ਅੰਮ੍ਰਿਤਸਰ 9 ਸਤੰਬਰ 2026: ਮਜੀਠਾ ਹਲਕੇ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਦੀ ਅੰਮ੍ਰਿਤਸਰ ਦੇ ਥਾਣਾ ਸਦਰ ਵਿੱਚ ਇੱਕ ਪੁਲਿਸ ਅਧਿਕਾਰੀ ਨਾਲ ਬਹਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਤਲਬੀਰ ਸਿੰਘ ਗਿੱਲ ਅਤੇ ਪੁਲਿਸ ਅਧਿਕਾਰੀ ਵਿਚਕਾਰ ਤਿੱਖੀ ਬਹਿਸ ਹੁੰਦੀ ਦਿਖਾਈ ਦੇ ਰਹੀ ਹੈ।
ਵਾਇਰਲ ਵੀਡੀਓ ਵਿੱਚ ਤਲਬੀਰ ਸਿੰਘ ਗਿੱਲ ਵੱਲੋਂ ਪੁਲਿਸ ਅਧਿਕਾਰੀ ਨੂੰ ਕਥਿਤ ਤੌਰ ’ਤੇ ਇਹ ਕਹਿੰਦੇ ਸੁਣਿਆ ਜਾ ਰਿਹਾ ਹੈ, “ਮੈਂ ਤੇਰੇ ਵਰਗੇ 50 ਐੱਸਪੀ ਵੇਖੇ ਨੇ, ਮੈਨੂੰ ਵੀ ਅੰਦਰ ਕਰ ਦੇ।” ਹਾਲਾਂਕਿ, ਵੀਡੀਓ ਦੇ ਪੂਰੇ ਸੰਦਰਭ ਅਤੇ ਇਸ ਵਿੱਚ ਕੀਤੀ ਗਈ ਗੱਲਬਾਤ ਦੀ ਸੁਤੰਤਰ ਤੌਰ ’ਤੇ ਪੁਸ਼ਟੀ ਨਹੀਂ ਹੋ ਸਕੀ ਹੈ।
ਪੀ.ਓ. ਦੀ ਗ੍ਰਿਫ਼ਤਾਰੀ ਤੋਂ ਬਾਅਦ ਥਾਣੇ ਪਹੁੰਚੇ ਸਨ ਤਲਬੀਰ ਗਿੱਲ
ਮਿਲੀ ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਥਾਣਾ ਸਦਰ ਪੁਲਿਸ ਵੱਲੋਂ ਮਜੀਠਾ ਰੋਡ ਸਥਿਤ ਗੁਰੂ ਨਾਨਕ ਐਵਨਿਊ ਦੇ ਰਹਿਣ ਵਾਲੇ ਹਰਪਾਲ ਸਿੰਘ ਪੁੱਤਰ ਸੰਤੋਖ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਿਸ ਮੁਤਾਬਕ ਹਰਪਾਲ ਸਿੰਘ ਨੂੰ ਇੱਕ ਮਾਮਲੇ ਵਿੱਚ ਪ੍ਰੋਕਲੇਮਡ ਆਫੈਂਡਰ (ਪੀ.ਓ.) ਐਲਾਨਿਆ ਗਿਆ ਸੀ।
ਹਰਪਾਲ ਸਿੰਘ ਦੀ ਗ੍ਰਿਫ਼ਤਾਰੀ ਦੀ ਜਾਣਕਾਰੀ ਮਿਲਣ ਤੋਂ ਬਾਅਦ ਤਲਬੀਰ ਸਿੰਘ ਗਿੱਲ ਆਪਣੇ ਕੁਝ ਸਾਥੀਆਂ ਸਮੇਤ ਥਾਣਾ ਸਦਰ ਪਹੁੰਚੇ ਸਨ। ਇਸ ਦੌਰਾਨ ਪੁਲਿਸ ਅਧਿਕਾਰੀਆਂ ਅਤੇ ਤਲਬੀਰ ਗਿੱਲ ਵਿਚਕਾਰ ਬਹਿਸ ਹੋਣ ਦੀ ਗੱਲ ਸਾਹਮਣੇ ਆਈ ਹੈ।
ADCP ਸਿਟੀ-2 ਨੇ ਦਿੱਤਾ ਸਪੱਸ਼ਟੀਕਰਨ
ਮਾਮਲੇ ਸਬੰਧੀ ਅੰਮ੍ਰਿਤਸਰ ਪੁਲਿਸ ਦੇ ADCP ਸਿਟੀ-2 ਸ੍ਰੀ ਸਿਰੀਵੇਨੇਲਾ, IPS ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਵਾਇਰਲ ਵੀਡੀਓ ਬਾਰੇ ਸਪੱਸ਼ਟੀਕਰਨ ਦਿੱਤਾ।
ਉਨ੍ਹਾਂ ਦੱਸਿਆ ਕਿ 5 ਸਤੰਬਰ 2026 ਨੂੰ ਥਾਣਾ ਸਦਰ ਵਿੱਚ ਇੱਕ ਪੀ.ਓ. ਦੀ ਗ੍ਰਿਫ਼ਤਾਰੀ ਕੀਤੀ ਗਈ ਸੀ। ਪੁਲਿਸ ਮੁਤਾਬਕ ਹਰਪਾਲ ਸਿੰਘ ਪੁੱਤਰ ਸੰਤੋਖ ਸਿੰਘ, ਵਾਸੀ ਗੁਰੂ ਨਾਨਕ ਐਵਨਿਊ, ਮਜੀਠਾ ਰੋਡ, ਇੱਕ ਐੱਫਆਈਆਰ ਵਿੱਚ ਪੀ.ਓ. ਐਲਾਨਿਆ ਗਿਆ ਸੀ।
