ਚੰਡੀਗੜ੍ਹ, 11 ਨਵੰਬਰ 2026: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸੂਬੇ ਭਰ ਦੇ 1,000 ਹੋਰ ‘ਪੇਂਡੂ ਖੇਡ ਮੈਦਾਨ’ ਲੋਕ ਅਰਪਣ ਕੀਤੇ ਹਨ, ਜਿਸ ਨਾਲ ਕੁੱਲ ਟੀਚੇ 3,100 ‘ਚੋਂ ਹੁਣ ਤੱਕ ਉਦਘਾਟਨ ਕੀਤੇ ਗਏ ਕੁੱਲ ਮੈਦਾਨਾਂ ਦੀ ਗਿਣਤੀ 1,764 ਹੋ ਗਈ ਹੈ।
ਪੰਜਾਬ ਸਰਕਾਰ ਮੁਤਾਬਕ, ਨੌਜਵਾਨਾਂ ਦੀ ਊਰਜਾ ਨੂੰ ਖੇਡਾਂ ਵੱਲ ਲਾਉਣ ਅਤੇ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਆਪਣੀ ਮੁਹਿੰਮ ਨੂੰ ਤੇਜ਼ ਕਰ ਰਹੀ ਹੈ। ਫਤਹਿਗੜ੍ਹ ਸਾਹਿਬ ਦੇ ਹਲਕਾ ਅਮਲੋਹ ਦੇ ਪਿੰਡ ਸ਼ਾਹਪੁਰ ਵਿਖੇ ਉਦਘਾਟਨੀ ਸਮਾਗਮ ‘ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਅੰਤਰਰਾਸ਼ਟਰੀ ਖੇਡ ਪ੍ਰਤਿਭਾ ਦੇ ਹੱਬ ਵਜੋਂ ਉੱਭਰਨ ਦੀ ਨੀਂਹ ਰੱਖ ਰਿਹਾ ਹੈ, ਜਿਸ ਵਿੱਚ ਹਰ ਖੇਡ ਮੈਦਾਨ ਨੂੰ ਫੁੱਟਬਾਲ, ਹਾਕੀ, ਵਾਲੀਬਾਲ ਅਤੇ ਕ੍ਰਿਕਟ ਕਿੱਟਾਂ ਨਾਲ ਲੈਸ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਨਾ ਤਾਂ ਪਿੰਡਾਂ ਨੂੰ ਗ੍ਰਾਂਟਾਂ ਦਿੱਤੀਆਂ ਅਤੇ ਨਾ ਹੀ ਵਿਕਾਸ ਕਾਰਜ ਕੀਤੇ, ਜਦੋਂ ਕਿ ਸਾਡੀ ਸਰਕਾਰ ਪੇਂਡੂ ਨੌਜਵਾਨਾਂ ਨੂੰ ਅੰਤਰਰਾਸ਼ਟਰੀ ਅਥਲੀਟ ਬਣਨ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਨ ਦੇ ਮੌਕੇ ਦੇਣ ਲਈ ਖੇਡ ਬੁਨਿਆਦੀ ਢਾਂਚੇ ਨੂੰ ਪਹਿਲ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਅੱਜ ਸੂਬੇ ਭਰ ‘ਚ 1,000 ਨਵੇਂ ਖੇਡ ਮੈਦਾਨਾਂ ਦਾ ਉਦਘਾਟਨ ਕੀਤਾ ਹੈ।
ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਦੀ ਊਰਜਾ ਨੂੰ ਨਸ਼ਿਆਂ ਦੇ ਕੋਹੜ ਤੋਂ ਬਚਾਉਣ ਅਤੇ ਉਨ੍ਹਾਂ ਨੂੰ ਉਸਾਰੂ ਦਿਸ਼ਾ ਦੇਣ ਲਈ ਖੇਡਾਂ ਵੱਲ ਮੋੜਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਦੀ ਊਰਜਾ ਨੂੰ ਖੇਡਾਂ ਵੱਲ ਲਗਾ ਕੇ ਅਸੀਂ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਸਕਦੇ ਹਾਂ ਅਤੇ ਪੰਜਾਬ ਤੇ ਦੇਸ਼ ਦਾ ਨਾਮ ਰੌਸ਼ਨ ਕਰਨ ਲਈ ਉਤਸ਼ਾਹਿਤ ਕਰ ਸਕਦੇ ਹਾਂ।”
ਉਨ੍ਹਾਂ ਕਿਹਾ ਕਿ ਇਹ ਮੈਦਾਨ ਸਾਡੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦਾ ਮਹੱਤਵਪੂਰਨ ਹਿੱਸਾ ਹਨ। ਸਾਡਾ ਟੀਚਾ ਹਰ ਪਿੰਡ ‘ਚ ਖੇਡ ਸੱਭਿਆਚਾਰ ਪੈਦਾ ਕਰਨਾ ਹੈ ਤਾਂ ਜੋ ਨੌਜਵਾਨ ਨਸ਼ਿਆਂ ਦੀ ਬਜਾਏ ਤੰਦਰੁਸਤੀ, ਅਨੁਸ਼ਾਸਨ ਅਤੇ ਸਕਾਰਾਤਮਕ ਗਤੀਵਿਧੀਆਂ ਨੂੰ ਚੁਣਨ।”
ਪੜਾਅਵਾਰ ਖੇਡ ਮੈਦਾਨਾਂ ਦਾ ਉਦਘਾਟਨ
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਹਿਲੇ ਪੜਾਅ ਦੌਰਾਨ 4 ਮਈ ਨੂੰ 255 ਖੇਡ ਮੈਦਾਨ ਲੋਕਾਂ ਨੂੰ ਸਮਰਪਿਤ ਕੀਤੇ ਗਏ ਸਨ, ਜਦੋਂ ਕਿ ਦੂਜੇ ਪੜਾਅ ਦੌਰਾਨ 24 ਅਗਸਤ ਨੂੰ 509 ਹੋਰ ਮੈਦਾਨ ਸਮਰਪਿਤ ਕੀਤੇ ਗਏ ਸਨ। ਤੀਜੇ ਪੜਾਅ ‘ਚ 1,000 ਮੈਦਾਨਾਂ ਦੇ ਉਦਘਾਟਨ ਨਾਲ ਇਹ ਮੁਹਿੰਮ ਇੱਕ ਹੋਰ ਮਹੱਤਵਪੂਰਨ ਪੜਾਅ ‘ਚ ਦਾਖ਼ਲ ਹੋ ਗਈ ਹੈ। ਇਨ੍ਹਾਂ ‘ਚ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ 93 ਖੇਡ ਮੈਦਾਨ ਵੀ ਸ਼ਾਮਲ ਹਨ।
ਉਨ੍ਹਾਂ ਕਿਹਾ, “ਇਨ੍ਹਾਂ ਮੈਦਾਨਾਂ ‘ਚ ਛੇ ਫੁੱਟ ਉੱਚੀ ਚੇਨ-ਲਿੰਕ ਬਾਉਂਡਰੀ ਫੈਂਸਿੰਗ, ਹਰਿਆਲੀ ਵਧਾਉਣ ਲਈ ਪੌਦੇ ਲਗਾਉਣਾ, ਫੁੱਟ-ਲਾਈਟਾਂ ਵਾਲੇ ਛੇ ਫੁੱਟ ਚੌੜੇ ਵਾਕਿੰਗ ਟਰੈਕ, ਮਰਦਾਂ ਅਤੇ ਔਰਤਾਂ ਲਈ ਵੱਖਰੇ ਪਖਾਨੇ ਅਤੇ ਖੇਡ ਕਿੱਟਾਂ ਤੇ ਉਪਕਰਣਾਂ ਲਈ ਸਟੋਰ ਰੂਮ ਸ਼ਾਮਲ ਹਨ। ਮੈਦਾਨਾਂ ਦੀ ਸਹੀ ਦੇਖਭਾਲ ਯਕੀਨੀ ਬਣਾਉਣ ਲਈ ਘਾਹ ਅਤੇ ਪੌਦਿਆਂ ਨੂੰ ਪਾਣੀ ਦੇਣ ਲਈ ਸਬਮਰਸੀਬਲ ਪੰਪ ਅਤੇ ਹਾਈਡ੍ਰੈਂਟ ਵੀ ਲਾਏ ਗਏ ਹਨ।”

