ਗਲੋਬਲ ਮੂਵਮੈਂਟ ਕਾਨਫਰੰਸ

ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ 8ਵੀਂ ਅੰਤਰਰਾਸ਼ਟਰੀ ਗਲੋਬਲ ਮੂਵਮੈਂਟ ਕਾਨਫਰੰਸ ‘ਚ ਕੀਤੀ ਸ਼ਿਰਕਤ

ਬੁਲੰਦਪੁਰੀ ਸਾਹਿਬ, 16 ਨਵੰਬਰ 2026: ਬੁਲੰਦਪੁਰੀ ਸਾਹਿਬ ਵਿਖੇ 8ਵੀਂ ਅੰਤਰਰਾਸ਼ਟਰੀ HKL (Humility, Kindness and Love) ਗਲੋਬਲ ਮੂਵਮੈਂਟ ਕਾਨਫਰੰਸ ਦਾ ਸ਼ਾਨਦਾਰ ਆਗਾਜ਼ 116 ਦੇਸ਼ਾਂ ਦੇ ਝੰਡੇ ਲਹਿਰਾਉਣ ਦੀ ਵਿਸ਼ੇਸ਼ ਰਸਮ ਨਾਲ ਹੋਇਆ। ਮਹਿਜ਼ ਦੋ ਸਾਲਾਂ ‘ਚ 116 ਦੇਸ਼ਾਂ ਤੱਕ ਪਹੁੰਚੀ ਇਸ ਲਹਿਰ ਦੀ ਕਾਨਫਰੰਸ ‘ਚ 51 ਦੇਸ਼ਾਂ ਤੋਂ ਵਿਦਵਾਨਾਂ, ਬੁਲਾਰਿਆਂ ਅਤੇ ਭਾਗੀਦਾਰਾਂ ਨੇ ਸ਼ਿਰਕਤ ਕੀਤੀ।

ਇਸ ਮੌਕੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਐੱਚ.ਕੇ.ਐੱਲ ਦੀ ਸ਼ਲਾਘਾ ਕਰਦਿਆਂ ਕਿਹਾ, “ਅੱਜ ਦੁਨੀਆ ਈਰਖਾ, ਨਫ਼ਰਤ ਅਤੇ ਆਪਸੀ ਟਕਰਾਅ ‘ਚ ਘਿਰੀ ਹੋਈ ਹੈ। ਅਜਿਹੇ ਸਮੇਂ ‘ਚ ਹਲੀਮੀ, ਹਮਦਰਦੀ ਅਤੇ ਮੁਹੱਬਤ ਦਾ ਸੰਦੇਸ਼ ਸਮੁੱਚੇ ਵਿਸ਼ਵ ਦੀ ਲੋੜ ਹੈ। ਭਾਰਤ ਦੀ ਧਰਤੀ ਤੋਂ ਸ਼ੁਰੂ ਹੋਈ ਇਹ ਲਹਿਰ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਣਾ ਸਾਡੇ ਲਈ ਮਾਣ ਵਾਲੀ ਗੱਲ ਹੈ।” ਉਨ੍ਹਾਂ ਵੱਖ-ਵੱਖ ਦੇਸ਼ਾਂ ਤੋਂ ਆਏ ਮਹਿਮਾਨਾਂ ਦਾ ਸਵਾਗਤ ਵੀ ਕੀਤਾ।

ਇਸ ਮੌਕੇ ਸੰਸਥਾਪਕ ਸੰਤ ਬਾਬਾ ਬਲਦੇਵ ਸਿੰਘ ਨੇ ਕਿਹਾ, “HKL ਗਲੋਬਲ ਮੂਵਮੈਂਟ ਦਾ ਸਮੁੱਚੇ ਸੰਸਾਰ ਲਈ ਇਹ ਸੰਦੇਸ਼ ਹੈ ਕਿ ਮੈਡੀਟੇਸ਼ਨ ਰਾਹੀਂ ਅਸੀਂ ਆਪਣੇ ਅੰਦਰ ‘ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ’ ਵਾਲੇ ਰੂਹਾਨੀ ਗੁਣਾਂ ਨੂੰ ਜਗਾ ਸਕਦੇ ਹਾਂ ਅਤੇ ਇਨ੍ਹਾਂ ਗੁਣਾਂ ਰਾਹੀਂ ਆਪਣੇ ਆਪ ਨੂੰ, ਆਪਣੇ ਘਰਾਂ ਨੂੰ ਅਤੇ ਪੂਰੇ ਸੰਸਾਰ ਨੂੰ ਬੇਹੱਦ ਖੂਬਸੂਰਤ ਬਣਾ ਸਕਦੇ ਹਾਂ।”

