Sohna Chowk corridor

ਸੋਹਨਾ ਚੌਕ ‘ਤੇ 340.78 ਕਰੋੜ ਰੁਪਏ ਦੀ ਲਾਗਤ ਨਾਲ ਬਣੇਗਾ 2.75 ਕਿਲੋਮੀਟਰ ਲੰਬਾ 6-ਲੇਨ ਐਲੀਵੇਟਿਡ ਕੋਰੀਡੋਰ

ਹਰਿਆਣਾ, 16 ਨਵੰਬਰ 2026: ਹਰਿਆਣਾ ਦੇ ਲੋਕ ਨਿਰਮਾਣ ਅਤੇ ਜਨ ਸਿਹਤ ਇੰਜੀਨੀਅਰਿੰਗ ਮੰਤਰੀ ਰਣਬੀਰ ਗੰਗਵਾ ਨੇ ਨੂੰਹ ਜ਼ਿਲ੍ਹੇ ਦੇ ਸੋਹਨਾ ਖੇਤਰ ਨੂੰ ਵੱਡੀ ਸੌਗਾਤ ਦਿੰਦਿਆਂ ਸੋਹਨਾ ਚੌਕ ‘ਤੇ 2.75 ਕਿਲੋਮੀਟਰ ਲੰਬੇ 6-ਲੇਨ ਐਲੀਵੇਟਿਡ ਕੋਰੀਡੋਰ ਦੇ ਨਿਰਮਾਣ ਲਈ 340.78 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੇ ਜਾਣ ‘ਤੇ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਦਾ ਧੰਨਵਾਦ ਕੀਤਾ ਹੈ।

ਉਨ੍ਹਾਂ ਕਿਹਾ ਕਿ ਐਨਐਚ-919 ਅਤੇ ਐਨਐਚ-248ਏ ਦੇ ਜੰਕਸ਼ਨ ‘ਤੇ ਬਣਨ ਵਾਲਾ ਇਹ ਐਲੀਵੇਟਿਡ ਕੋਰੀਡੋਰ ਸੋਹਨਾ ‘ਚ ਆਵਾਜਾਈ ਵਿਵਸਥਾ ਨੂੰ ਨਵੀਂ ਰਫ਼ਤਾਰ ਦੇਵੇਗਾ। ਇਸ ਨਾਲ ਗੁਰੂਗ੍ਰਾਮ-ਨੂੰਹ ਵਿਚਕਾਰੋਂ ਲੰਘਣ ਵਾਲੀ ਆਵਾਜਾਈ ਨੂੰ ਸਥਾਨਕ ਅਤੇ ਕਰਾਸ ਟ੍ਰੈਫਿਕ ਤੋਂ ਵੱਖ ਕੀਤਾ ਜਾ ਸਕੇਗਾ ਅਤੇ ਵਾਹਨਾਂ ਨੂੰ ਵਧੇਰੇ ਸੁਖਾਲੀ ਅਤੇ ਨਿਰਵਿਘਨ ਆਵਾਜਾਈ ਦੀ ਸਹੂਲਤ ਮਿਲੇਗੀ।

ਗੰਗਵਾ ਨੇ ਕਿਹਾ ਕਿ ਖੇਤਰ ‘ਚ ਲਗਾਤਾਰ ਵਧ ਰਹੀ ਆਵਾਜਾਈ ਅਤੇ ਤੇਜ਼ੀ ਨਾਲ ਹੋ ਰਹੇ ਸ਼ਹਿਰੀਕਰਨ ਨੂੰ ਦੇਖਦੇ ਹੋਏ ਇਹ ਪ੍ਰਾਜੈਕਟ ਬਹੁਤ ਮਹੱਤਵਪੂਰਨ ਹੈ। ਐਲੀਵੇਟਿਡ ਕੋਰੀਡੋਰ ਬਣਨ ਨਾਲ ਸੋਹਨਾ ਚੌਕ ‘ਤੇ ਆਵਾਜਾਈ ਦਾ ਦਬਾਅ ਘਟੇਗਾ, ਸੜਕ ਦੀ ਸਮਰੱਥਾ ਵਧੇਗੀ ਅਤੇ ਯਾਤਰੀਆਂ ਦੇ ਸਮੇਂ ਦੀ ਬੱਚਤ ਹੋਵੇਗੀ। ਇਸ ਦੇ ਨਾਲ ਹੀ ਦਿੱਲੀ-ਮੁੰਬਈ ਐਕਸਪ੍ਰੈੱਸਵੇਅ ਅਤੇ ਕੇਐਮਪੀ ਐਕਸਪ੍ਰੈਸਵੇਅ ਨਾਲ ਖੇਤਰ ਦਾ ਸੰਪਰਕ ਹੋਰ ਬਿਹਤਰ ਹੋਵੇਗਾ।

ਮੰਤਰੀ ਰਣਬੀਰ ਗੰਗਵਾ ਨੇ ਕਿਹਾ ਕਿ ਹਰਿਆਣਾ ‘ਚ ਮਜ਼ਬੂਤ ਅਤੇ ਆਧੁਨਿਕ ਸੜਕੀ ਨੈੱਟਵਰਕ ਤਿਆਰ ਕਰਨਾ ਸਰਕਾਰ ਦੀਆਂ ਤਰਜੀਹਾਂ ‘ਚ ਸ਼ਾਮਲ ਹੈ। ਇਸ ਪ੍ਰਾਜੈਕਟ ਨਾਲ ਨਾ ਸਿਰਫ਼ ਮੌਜੂਦਾ ਆਵਾਜਾਈ ਵਿਵਸਥਾ ਨੂੰ ਰਾਹਤ ਮਿਲੇਗੀ, ਸਗੋਂ ਖੇਤਰ ਦੀਆਂ ਭਵਿੱਖ ਦੀਆਂ ਲੋੜਾਂ ਨੂੰ ਧਿਆਨ ‘ਚ ਰੱਖਦੇ ਹੋਏ ਬਿਹਤਰ ਸੜਕੀ ਸੰਪਰਕ ਵੀ ਉਪਲਬੱਧ ਹੋਵੇਗਾ।

ਮੰਤਰੀ ਰਣਬੀਰ ਗੰਗਵਾ ਨੇ ਇਸ ਮਹੱਤਵਪੂਰਨ ਪ੍ਰਾਜੈਕਟ ਨੂੰ ਮਨਜ਼ੂਰੀ ਦੇਣ ਲਈ ਕੇਂਦਰੀ ਮੰਤਰੀ ਨਿਤਿਨ ਗਡਕਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੇਂਦਰ ਅਤੇ ਹਰਿਆਣਾ ਸਰਕਾਰ ਦੇ ਸਾਂਝੇ ਯਤਨਾਂ ਨਾਲ ਸੂਬੇ ‘ਚ ਸੜਕੀ ਬੁਨਿਆਦੀ ਢਾਂਚੇ ਨੂੰ ਲਗਾਤਾਰ ਨਵੀਂ ਮਜ਼ਬੂਤੀ ਮਿਲ ਰਹੀ ਹੈ।

Read More: ਸੁਪਰੀਮ ਕੋਰਟ ਦੇ ਹੁਕਮਾਂ ‘ਤੇ ਹਰਿਆਣਾ ਦੀਆਂ ਜੇਲ੍ਹਾਂ ਦੀ ਨਿਗਰਾਨੀ ਕਰੇਗਾ ਵਿਜ਼ਟਰ ਬੋਰਡ

ਵਿਦੇਸ਼

Scroll to Top