ਕੈਨੇਡਾ, 17 ਨਵੰਬਰ, 2026: ਕੈਨੇਡਾ ਦੇ ਬਰੈਂਪਟਨ ‘ਚ ਪੀਲ ਰੀਜਨਲ ਪੁਲਿਸ ਨੇ ਚੋਰੀ ਕੀਤੇ ਲਗਜ਼ਰੀ ਕਾਰਾਂ ਦੀ ਵਿਦੇਸ਼ਾਂ ‘ਚ ਤਸਕਰੀ ਕਰਨ ‘ਚ ਸ਼ਾਮਲ ਇੱਕ ਅੰਤਰਰਾਸ਼ਟਰੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਕਾਰਵਾਈ ਦੌਰਾਨ ਲਗਭੱਗ 45 ਲੱਖ ਕੈਨੇਡੀਅਨ ਡਾਲਰ ਦੇ 96 ਚੋਰੀ ਹੋਏ ਵਾਹਨ ਬਰਾਮਦ ਕੀਤੇ ਹਨ। ਪੁਲਿਸ ਨੇ 12 ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਵਿਰੁੱਧ ਕੁੱਲ 231 ਦੋਸ਼ ਦਰਜ ਕੀਤੇ ਗਏ ਹਨ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ‘ਚ ਪੰਜਾਬ ਮੂਲ ਦੇ ਦੋ ਨੌਜਵਾਨ ਸ਼ਾਮਲ ਹਨ। ਪੁਲਿਸ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਗਿਰੋਹ ਚੋਰੀ ਕੀਤੀਆਂ ਕਾਰਾਂ ਨੂੰ ਸ਼ਿਪਿੰਗ ਕੰਟੇਨਰਾਂ ‘ਚ ਤਸਕਰੀ ਕਰਕੇ ਕੈਨੇਡੀਅਨ ਬੰਦਰਗਾਹਾਂ ਰਾਹੀਂ ਪੱਛਮੀ ਅਫਰੀਕਾ ਭੇਜਣ ਦੀ ਤਿਆਰੀ ਕਰ ਰਿਹਾ ਸੀ।

ਪੀਲ ਰੀਜਨਲ ਪੁਲਿਸ ਨੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਸਹਿਯੋਗ ਨਾਲ, ਮਾਰਚ 2026 ‘ਚ “ਪ੍ਰੋਜੈਕਟ ਕੈਡੇਟਾ” ਨਾਮਕ ਇਹ ਕਾਰਵਾਈ ਸ਼ੁਰੂ ਕੀਤੀ। ਜਾਂਚ ਬਰੈਂਪਟਨ ਦੇ ਇੱਕ ਗੋਦਾਮ ਤੋਂ ਸ਼ੁਰੂ ਹੋਈ, ਜਿਸਦੀ ਵਰਤੋਂ ਵਿਦੇਸ਼ਾਂ ‘ਚ ਭੇਜਣ ਤੋਂ ਪਹਿਲਾਂ ਚੋਰੀ ਹੋਏ ਵਾਹਨਾਂ ਲਈ ਸਟੋਰੇਜ ਸਹੂਲਤ ਵਜੋਂ ਕੀਤੀ ਜਾ ਰਹੀ ਸੀ। ਜਿਵੇਂ-ਜਿਵੇਂ ਜਾਂਚ ਅੱਗੇ ਵਧਦੀ ਗਈ, ਪੁਲਿਸ ਨੇ ਗ੍ਰੇਟਰ ਟੋਰਾਂਟੋ ਏਰੀਆ ਅਤੇ ਆਲੇ-ਦੁਆਲੇ ਦੇ ਖੇਤਰਾਂ ‘ਚ ਫੈਲੇ ਇੱਕ ਵੱਡੇ ਨੈੱਟਵਰਕ ਦਾ ਪਰਦਾਫਾਸ਼ ਕੀਤਾ।
ਪੁਲਿਸ ਦੇ ਅਨੁਸਾਰ, ਗਿਰੋਹ ਦੇ ਪੰਜ ਮੁੱਖ ਮੈਂਬਰ ਵਿਦੇਸ਼ਾਂ ‘ਚ ਚੋਰੀ ਹੋਏ ਵਾਹਨਾਂ ਦਾ ਪ੍ਰਬੰਧ ਕਰਨ, ਲਿਜਾਣ ਅਤੇ ਨਿਰਯਾਤ ਕਰਨ ਲਈ ਜ਼ਿੰਮੇਵਾਰ ਸਨ। ਚੋਰੀ ਕੀਤੇ ਵਾਹਨ ਰਿਹਾਇਸ਼ੀ ਖੇਤਰਾਂ ‘ਚ ਡਰਾਈਵਵੇਅ, ਪਾਰਕਿੰਗ ਸਥਾਨਾਂ ਅਤੇ ਕਾਰ ਡੀਲਰਸ਼ਿਪਾਂ ਤੋਂ ਫੜੇ ਗਏ ਸਨ। ਫਿਰ ਉਨ੍ਹਾਂ ਦੇ ਵਾਹਨ ਪਛਾਣ ਨੰਬਰ (VIN) ਬਦਲ ਦਿੱਤੇ ਗਏ ਅਤੇ ਵੱਖ-ਵੱਖ ਥਾਵਾਂ ‘ਤੇ ਲਿਜਾਏ ਗਏ। ਫਿਰ ਇਨ੍ਹਾਂ ਵਾਹਨਾਂ ਨੂੰ ਸ਼ਿਪਿੰਗ ਕੰਟੇਨਰਾਂ ‘ਚ ਲੋਡ ਕੀਤਾ ਗਿਆ। ਗ੍ਰਿਫ਼ਤਾਰ ਕੀਤੇ ਗਏ ਲੋਕਾਂ ‘ਚ ਕਰਮਵੀਰ ਸਿੰਘ (26 ਸਾਲ) ਬਰੈਂਪਟਨ ਦਾ ਵਸਨੀਕ, ਅਤੇ ਜਸਪ੍ਰੀਤ ਸਿੰਘ (25 ਸਾਲ) ਬਿਨਾਂ ਕਿਸੇ ਪੱਕੇ ਪਤੇ ਦੇ ਨਿਵਾਸੀ ਸ਼ਾਮਲ ਹਨ।
Read More: ਥਾਈਲੈਂਡ ਦੇ ਮਸ਼ਹੂਰ ਰਿਜ਼ੋਰਟ ‘ਚ ਲੱਗੀ ਅੱ.ਗ, 11 ਜਣਿਆਂ ਦੀ ਗਈ ਜਾਨ



