Harjinder Singh Dhami

ਖੇਡ ਮੁਕਾਬਲੇ ’ਚ ਗੁਰਸਿੱਖ ਖਿਡਾਰੀ ਨੂੰ ਹੈਲਮਟ ਨਾ ਪਾਉਣ ਕਾਰਨ ਮੁਕਾਬਲੇ ਤੋਂ ਬਾਹਰ ਕਰਨ ਦੀ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਨਿੰਦਾ

ਚੰਡੀਗੜ੍ਹ, 18 ਸਤੰਬਰ 2023: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪਟਿਆਲਾ ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਚ ਸਕੇਟਿੰਗ ਮੁਕਾਬਲੇ ਦੌਰਾਨ ਇਕ ਗੁਰਸਿੱਖ ਖਿਡਾਰੀ ਨੂੰ ਹੈਲਮਟ ਨਾ ਪਾਉਣ ’ਤੇ ਮੁਕਾਬਲੇ ’ਚੋਂ ਬਾਹਰ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ ਅਤੇ ਦੋਸ਼ੀ ਪਾਸੇ ਜਾਣ ਵਾਲੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।

ਸ਼੍ਰੋਮਣੀ ਕੇਮਟੀ ਪ੍ਰਧਾਨ ਨੇ ਕਿਹਾ ਕਿ ਸਿੱਖ ਬਹੁਗਿਣਤੀ ਵਾਲੇ ਸੂਬੇ ਪੰਜਾਬ ਅੰਦਰ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਵਾਲੀ ਅਜਿਹੀ ਹਰਕਤ ਸਿੱਖ ਪਛਾਣ ਨੂੰ ਸਿੱਧੀ ਚੁਣੌਤੀ ਹੈ। ਉਨ੍ਹਾਂ ਕਿਹਾ ਕਿ ਸਿੱਖ ਮਰਯਾਦਾ ਵਿਚ ਹੈਲਮਟ ਪਹਿਨਣ ਨੂੰ ਕੋਈ ਥਾਂ ਨਹੀਂ ਹੈ, ਜੇਕਰ ਕੋਈ ਸਿੱਖ ਖਿਡਾਰੀ ਬਿਨਾਂ ਹੈਲਮਟ ਤੋਂ ਖੇਡ ਮੁਕਾਬਲੇ ਵਿਚ ਭਾਗ ਲੈਣਾ ਚਾਹੁੰਦਾ ਹੈ ਤਾਂ ਉਸ ’ਤੇ ਅਜਿਹੀ ਪਾਬੰਦੀ ਨਹੀਂ ਹੋਣੀ ਚਾਹੀਦੀ।

ਉਨ੍ਹਾਂ ਨੇ ਕਿਹਾ ਕਿ ਸਿੱਖ ਬਹੁਗਿਣਤੀ ਵਾਲੇ ਸੂਬੇ ਪੰਜਾਬ ਅੰਦਰ ਸਿੱਖ ਖਿਡਾਰੀ ਨਾਲ ਅਜਿਹੀ ਹਰਕਤ ਹੋਣ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਖ਼ੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਇਸ ਲਈ ਤੁਰੰਤ ਮੁਆਫ਼ੀ ਮੰਗਦਿਆਂ ਖ਼ੇਡ ਵਿਭਾਗ ਦੇ ਅਧਿਕਾਰੀ ਅਤੇ ਮੁਕਾਬਲੇ ਦੇ ਪ੍ਰਬੰਧਕਾਂ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ। ਇਹ ਵੀ ਯਕੀਨੀ ਬਣਾਇਆ ਜਾਵੇ ਕਿ ਇਸ ਖੇਡ ਮੁਕਾਬਲੇ ਨੂੰ ਰੱਦ ਕਰਦਿਆਂ ਸੰਬੰਧਿਤ ਖਿਡਾਰੀ ਨੂੰ ਸ਼ਾਮਲ ਕਰਕੇ ਇਹ ਮੁਕਾਬਲਾ ਦੁਬਾਰਾ ਹੋਵੇ, ਤਾਂ ਜੋ ਸਿੱਖ ਖਿਡਾਰੀ ਨੂੰ ਇਨਸਾਫ਼ ਮਿਲ ਸਕੇ।

ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਇਸ ਸੰਬੰਧ ਵਿਚ ਸਬ-ਡਿਵੀਜ਼ਨ ਪਾਤੜਾਂ ਦੇ ਪਿੰਡ ਬਣਵਾਲਾ ਗੁਰਸਿੱਖ ਖਿਡਾਰੀ ਕਾਕਾ ਰਿਆਜਪ੍ਰਤਾਪ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕਰਕੇ ਮੁਕੰਮਲ ਰਿਪੋਰਟ ਕਰਨ ਲਈ ਇਕ ਵਫ਼ਦ ਭੇਜਿਆ ਜਾ ਰਿਹਾ ਹੈ, ਜਿਸ ਵਿਚ ਅੰਤ੍ਰਿੰਗ ਕਮੇਟੀ ਦੇ ਮੈਂਬਰ ਜਰਨੈਲ ਸਿੰਘ ਕਰਤਾਰਪੁਰ, ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਪਟਿਆਲਾ ਦੇ ਮੈਨੇਜਰ ਅਤੇ ਪ੍ਰਚਾਰਕ ਸਿੰਘ ਸ਼ਾਮਲ ਹਨ।

Scroll to Top