Haryana Grain Market

ਹਰਿਆਣਾ ਦੀਆਂ ਮੰਡੀਆਂ ‘ਚ ਪਹੁੰਚੇ ਕਿਸਾਨਾਂ ਦਾ ਇੱਕ-ਇੱਕ ਦਾਣਾ ਖ਼ਰੀਦਿਆ: ਰਾਜੇਸ਼ ਨਾਗਰ

ਹਰਿਆਣਾ, 19 ਨਵੰਬਰ 2026: Haryana Grain Market: ਹਰਿਆਣਾ ‘ਚ ਸਾਉਣੀ ਸੀਜ਼ਨ 2026-27 ਦੌਰਾਨ ਝੋਨੇ ਸਮੇਤ ਸਾਰੀਆਂ ਫ਼ਸਲਾਂ ਦੀ ਸਰਕਾਰੀ ਖ਼ਰੀਦ ਬੇਹੱਦ ਸੁਚਾਰੂ, ਪਾਰਦਰਸ਼ੀ ਅਤੇ ਸਫ਼ਲ ਰਹੀ ਹੈ। ਸੂਬੇ ਦੇ ਖ਼ੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲਿਆਂ ਬਾਰੇ ਮੰਤਰੀ ਰਾਜੇਸ਼ ਨਾਗਰ ਨੇ ਇਸ ਸ਼ਾਨਦਾਰ ਅਤੇ ਸ਼ਲਾਘਾਯੋਗ ਖ਼ਰੀਦ ਪ੍ਰਕਿਰਿਆ ਦਾ ਪੂਰਾ ਸਿਹਰਾ ਸੂਬੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਯੋਗ ਅਗਵਾਈ ਅਤੇ ਕਿਸਾਨ-ਪੱਖੀ ਨੀਤੀਆਂ ਨੂੰ ਦਿੱਤਾ ਹੈ।

ਮੰਤਰੀ ਰਾਜੇਸ਼ ਨਾਗਰ ਨੇ ਕਿਹਾ ਕਿ ਸੂਬਾ ਸਰਕਾਰ ਨੇ ਸਾਉਣੀ ਦਾ ਸੀਜ਼ਨ ਸ਼ੁਰੂ ਹੋਣ ਤੋਂ ਬਹੁਤ ਪਹਿਲਾਂ ਹੀ ਜ਼ਮੀਨੀ ਪੱਧਰ ‘ਤੇ ਵਿਆਪਕ ਅਤੇ ਠੋਸ ਤਿਆਰੀਆਂ ਯਕੀਨੀ ਬਣਾ ਲਈਆਂ ਸਨ। ਮੰਡੀਆਂ ‘ਚ ਬਾਰਦਾਨੇ ਦੀ ਉਪਲਬੱਧਤਾ ਤੋਂ ਲੈ ਕੇ ਫ਼ਸਲਾਂ ਦੀ ਤੇਜ਼ੀ ਨਾਲ ਚੁਕਾਈ ਅਤੇ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਸਮੇਂ ਸਿਰ ਅਦਾਇਗੀ ਤੱਕ, ਹਰ ਪ੍ਰਬੰਧ ਨੂੰ ਬੇਹੱਦ ਯੋਜਨਾਬੱਧ ਤਰੀਕੇ ਨਾਲ ਨੇਪਰੇ ਚਾੜ੍ਹਿਆ ਗਿਆ।

ਇਸ ਸਫ਼ਲਤਾ ਲਈ ਉਨ੍ਹਾਂ ਨੇ ਪ੍ਰਸ਼ਾਸਨਿਕ ਅਮਲੇ ਦੀ ਵੀ ਸ਼ਲਾਘਾ ਕੀਤੀ। ਨਾਗਰ ਨੇ ਕਿਹਾ ਕਿ ਸਾਡੇ ਪ੍ਰਸ਼ਾਸਨ ਨੇ ਦਿਨ-ਰਾਤ ਇੱਕ ਕਰਕੇ ਮੰਡੀਆਂ ‘ਚ ਅਜਿਹੇ ਪੁਖ਼ਤਾ ਪ੍ਰਬੰਧ ਕੀਤੇ ਕਿ ਕਿਤੇ ਵੀ ਕਿਸੇ ਤਰ੍ਹਾਂ ਦੀ ਬਦਇੰਤਜ਼ਾਮੀ ਜਾਂ ਗੜਬੜੀ ਦੀ ਕੋਈ ਗੁੰਜਾਇਸ਼ ਨਹੀਂ ਰਹੀ। ਅਸੀਂ ਪੂਰੀ ਸੰਵੇਦਨਸ਼ੀਲਤਾ ਨਾਲ ਕਿਸਾਨਾਂ ਦੀ ਹਰ ਛੋਟੀ-ਵੱਡੀ ਸਹੂਲਤ ਦਾ ਪੂਰਾ ਧਿਆਨ ਰੱਖਿਆ, ਜਿਸ ਕਾਰਨ ਅੰਨਦਾਤਿਆਂ ਨੂੰ ਮੰਡੀਆਂ ‘ਚ ਆਪਣੀ ਉਪਜ ਵੇਚਣ ‘ਚ ਕਿਸੇ ਵੀ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਿਆ। ਇਹੀ ਕਾਰਨ ਰਿਹਾ ਕਿ ਮੰਡੀਆਂ ‘ਚ ਆਉਣ ਵਾਲੇ ਹਰ ਦਾਣੇ ਦੀ ਖ਼ਰੀਦ ਹੋਈ ਹੈ ਅਤੇ ਕਿਸਾਨ ਦਾ ਪੈਸਾ ਉਸਦੇ ਖਾਤੇ ‘ਚ ਡੀ.ਬੀ.ਟੀ. ਰਾਹੀਂ ਪਹੁੰਚਿਆ ਹੈ।

ਖ਼ੁਰਾਕ ਅਤੇ ਸਪਲਾਈ ਰਾਜ ਮੰਤਰੀ ਨੇ ਸੂਬੇ ਭਰ ਦੇ ਸਾਰੇ ਕਿਸਾਨਾਂ ਦਾ ਵੀ ਧੰਨਵਾਦ ਕਰਦਿਆਂ ਕਿਹਾ ਕਿ ਕਿਸਾਨਾਂ ਦੇ ਵਿਸ਼ਵਾਸ, ਅਨੁਸ਼ਾਸਨ ਅਤੇ ਸਹਿਯੋਗ ਤੋਂ ਬਿਨਾਂ ਇਹ ਵਿਸ਼ਾਲ ਮੁਹਿੰਮ ਇੰਨੀ ਸਫ਼ਲ ਨਹੀਂ ਹੋ ਸਕਦੀ ਸੀ। ਉਨ੍ਹਾਂ ਕਿਹਾ ਕਿ ਹਰਿਆਣਾ ਦੀ ਭਾਜਪਾ ਸਰਕਾਰ ਆਪਣੇ ਇਸ ਸੰਕਲਪ ‘ਤੇ ਪੂਰੀ ਤਰ੍ਹਾਂ ਅਟੱਲ ਹੈ ਕਿ ਉਹ ਕਿਸਾਨ ਦੀ ਮਿਹਨਤ ਦਾ ਇੱਕ-ਇੱਕ ਦਾਣਾ ਖ਼ਰੀਦੇਗੀ ਅਤੇ ਸੂਬੇ ਦੇ ਅੰਨਦਾਤੇ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਅਤੇ ਖ਼ੁਸ਼ਹਾਲ ਬਣਾਉਣ ਲਈ ਲਗਾਤਾਰ ਕੰਮ ਕਰਦੀ ਰਹੇਗੀ।

Read More: ਅੰਬਾਲਾ ਪ੍ਰੈਸ ਕਲੱਬ ਵੱਲੋਂ ਇਤਿਹਾਸਕ ਸ਼ਹੀਦ ਸਮਾਰਕ ਦੇ ਨਿਰਮਾਣ ਲਈ ਊਰਜਾ ਮੰਤਰੀ ਅਨਿਲ ਵਿਜ ਦਾ ਧੰਨਵਾਦ

ਵਿਦੇਸ਼

Scroll to Top