ਚੰਡੀਗੜ੍ਹ, 27 ਸਤੰਬਰ 2023: ਰਾਸ਼ਟਰੀ ਜਨਤਾ ਦਲ ਦੇ ਰਾਜ ਸਭਾ ਮੈਂਬਰ ਮਨੋਜ ਝਾਅ (Manoj Jha) ਨੇ ਹਾਲ ਹੀ ‘ਚ ਹੋਏ ਵਿਸ਼ੇਸ਼ ਸੰਸਦ ਸੈਸ਼ਨ ਦੌਰਾਨ ਠਾਕੁਰਾਂ ‘ਤੇ ਟਿੱਪਣੀ ਕੀਤੀ ਸੀ। ਨਾਰੀ ਸ਼ਕਤੀ ਵੰਦਨ ਬਿੱਲ ‘ਤੇ ਚਰਚਾ ਦੌਰਾਨ ਉਨ੍ਹਾਂ ਨੇ ਓਮ ਪ੍ਰਕਾਸ਼ ਵਾਲਮੀਕੀ ਦੀ ਕਵਿਤਾ ਦਾ ਹਵਾਲਾ ਦੇ ਕੇ ਆਪਣੇ ਅੰਦਰਲੇ ਠਾਕੁਰ ਨੂੰ ਮਾਰਨ ਦੀ ਅਪੀਲ ਕੀਤੀ ਸੀ। ਇਸ ‘ਤੇ ਉਨ੍ਹਾਂ ਦੀ ਹੀ ਪਾਰਟੀ ਦੇ ਆਗੂ ਉਨ੍ਹਾਂ ਦੇ ਖ਼ਿਲਾਫ਼ ਖੜ੍ਹੇ ਹੋ ਗਏ ਹਨ। ਇਸ ਮੁੱਦੇ ‘ਤੇ ਲਾਲੂ ਪ੍ਰਸਾਦ ਯਾਦਵ ਦੀ ਪਾਰਟੀ ਦੋ ਫਾੜ ਹੁੰਦੀ ਨਜ਼ਰ ਆ ਰਹੀ ਹੈ।
ਮਨੋਜ ਝਾਅ ਦੇ ਇਸ ਬਿਆਨ ਨੂੰ ਲੈ ਕੇ ਹੰਗਾਮਾ ਹੋ ਰਿਹਾ ਹੈ। ਇਸ ਬਿਆਨ ‘ਤੇ ਸਿਆਸੀ ਹੰਗਾਮੇ ਨੇ ਆਰਜੇਡੀ ਨੂੰ ਦੋ ਧੜਿਆਂ ਵਿੱਚ ਵੰਡ ਦਿੱਤਾ ਹੈ। ਰਾਜਦ ਆਗੂ ਆਨੰਦ ਮੋਹਨ ਅਤੇ ਉਨ੍ਹਾਂ ਦੇ ਵਿਧਾਇਕ ਪੁੱਤਰ ਚੇਤਨ ਆਨੰਦ ਨੇ ਇਸ ਮਾਮਲੇ ‘ਚ ਮਨੋਜ ਝਾਅ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਆਨੰਦ ਮੋਹਨ ਦਾ ਕਹਿਣਾ ਹੈ ਕਿ ਪਹਿਲਾਂ ਮਨੋਜ ਝਾਅ ਨੂੰ ਆਪਣੇ ਅੰਦਰਲੇ ਬ੍ਰਾਹਮਣ ਨੂੰ ਮਾਰਨਾ ਚਾਹੀਦਾ ਹੈ।
ਮਨੋਜ ਝਾਅ (Manoj Jha) ‘ਤੇ ਚੁਟਕੀ ਲੈਂਦਿਆਂ ਰਾਸ਼ਟਰੀ ਜਨਤਾ ਦਲ ਦੇ ਆਗੂ ਚੇਤਨ ਆਨੰਦ ਨੇ ਕਿਹਾ, ‘ਠਾਕੁਰ ਸਮਾਜ ਸਾਰਿਆਂ ਨੂੰ ਨਾਲ ਲੈ ਕੇ ਚੱਲਦਾ ਹੈ ਅਤੇ ਸਮਾਜਵਾਦ ‘ਚ ਕਿਸੇ ਇਕ ਜਾਤੀ ਨੂੰ ਨਿਸ਼ਾਨਾ ਬਣਾਉਣਾ ਸਮਾਜਵਾਦ ਦੇ ਨਾਂ ‘ਤੇ ਪਾਖੰਡ ਹੈ। ਅਜਿਹੇ ਬਿਆਨਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।” ਵਿਧਾਇਕ ਚੇਤਨ ਆਨੰਦ ਨੇ ਕਿਹਾ ਕਿ ਜਦੋਂ ਰਾਜ ਸਭਾ ‘ਚ ਮਨੋਜ ਝਾਅ ਬੋਲ ਰਹੇ ਸਨ ਤਾਂ ਉਨ੍ਹਾਂ ਨੇ ਠਾਕੁਰ ਭਾਈਚਾਰੇ ਨੂੰ ਖਲਨਾਇਕ ਬਣਾ ਕੇ ਪੇਸ਼ ਕੀਤਾ।
ਚੇਤਨ ਆਨੰਦ ਨੇ ਕਿਹਾ, ਇਹ ਬਿਆਨ ਸਾਡੇ ਆਗੂ ਤੇਜਸਵੀ ਯਾਦਵ ਦੇ ਆਰਜੇਡੀ ਨੂੰ ਏ ਟੂ ਜ਼ੈੱਡ ਪਾਰਟੀ ਬਣਾਉਣ ਦੇ ਕਦਮ ਨੂੰ ਝਟਕਾ ਹੈ। ਉਨ੍ਹਾਂ ਕਿਹਾ, ਮਨੋਜ ਝਾਅ ਬ੍ਰਾਹਮਣ ਹਨ, ਇਸ ਲਈ ਉਨ੍ਹਾਂ ਨੇ ਬ੍ਰਾਹਮਣਾਂ ਵਿਰੁੱਧ ਕਵਿਤਾ ਨਹੀਂ ਸੁਣਾਈ। ਅਸੀਂ ਇਹ ਸਭ ਬਰਦਾਸ਼ਤ ਨਹੀਂ ਕਰਾਂਗੇ। ਉਨ੍ਹਾਂ ਮਨੋਜ ਝਾਅ ਦੇ ਅਜਿਹੇ ਬਿਆਨ ਨੂੰ ਪਾਖੰਡ ਕਰਾਰ ਦਿੱਤਾ।