ਸਿੰਘ ਕੋਹਲੀ, ਸਾਬਕਾ ਮੇਅਰ ਵਿਸ਼ਨੂੰ ਸ਼ਰਮਾ, ਪੀ.ਆਰ.ਟੀ.ਸੀ ਦੇ ਚੇਅਰਮੈਨ ਹਰਪਾਲ ਜੁਨੇਜਾ, ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ, ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਮੋਹਿਤ ਮਹਿੰਦਰਾ, ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਸ. ਇੰਦਰਮੋਹਨ ਸਿੰਘ ਬਜਾਜ, ਪ੍ਰਧਾਨ ਸੁਰਿੰਦਰ ਕੁਮਾਰ ਸੂਦ, ਖਾਦੀ ਬੋਰਡ ਦੇ ਸਾਬਕਾ ਸੀਨੀਅਰ ਵਾਈਸ ਚੇਅਰਮੈਨ ਅਨਿਲ ਕੁਮਾਰ ਮਹਿਤਾ, ਸਮਾਜ ਸੇਵੀ ਡਾ. ਰਾਜੇਸ਼ ਸ਼ਰਮਾ, ਘੱਟ ਗਿਣਤੀ ਕਮਿਸ਼ਨ ਪੰਜਾਬ ਦੇ ਸਾਬਕਾ ਮੈਂਬਰ ਸ਼ੇਰ ਖਾਨ, ਪ੍ਰਵਾਸੀ ਭਾਰਤੀ ਸ. ਗੁਰਮੀਤ ਸਿੰਘ, ਉਦਯੋਗਪਤੀ ਰਾਜੇਸ਼ ਕੁਮਾਰ ਰਾਜੂ ਅਤੇ ਦਰਗਾਹ ਦੇ ਸੇਵਾਦਾਰ ਵਿਜੇ ਕੁਮਾਰ ਵਡੇਰਾ ਤੋਂ ਇਲਾਵਾ ਵੱਡੀ ਗਿਣਤੀ ‘ਚ ਧਾਰਮਿਕ, ਸਮਾਜਿਕ ਅਤੇ ਸਿਆਸੀ ਸਖਸ਼ੀਅਤਾਂ ਨੇ ਮੱਥਾ ਟੇਕ ਕੇ ਆਪਣੀ ਹਾਜ਼ਰੀ ਲਗਵਾਈ।