ਇਸ ਮੌਕੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ, “ਸੰਤ ਬਾਬਾ ਬਲਦੇਵ ਸਿੰਘ ਦੀ ਰਹਿਨੁਮਾਈ ਹੇਠ ਚੱਲ ਰਹੀ ਹਲੀਮੀਆਂ, ਹਮਦਰਦੀਆਂ ਤੇ ਮੁਹੱਬਤਾਂ ਦੀ ਲਹਿਰ ਅੱਜ ਸਮੁੱਚੇ ਵਿਸ਼ਵ ਦੀ ਲੋੜ” ਕਾਨਫਰੰਸ ਵਿੱਚ ਅਜਮੇਰ ਸ਼ਰੀਫ਼ ਤੋਂ ਹਾਜੀ ਸਈਅਦ ਸਲਮਾਨ ਚਿਸ਼ਤੀ, ਬ੍ਰਹਮਾ ਕੁਮਾਰੀ ਹੁਸੈਨ ਦੀਦੀ, ਰੈਵਰੈਂਡ ਡੇਵਿਡ ਬੇਡੂਜ਼ਾ, ਸਾਬਕਾ NHL ਖਿਡਾਰੀ ਕਰਟਿਸ ਗੈਬਰੀਅਲ, ਸਮਾਜ ਸੇਵੀ ਅਨਮੋਲ ਕਵਾਤਰਾ, ਪਰਮਿਤਾ ਸਰਮਾ ਅਤੇ ਬੈਨ ਬੌਲਰ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਵੱਖ-ਵੱਖ ਧਰਮਾਂ ਅਤੇ ਸੱਭਿਆਚਾਰਾਂ ਦੇ ਲੋਕਾਂ ਦੀ ਸ਼ਮੂਲੀਅਤ ਨੇ ਮਨੁੱਖਤਾ ਦੀ ਏਕਤਾ ਦਾ ਸੰਦੇਸ਼ ਦਿੱਤਾ।

ਜ਼ਿਕਰਯੋਗ ਹੈ ਕਿ ਕਾਨਫਰੰਸ ਤੋਂ ਪਹਿਲਾਂ ਦੋ ਮਹੀਨਿਆਂ ਵਿੱਚ ਦੁਨੀਆ ਭਰ ‘ਚ 200 ਤੋਂ ਵੱਧ HKL Walks ਕਰਵਾਈਆਂ ਗਈਆਂ। ਇਸ ਤੋਂ ਪਹਿਲਾਂ ਕੈਨੇਡਾ, ਆਸਟ੍ਰੇਲੀਆ, ਇਟਲੀ, ਇੰਗਲੈਂਡ ਅਤੇ ਭਾਰਤ ਵਿੱਚ ਵੀ ਅੰਤਰਰਾਸ਼ਟਰੀ ਕਾਨਫਰੰਸਾਂ ਹੋ ਚੁੱਕੀਆਂ ਹਨ।

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਹਾਨ ਉਪਦੇਸ਼ “ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ” ਤੋਂ ਪ੍ਰੇਰਿਤ HKL ਦਾ ਉਦੇਸ਼ ਮੈਡੀਟੇਸ਼ਨ ਰਾਹੀਂ ਹਰ ਮਨੁੱਖ ਦੇ ਅੰਦਰ ਪਰਮਾਤਮਾ ਵੱਲੋਂ ਬਖ਼ਸ਼ੇ ਹਲੀਮੀ, ਹਮਦਰਦੀ ਅਤੇ ਮੁਹੱਬਤ ਦੇ ਗੁਣਾਂ ਨੂੰ ਜਗਾਉਣਾ ਹੈ। ਇਹ ਲਹਿਰ ਧਰਮ, ਜਾਤ, ਨਸਲ ਅਤੇ ਦੇਸ਼ ਦੀਆਂ ਹੱਦਾਂ ਤੋਂ ਉੱਪਰ ਉੱਠ ਕੇ ਵਿਸ਼ਵ ਸ਼ਾਂਤੀ, ਭਾਈਚਾਰਕ ਸਾਂਝ ਅਤੇ ਮਨੁੱਖਤਾ ਦੀ ਭਲਾਈ ਲਈ ਕੰਮ ਕਰ ਰਹੀ ਹੈ।

Read More: ਸੀਜੀਸੀ ਯੂਨੀਵਰਸਿਟੀ ਮੋਹਾਲੀ ਵਿਖੇ ਆਲ ਇੰਡੀਆ ਅੰਤਰ-ਯੂਨੀਵਰਸਿਟੀ ਕੈਨੋਇੰਗ ਤੇ ਕਾਇਆਕਿੰਗ ਚੈਂਪੀਅਨਸ਼ਿਪ 2026 ਦਾ ਆਗਾਜ਼

ਵਿਦੇਸ਼

Scroll to Top