ਮਨੀਲਾ , 17 ਨਵੰਬਰ 2026: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ‘ਚ ਕਵਾਡ ਬੈਠਕ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਜ਼ਬੂਤ ਵਿਅਕਤੀ ਦੱਸਿਆ। ਟਰੰਪ ਦੀਆਂ ਇਹ ਟਿੱਪਣੀਆਂ ਦੋਵਾਂ ਆਗੂਆਂ ਦੀ ਬੈਠਕ ਦੌਰਾਨ ਆਈਆਂ।
ਦੁਨੀਆ ਮਨੀਲਾ ‘ਚ ਕਵਾਡ ਆਗੂਆਂ ਦੀ ਬੈਠਕ ‘ਤੇ ਨਜ਼ਰ ਰੱਖ ਰਹੀ ਹੈ। ਇਸ ‘ਚ ਭਾਰਤ, ਸੰਯੁਕਤ ਰਾਜ, ਜਾਪਾਨ ਅਤੇ ਆਸਟ੍ਰੇਲੀਆ ਵਿਚਕਾਰ ਇੰਡੋ-ਪੈਸੀਫਿਕ ਖੇਤਰ ‘ਚ ਸਹਿਯੋਗ ਅਤੇ ਸਮੂਹ ਦੀ ਭਵਿੱਖੀ ਰਣਨੀਤੀ ‘ਤੇ ਚਰਚਾ ਹੋਣ ਵਾਲੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਮਨੀਲਾ ‘ਚ ਥਾਈਲੈਂਡ ਦੇ ਪ੍ਰਧਾਨ ਮੰਤਰੀ ਅਨੁਤਿਨ ਚਾਰਨਵੀਰਕੁਲ ਅਤੇ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲਾਰੈਂਸ ਵੋਂਗ ਨਾਲ ਦੁਵੱਲੀਆਂ ਬੈਠਕਾਂ ਕੀਤੀਆਂ। ਇਹ ਬੈਠਕਾਂ 23ਵੇਂ ਆਸੀਆਨ-ਭਾਰਤ ਸੰਮੇਲਨ ਅਤੇ 21ਵੇਂ ਪੂਰਬੀ ਏਸ਼ੀਆ ਸੰਮੇਲਨ ਦੇ ਮੌਕੇ ‘ਤੇ ਹੋਈਆਂ।
ਸਿੰਗਾਪੁਰ ਦੇ ਪ੍ਰਧਾਨ ਮੰਤਰੀ ਨਾਲ ਬੈਠਕ ਨਿਵੇਸ਼, ਬੁਨਿਆਦੀ ਢਾਂਚਾ, ਨਵੀਨਤਾ, ਸੈਮੀਕੰਡਕਟਰ ਅਤੇ ਉੱਨਤ ਨਿਰਮਾਣ ਦੇ ਖੇਤਰਾਂ ‘ਚ ਸਹਿਯੋਗ ਵਧਾਉਣ ‘ਤੇ ਕੇਂਦ੍ਰਿਤ ਸੀ। ਥਾਈਲੈਂਡ ਪ੍ਰਧਾਨ ਮੰਤਰੀ ਨਾਲ ਚਰਚਾ ‘ਚ ਵਪਾਰ, ਨਿਵੇਸ਼, ਰੱਖਿਆ, ਸੁਰੱਖਿਆ, ਸੰਪਰਕ, ਡਿਜੀਟਲ ਤਕਨਾਲੋਜੀ, ਸੱਭਿਆਚਾਰ ਅਤੇ ਸੈਰ-ਸਪਾਟਾ ਵਰਗੇ ਮੁੱਦੇ ਸ਼ਾਮਲ ਸਨ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਵੀ ਇਨ੍ਹਾਂ ਬੈਠਕਾਂ ‘ਚ ਭਾਰਤੀ ਵਫ਼ਦ ਦਾ ਹਿੱਸਾ ਸਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ‘ਚ ਕੂਟਨੀਤਕ ਪ੍ਰੋਗਰਾਮਾਂ ‘ਚ ਹਿੱਸਾ ਲੈ ਰਹੇ ਹਨ। ਉਨ੍ਹਾਂ ਦੀ ਫੇਰੀ ਦੌਰਾਨ, ਭਾਰਤ ਅਤੇ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਵਿਚਕਾਰ ਸਬੰਧਾਂ ਦੇ ਨਾਲ-ਨਾਲ ਇੰਡੋ-ਪੈਸੀਫਿਕ ਖੇਤਰ ‘ਚ ਰਣਨੀਤਕ ਸਥਿਤੀ ‘ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਮੋਦੀ 23ਵੇਂ ਆਸੀਆਨ-ਭਾਰਤ ਸੰਮੇਲਨ ਅਤੇ 21ਵੇਂ ਪੂਰਬੀ ਏਸ਼ੀਆ ਸੰਮੇਲਨ ‘ਚ ਸ਼ਾਮਲ ਹੋਣਗੇ, ਜਿਸਦੀ ਮੇਜ਼ਬਾਨੀ ਫਿਲੀਪੀਨਜ਼ ਕਰ ਰਿਹਾ ਹੈ।
Read More: ਲਗਜ਼ਰੀ ਕਾਰਾਂ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 96 ਮਹਿੰਗੀਆਂ ਕਾਰਾਂ ਬਰਾਮਦ