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਝੂਲਿਆਂ, ਪੌੜੀਆਂ ਅਤੇ ਸਲਾਈਡਾਂ ਨਾਲ ਲੈਸ ਬੱਚਿਆਂ ਦੇ ਖੇਡਣ ਲਈ ਖ਼ਾਸ ਖੇਤਰ ਵਿਕਸਤ ਕੀਤੇ ਜਾ ਰਹੇ ਹਨ, ਜਦੋਂ ਕਿ ਹਾਈ-ਮਾਸਟ ਲਾਈਟਾਂ ਮੈਦਾਨਾਂ ‘ਚ ਸਹੀ ਰੌਸ਼ਨੀ ਯਕੀਨੀ ਬਣਾਉਣਗੀਆਂ। ਸਥਾਨਕ ਖੇਡ ਤਰਜੀਹਾਂ ਨੂੰ ਧਿਆਨ ‘ਚ ਰੱਖਦਿਆਂ ਵਾਲੀਬਾਲ, ਫੁੱਟਬਾਲ, ਹਾਕੀ ਅਤੇ ਹੋਰ ਪ੍ਰਸਿੱਧ ਖੇਡਾਂ ਲਈ ਸਹੂਲਤਾਂ ਮੁਹੱਈਆ ਕੀਤੀਆਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ, “ਇਹ ਮੈਦਾਨ ਮੁੱਢਲੀਆਂ ਖੇਡ ਸਹੂਲਤਾਂ ਤੋਂ ਕਿਤੇ ਵੱਧ ਪੇਸ਼ਕਸ਼ ਕਰਨਗੇ। ਅਸੀਂ ਮਿਆਰੀ ਘਾਹ ਨਾਲ ਹਰੇ-ਭਰੇ ਟਰਫ਼ ਤਿਆਰ ਕਰ ਰਹੇ ਹਾਂ, ਜਦੋਂ ਕਿ ਚੁਣੇ ਹੋਏ ਮੈਦਾਨਾਂ ‘ਚ ਅਥਲੈਟਿਕਸ ਅਤੇ ਦੌੜ ਨੂੰ ਉਤਸ਼ਾਹਿਤ ਕਰਨ ਲਈ ਛੇ-ਲੇਨ, 400-ਮੀਟਰ ਰਨਿੰਗ ਟਰੈਕ ਵੀ ਹੋਣਗੇ। ਸਾਡਾ ਉਦੇਸ਼ ਪੰਜਾਬ ਦੇ ਹਰ ਬੱਚੇ ਤੱਕ ਖੇਡਾਂ ਦੀ ਪਹੁੰਚ ਬਣਾਉਣਾ ਹੈ।”
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਾਡੀ ਸਰਕਾਰ ਇਹ ਵੀ ਯਕੀਨੀ ਬਣਾ ਰਹੀ ਹੈ ਕਿ ਪਿੰਡਾਂ ਨੂੰ ਲੋੜੀਂਦਾ ਖੇਡ ਸਾਜ਼ੋ-ਸਾਮਾਨ ਮਿਲੇ ਤਾਂ ਜੋ ਬੱਚੇ ਕਿੱਟਾਂ ਖਰੀਦਣ ਦੇ ਵਿੱਤੀ ਬੋਝ ਤੋਂ ਬਿਨਾਂ ਖੇਡਣਾ ਸ਼ੁਰੂ ਕਰ ਸਕਣ। ਉਨ੍ਹਾਂ ਅੱਗੇ ਕਿਹਾ, “ਹਰ ਪਿੰਡ ਨੂੰ ਫੁੱਟਬਾਲ ਅਤੇ ਹਾਕੀ ਦੇ ਗੋਲਪੋਸਟ, ਵਾਲੀਬਾਲ ਦੇ ਖੰਭੇ ਅਤੇ ਦੋ ਜਾਲ, ਤਿੰਨ ਵਾਲੀਬਾਲ, ਤਿੰਨ ਫੁੱਟਬਾਲ ਅਤੇ ਕ੍ਰਿਕਟ ਕਿੱਟਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਤੋਂ ਇਲਾਵਾ ਫੁੱਟਬਾਲ ਦੇ 36 ਜੋੜੇ ਸਟੱਡ ਸਪਲਾਈ ਕੀਤੇ ਜਾਣਗੇ, ਜਦੋਂ ਕਿ ਜਿਨ੍ਹਾਂ ਪਿੰਡਾਂ ਵਿੱਚ ਕ੍ਰਿਕਟ ਖ਼ਾਸ ਤੌਰ `ਤੇ ਪ੍ਰਸਿੱਧ ਹੈ, ਉਨ੍ਹਾਂ ਨੂੰ ਪੂਰੀਆਂ ਕ੍ਰਿਕਟ ਕਿੱਟਾਂ ਮਿਲਣਗੀਆਂ।”
ਮੁੱਖ ਮੰਤਰੀ ਨੇ ਕਿਹਾ ਕਿ ਗ੍ਰਾਮ ਪੰਚਾਇਤਾਂ ਸਮਰਪਿਤ ਕਮੇਟੀਆਂ ਰਾਹੀਂ ਇਨ੍ਹਾਂ ਖੇਡ ਮੈਦਾਨਾਂ ਦੀ ਸਾਂਭ-ਸੰਭਾਲ ਯਕੀਨੀ ਬਣਾਉਣ ਲਈ ਜ਼ਿੰਮੇਵਾਰ ਹੋਣਗੀਆਂ। ਉਨ੍ਹਾਂ ਦੱਸਿਆ “ਇਨ੍ਹਾਂ ਕਮੇਟੀਆਂ ਵਿੱਚ ਸਰਪੰਚ, ਯੂਥ ਕਲੱਬ ਦੇ ਪ੍ਰਧਾਨ, ਸਬੰਧਤ ਜੂਨੀਅਰ ਇੰਜਨੀਅਰ (ਜੇ.ਈ.) ਅਤੇ ਪੰਚਾਇਤ ਸਕੱਤਰ ਸ਼ਾਮਲ ਹੋਣਗੇ। ਗ੍ਰਾਮ ਪੰਚਾਇਤ, ਕਮੇਟੀ ਵਿੱਚ ਇੱਕ ਮਹਿਲਾ ਮੈਂਬਰ ਜਾਂ ਕਿਸੇ ਖਿਡਾਰੀ ਨੂੰ ਵੀ ਨਾਮਜ਼ਦ ਕਰੇਗੀ।”
ਖੇਡ ਬੁਨਿਆਦੀ ਢਾਂਚੇ ਲਈ ਬਜਟ
ਪੰਜਾਬ ਸਰਕਾਰ ਮੁਤਾਬਕ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਰਾਹੀਂ ਨੌਜਵਾਨਾਂ ਦੀ ਊਰਜਾ ਨੂੰ ਖੇਡਾਂ ਵੱਲ ਲਗਾਉਣ ਅਤੇ ਨਸ਼ਿਆਂ ਵਿਰੁੱਧ ਲੜਾਈ ਨੂੰ ਮਜ਼ਬੂਤ ਕਰਨ ਲਈ ਜ਼ਮੀਨੀ ਪੱਧਰ ਉੱਤੇ ਖੇਡ ਬੁਨਿਆਦੀ ਢਾਂਚੇ ਦਾ ਵਿਸਥਾਰ ਕੀਤਾ ਹੈ। ਸਰਕਾਰ ਨੇ ਪੰਜਾਬ ਭਰ ‘ਚ 3,100 ਆਧੁਨਿਕ ‘ਪੇਂਡੂ ਖੇਡ ਮੈਦਾਨ’ ਵਿਕਸਤ ਕਰਨ ਲਈ ਵਿਸ਼ੇਸ਼ ਤੌਰ `ਤੇ 1,500 ਕਰੋੜ ਰੁਪਏ ਰੱਖੇ ਹਨ, ਜਿਸ ‘ਚੋਂ 24 ਅਗਸਤ, 2026 ਤੱਕ 764 ਮੈਦਾਨ ਸਮਰਪਿਤ ਕੀਤੇ ਜਾ ਚੁੱਕੇ ਸਨ।
ਇਹ ਮੈਦਾਨ ਵਾਲੀਬਾਲ, ਫੁੱਟਬਾਲ, ਕ੍ਰਿਕਟ ਅਤੇ ਰਵਾਇਤੀ ਖੇਡਾਂ ਦੀਆਂ ਸਹੂਲਤਾਂ ਨਾਲ ਲੈਸ ਹਨ, ਜਿਨ੍ਹਾਂ ਵਿੱਚ ਰਾਤ ਨੂੰ ਖੇਡਣ ਲਈ ਹਾਈ-ਮਾਸਟ ਲਾਈਟਾਂ, ਵਾਕਿੰਗ ਟਰੈਕਾਂ ਦੇ ਨਾਲ ਫੁੱਟ-ਲਾਈਟਾਂ, ਚੇਨ-ਲਿੰਕ ਫੈਂਸਿੰਗ, ਬੱਚਿਆਂ ਦੇ ਖੇਡਣ ਦੇ ਖੇਤਰ ਅਤੇ ਹੋਰ ਆਧੁਨਿਕ ਸਹੂਲਤਾਂ ਸ਼ਾਮਲ ਹਨ। ਹਰ ਪਿੰਡ ‘ਚ ਵੱਖ-ਵੱਖ ਖੇਡਾਂ ਦੀ ਪ੍ਰਸਿੱਧੀ ਅਨੁਸਾਰ ਖੇਡ ਸਾਜ਼ੋ-ਸਾਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਖੇਡ ਮੈਦਾਨ ਦੇ ਬੁਨਿਆਦੀ ਢਾਂਚੇ ਤੋਂ ਇਲਾਵਾ ਸਰਕਾਰ ਨੇ 1,744 ਕਰੋੜ ਰੁਪਏ ਦਾ ਰਿਕਾਰਡ ਖੇਡ ਬਜਟ ਅਲਾਟ ਕੀਤਾ ਹੈ ਅਤੇ 600 ਪੇਂਡੂ ਜਿੰਮ ਤਿਆਰ ਕੀਤੇ ਜਾ ਰਹੇ ਹਨ, ਜਿਨ੍ਹਾਂ ‘ਚੋਂ 500 ਪਹਿਲਾਂ ਹੀ ਮੁਕੰਮਲ ਕੀਤੇ ਜਾ ਚੁੱਕੇ ਹਨ। 2023 ‘ਚ ਜਾਰੀ ਕੀਤੀ ਗਈ ਨਵੀਂ ਖੇਡ ਨੀਤੀ ਤਹਿਤ 2022 ਤੋਂ ਲੈ ਕੇ ਹੁਣ ਤੱਕ 40,415 ਖਿਡਾਰੀਆਂ ਨੂੰ 135 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਵੰਡੀ ਜਾ ਚੁੱਕੀ ਹੈ।
ਓਲੰਪਿਕ ਦੀ ਤਿਆਰੀ ਲਈ 15 ਲੱਖ ਰੁਪਏ ਅਤੇ ਏਸ਼ਿਆਈ ਤੇ ਰਾਸ਼ਟਰਮੰਡਲ ਖੇਡਾਂ ਦੀ ਤਿਆਰੀ ਲਈ ਅੱਠ ਲੱਖ ਰੁਪਏ ਦੀ ਵਿੱਤੀ ਸਹਾਇਤਾ ਵੀ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪੰਜਾਬ ‘ਖੇਡਾਂ ਵਤਨ ਪੰਜਾਬ ਦੀਆਂ’ ਰਾਹੀਂ ਆਪਣੇ ਖੇਡ ਕੈਲੰਡਰ ਦਾ ਵਿਸਥਾਰ ਕਰ ਰਿਹਾ ਹੈ। ਹਾਲ ਹੀ ਵਿੱਚ ਪੰਜਾਬ ਨੇ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਕੀਤੀ ਅਤੇ ਆਈ.ਪੀ.ਐਲ. ਦੀ ਤਰਜ਼ ਉੱਤੇ ‘ਸ਼ੇਰ-ਏ-ਪੰਜਾਬ ਟੀ-20 ਲੀਗ’ ਕਰਵਾਈ, ਜਿਸ ਦਾ ਵਿਆਪਕ ਉਦੇਸ਼ ਮਜ਼ਬੂਤ ਖੇਡ ਵਾਤਾਵਰਣ ਤਿਆਰ ਕਰਨਾ ਅਤੇ ਪੇਂਡੂ ਪ੍ਰਤਿਭਾਵਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ `ਤੇ ਮੁਕਾਬਲਾ ਕਰਨ ਦੇ ਮੌਕੇ ਦੇਣਾ ਹੈ।
Read More: ਪੰਜਾਬ ਸਰਕਾਰ ਨੇ 25 ਤਹਿਸੀਲਦਾਰਾਂ ਦੇ ਕੀਤੇ ਤਬਾਦਲੇ




