Environment Day

ਵਾਤਾਵਰਣ ਦਿਵਸ ਮੌਕੇ ‘ਪ੍ਰੋਜੈਕਟ ਪ੍ਰਕਿਰਤੀ’ ਤਹਿਤ ਮਾਨਸਾ ਅੰਦਰ 1 ਲੱਖ 20 ਹਜ਼ਾਰ ਪੌਦੇ ਲਗਾਉਣ ਦਾ ਟੀਚਾ: DC ਟੀ. ਬੈਨਿਥ

ਮਾਨਸਾ, 01 ਜੂਨ 2023: ਮਾਨਸਾ ਜ਼ਿਲ੍ਹੇ ਨੂੰ ਹਰਿਆ ਭਰਿਆ ਬਣਾਉਣ ਅਤੇ ਪ੍ਰਦੂਸ਼ਣ ਰਹਿਤ ਮਾਹੌਲ ਸਿਰਜਣ ਲਈ ‘ਪ੍ਰੋਜੈਕਟ ਪ੍ਰਕਿਰਤੀ’ ਅਧੀਨ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਜ਼ਿਲ੍ਹੇ ਵਿੱਚ 1 ਲੱਖ 20 ਹਜ਼ਾਰ ਪੌਦੇ ਲਗਾਉਣ ਦਾ ਟੀਚਾ ਮਿੱਥਿਆ ਗਿਆ ਹੈ। ਇੰਨ੍ਹਾਂ ਗੱਲਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਟੀ. ਬੈਨਿਥ ਨੇ ਸਥਾਨਕ ਬੱਚਤ ਭਵਨ ਵਿਖੇ ਵੱਖ ਵੱਖ ਵਿਭਾਗੀ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਸਮੂਹ ਵਿਭਾਗੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪੌਦੇ ਲਗਾਉਣ ਲਈ ਦਿੱਤੇ ਟੀਚੇ ਨੂੰ 05 ਜੂਨ, 2023 ਨੂੰ ਵਾਤਾਵਰਣ ਦਿਵਸ (Environment Day) ਵਾਲੇ ਦਿਨ ਤੋਂ ਲੈ ਕੇ 05 ਜੁਲਾਈ 2023 ਤੱਕ ਪੂਰਾ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ ਮਗਨਰੇਗਾ ਸਕੀਮ ਅਤੇ ਆਪਣੇ ਵਿਭਾਗੀ ਸਰੋਤਾਂ ਰਾਹੀਂ ਪੌਦੇ ਲਗਵਾਏ ਜਾਣ। ਉਨ੍ਹਾਂ ਸਮੂਹ ਅਧਿਕਾਰੀਆਂ ਤੋਂ ਪੌਦੇ ਲਗਾਉਣ ਲਈ ਨਿਸ਼ਚਿਤ ਕੀਤੀਆਂ ਥਾਵਾਂ ਬਾਰੇ ਜਾਣਕਾਰੀ ਲਈ ਅਤੇ ਹਰੇਕ ਪੌਦੇ ਨੂੰ ਢੁਕਵੀਂ ਥਾਂ ’ਤੇ ਲਗਾ ਕੇ ਨਾਲ ਨਾਲ ਉਨ੍ਹਾਂ ਦੀ ਸਾਂਭ ਸੰਭਾਲ ਵੀ ਯਕੀਨੀ ਬਣਾਈ ਜਾਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵਾਤਾਵਰਣ ਦੀ ਸ਼ੁੱਧਤਾ ਲਈ ਪੌਦੇ ਲਗਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ 5 ਜੂਨ ਤੱਕ ਸਮੂਹ ਅਧਿਕਾਰੀ ਆਪਣੀ ਮੁਕੰਮਲ ਰਿਪੋਰਟ ਭੇਜਣ ਤਾਂ ਜੋ ਸਪੱਸ਼ਟ ਹੋ ਸਕੇ ਕਿ ਜ਼ਿਲ੍ਹੇ ਦੀਆਂ ਕਿਹੜੀਆਂ ਯੋਗ ਥਾਵਾਂ ’ਤੇ ਪਲਾਂਟੇਸ਼ਨ ਕੀਤੀ ਜਾਣੀ ਹੈ।

Scroll to Top