ADCP ਮੁਤਾਬਕ ਤਲਬੀਰ ਸਿੰਘ ਗਿੱਲ ਕੁਝ ਵਿਅਕਤੀਆਂ ਦੇ ਨਾਲ ਥਾਣਾ ਸਦਰ ਪਹੁੰਚੇ ਅਤੇ ਪੁਲਿਸ ਮੁਲਾਜ਼ਮਾਂ ਕੋਲੋਂ ਗ੍ਰਿਫ਼ਤਾਰ ਵਿਅਕਤੀ ਨੂੰ ਜਲਦ ਰਿਹਾਅ ਕਰਨ ਦੀ ਮੰਗ ਕੀਤੀ। ਪੁਲਿਸ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਗਲਤਫਹਿਮੀ ਸੀ ਕਿ ਗ੍ਰਿਫ਼ਤਾਰ ਵਿਅਕਤੀ ਦੀ ਰਿਹਾਈ ਥਾਣਾ ਪੱਧਰ ’ਤੇ ਹੋ ਸਕਦੀ ਹੈ।
ਪੁਲਿਸ ਵੱਲੋਂ ਉਨ੍ਹਾਂ ਨੂੰ ਸਪੱਸ਼ਟ ਕੀਤਾ ਗਿਆ ਕਿ ਜਿਹੜਾ ਵਿਅਕਤੀ ਅਦਾਲਤ ਵੱਲੋਂ ਪੀ.ਓ. ਐਲਾਨਿਆ ਜਾ ਚੁੱਕਾ ਹੈ, ਉਸ ਦੀ ਰਿਹਾਈ ਜਾਂ ਅਗਲੀ ਕਾਨੂੰਨੀ ਕਾਰਵਾਈ ਅਦਾਲਤੀ ਪ੍ਰਕਿਰਿਆ ਰਾਹੀਂ ਹੀ ਹੋ ਸਕਦੀ ਹੈ।
ਪੁਲਿਸ ਨੇ ਕਿਹਾ—ਸਿਰਫ਼ ਮਾਮੂਲੀ ਬਹਿਸ ਹੋਈ
ADCP ਸਿਟੀ-2 ਅਨੁਸਾਰ ਇਸ ਗੱਲ ਨੂੰ ਲੈ ਕੇ ਥਾਣੇ ਵਿੱਚ ਪੁਲਿਸ ਮੁਲਾਜ਼ਮਾਂ ਅਤੇ ਤਲਬੀਰ ਸਿੰਘ ਗਿੱਲ ਵਿਚਕਾਰ ਮਾਮੂਲੀ ਬਹਿਸ ਹੋਈ। ਉਨ੍ਹਾਂ ਦੱਸਿਆ ਕਿ ਮਾਮਲੇ ਸਬੰਧੀ ਸਪੱਸ਼ਟੀਕਰਨ ਦੇਣ ਤੋਂ ਬਾਅਦ ਤਲਬੀਰ ਗਿੱਲ ਅਤੇ ਉਨ੍ਹਾਂ ਦੇ ਨਾਲ ਆਏ ਕੁਝaਵਿਅਕਤੀਆਂ ਵਿਚਕਾਰ ਵੀ ਮਾਮੂਲੀ ਬਹਿਸ ਹੋਈ।
ਪੁਲਿਸ ਅਧਿਕਾਰੀ ਮੁਤਾਬਕ ਤਲਬੀਰ ਗਿੱਲ ਨੇ ਆਪਣੇ ਨਾਲ ਆਏ ਲੋਕਾਂ ਨੂੰ ਵੀ ਅਜਿਹੇ ਵਿਅਕਤੀ ਦੇ ਮਾਮਲੇ ਵਿੱਚ ਸਿਫ਼ਾਰਸ਼ ਕਰਨ ਤੋਂ ਗੁਰੇਜ਼ ਕਰਨ ਲਈ ਕਿਹਾ।
ADCP ਸਿਟੀ-2 ਨੇ ਸਪੱਸ਼ਟ ਕੀਤਾ ਕਿ ਇਸ ਘਟਨਾ ਤੋਂ ਇਲਾਵਾ ਮਾਮਲੇ ਵਿੱਚ ਕੋਈ ਹੋਰ ਗਲਤ ਘਟਨਾ ਸਾਹਮਣੇ ਨਹੀਂ ਆਈ ਹੈ।
ਵੀਡੀਓ ਵਾਇਰਲ ਹੋਣ ਤੋਂ ਬਾਅਦ ਚਰਚਾ ਤੇਜ਼
ਥਾਣਾ ਸਦਰ ਦੀ ਦੱਸੀ ਜਾ ਰਹੀ ਇਸ ਵੀਡੀਓ ਦੇ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਸਿਆਸੀ ਅਤੇ ਪੁਲਿਸ ਹਲਕਿਆਂ ਵਿੱਚ ਚਰਚਾ ਤੇਜ਼ ਹੋ ਗਈ ਹੈ। ਵੀਡੀਓ ਵਿੱਚ ਦਿਖਾਈ ਦੇ ਰਹੀ ਬਹਿਸ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ। ਫਿਲਹਾਲ ਪੁਲਿਸ ਵੱਲੋਂ ਇਸ ਘਟਨਾ ਨੂੰ ਮਾਮੂਲੀ ਬਹਿਸ ਕਰਾਰ ਦਿੱਤਾ ਗਿਆ ਹੈ ਅਤੇ ADCP ਸਿਟੀ-2 ਨੇ ਕਿਹਾ ਹੈ ਕਿ ਇਸ ਤੋਂ ਇਲਾਵਾ ਕੋਈ ਹੋਰ ਗਲਤ ਘਟਨਾ ਸਾਹਮਣੇ ਨਹੀਂ ਆਈ।




