ਕਿਸਾਨ

ਰੇਲਵੇ ਅੰਡਰ ਬ੍ਰਿਜ ਦੇ ਪਾਣੀ ’ਚ ‘ਟਰੈਕਟਰ-ਟਰਾਲੀ’ ਸਮੇਤ ਡੁੱਬਣ ਕਾਰਨ ਕਿਸਾਨ ਦੀ ਮੌਤ

ਜਲੰਧਰ, 10 ਅਕਤੂਬਰ 2023: ਲੋਹੀਆਂ ਦੇ ਪਿੰਡ ਗਿੱਦੜ ਪਿੰਡੀ ਦੇ ਰੇਲਵੇ ਸਟੇਸ਼ਨਾਂ ਦੇ ਵਿਚਕਾਰ ਪੈਂਦੇ ਪਿੰਡ ਮਾਣਕ ਦੇ ‘ਰੇਲਵੇ ਅੰਡਰ ਬ੍ਰਿਜ’ ਦੇ ਵਿਚ ਖੜ੍ਹੇ ਅਣਕਿਆਸੇ ਡੂੰਘੇ ਪਾਣੀ ਵਿਚ ਟਰੈਕਟਰ ਟਰਾਲੀ ਸਮੇਤ ਇਕ ਕਿਸਾਨ ਡੁੱਬ ਗਿਆ, ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ | ਦੱਸਿਆ ਜਾ ਰਿਹਾ ਹੈ ਕਿ ਕਈ ਘੰਟੇ ਲਾਸ਼ ਪਾਣੀ ਵਿੱਚ ਤੈਰਦੀ ਰਹੀ।

ਇਸ ਸੰਬੰਧੀ ਮ੍ਰਿਤਕ ਅਜੀਤ ਸਿੰਘ ਵਾਸੀ ਬਾਜਵਾਂ ਕਲਾਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਅੰਡਰ ਬ੍ਰਿਜ ’ਚ ਪਿਛਲੇ 3 ਮਹੀਨਿਆਂ ਤੋਂ ਹੜ੍ਹ ਦਾ ਬਦਬੂ ਮਾਰਦਾ ਪਾਣੀ ਜਮ੍ਹਾ ਸੀ ਅਤੇ ਅਣਕਿਆਸਿਆ ਹੋਣ ਕਰਕੇ ਜਦੋਂ ਟਰੈਕਟਰ ਤੇ ਟਰਾਲੀ ਬ੍ਰਿਜ ਦੇ ਬਿਲਕੁਲ ਹੇਠਾਂ ਉਤਰੀ ਤਾਂ ਅਜੀਤ ਸਿੰਘ ਦਾ ਸਾਰਾ ਟਰੈਕਟਰ ਤੇ ਟਰਾਲੀ ਡੁੱਬ ਗਿਆ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਰੇਲਵੇ ਦੇ ਸੰਬੰਧਿਤ ਅਧਿਕਾਰੀਆਂ ਖਿਲਾਫ਼ ਮਾਮਲਾ ਦਰਜ਼ ਨਹੀਂ ਹੁੰਦਾ ਅਤੇ ਮ੍ਰਿਤਕ ਦੇ ਪਰਿਵਾਰ ਨੂੰ ਬਣਦਾ ਮੁਆਵਜ਼ਾ ਨਹੀਂ ਮਿਲਦਾ,ਉਦੋਂ ਤੱਕ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਨਹੀਂ ਕਰਨਗੇ।

Scroll to Top