Haryana news

ਰਾਹੁਲ ਗਾਂਧੀ ਹਰਿਆਣਾ ‘ਚ ਡਿਬੇਟ ਕਰ ਲੈਣ, ਮੈਂ ਜਗ੍ਹਾ ਉਪਲਬੱਧ ਕਰਵਾਵਾਂਗਾ: CM ਨਾਇਬ ਸੈਣੀ

ਚੰਡੀਗੜ੍ਹ, 6 ਨਵੰਬਰ 2026: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਵੱਲੋਂ ਡਿਬੇਟ ਦੀ ਚੁਣੌਤੀ ਦਿੱਤੇ ਜਾਣ ‘ਤੇ ਜਵਾਬ ਦਿੰਦਿਆਂ ਕਿਹਾ ਕਿ ਰਾਹੁਲ ਗਾਂਧੀ ਹਰਿਆਣਾ ਆ ਕੇ ਡਿਬੇਟ ਕਰ ਸਕਦੇ ਹਨ। ਇਸ ਦੇ ਲਈ ਸੂਬੇ ‘ਚ ਜਗ੍ਹਾ ਉਪਲਬਧ ਕਰਵਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਡੇ ਯੂਥ ਮੋਰਚਾ ਦੇ ਪ੍ਰਧਾਨ ਉੱਥੇ ਜਾਣਗੇ ਅਤੇ ਰਾਹੁਲ ਤੋਂ ਸਵਾਲ ਕਰਨਗੇ। ਅਜਿਹਾ ਨਹੀਂ ਹੋ ਸਕਦਾ ਕਿ ਇਕ ਪਾਸਿਓਂ ਸਿਰਫ਼ ਝੂਠ ਬੋਲਿਆ ਜਾਵੇ ਅਤੇ ਫਿਰ ਭੱਜ ਕੇ ਚਲੇ ਜਾਣ।

ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਕਾਂਗਰਸ ਨੂੰ ਚੋਣ ਪ੍ਰਕਿਰਿਆ ਨੂੰ ਲੈ ਕੇ ਕੋਈ ਪਰੇਸ਼ਾਨੀ ਹੈ ਤਾਂ ਉਸ ਨੂੰ ਮੁੱਖ ਚੋਣ ਕਮਿਸ਼ਨਰ ਦੇ ਸਾਹਮਣੇ ਆਪਣੀ ਗੱਲ ਰੱਖਣੀ ਚਾਹੀਦੀ ਹੈ। ਚੋਣ ਕਮਿਸ਼ਨ ਇੱਕ ਆਜ਼ਾਦ ਸੰਸਥਾ ਹੈ ਅਤੇ ਅਦਾਲਤਾਂ ਦੇ ਦਰਵਾਜ਼ੇ ਵੀ ਖੁੱਲ੍ਹੇ ਹਨ। ਕਾਂਗਰਸ ਉੱਥੇ ਜਾ ਕੇ ਆਪਣੀ ਗੱਲ ਕਿਉਂ ਨਹੀਂ ਰੱਖਦੀ? ਸਿਰਫ਼ ਘਰ ਬੈਠ ਕੇ ਅਤੇ ਲੋਕਾਂ ਨੂੰ ਦਿਖਾਉਣ ਲਈ ਦੋਸ਼ ਲਗਾਉਣ ਨਾਲ ਕੁਝ ਨਹੀਂ ਹੋਵੇਗਾ।

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸ਼ੁੱਕਰਵਾਰ ਨੂੰ ਵੱਖ-ਵੱਖ ਸਰਕਾਰੀ ਯੋਜਨਾਵਾਂ ਦੇ ਤਹਿਤ ਜਾਰੀ ਹੋਣ ਵਾਲੀ ਰਾਸ਼ੀ ਭੇਜੇ ਜਾਣ ਤੋਂ ਬਾਅਦ ਹਰਿਆਣਾ ਨਿਵਾਸ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਸਰਕਾਰ ਦੀਆਂ ਯੋਜਨਾਵਾਂ, ਕਿਸਾਨਾਂ ਦੀ ਫ਼ਸਲ ਖ਼ਰੀਦ ਅਤੇ ਕਾਂਗਰਸ ਦੇ ਦੋਸ਼ਾਂ ਸਮੇਤ ਵੱਖ-ਵੱਖ ਮੁੱਦਿਆਂ ‘ਤੇ ਸਵਾਲਾਂ ਦੇ ਜਵਾਬ ਦਿੱਤੇ। ਇਸ ਮੌਕੇ ਕੈਬਨਿਟ ਮੰਤਰੀ ਕ੍ਰਿਸ਼ਨ ਬੇਦੀ, ਮੁੱਖ ਸਕੱਤਰ ਅਨੁਰਾਗ ਰਸਤੋਗੀ ਸਮੇਤ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਾਂਗਰਸ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਕਾਂਗਰਸ ਕੋਲ ਅੱਜ ਜਨਤਾ ਦੇ ਵਿਚਕਾਰ ਜਾਣ ਲਈ ਕੋਈ ਮੁੱਦਾ ਨਹੀਂ ਹੈ। ਇਸ ਲਈ ਉਹ ਵੋਟ ਚੋਰੀ ਦੇ ਨਾਂ ‘ਤੇ ਦੇਸ਼ ਨੂੰ ਗੁਮਰਾਹ ਕਰਨ ਅਤੇ ਲੋਕਤੰਤਰ ਤੇ ਚੋਣ ਕਮਿਸ਼ਨ ਦੀ ਭਰੋਸੇਯੋਗਤਾ ‘ਤੇ ਸਵਾਲ ਚੁੱਕਣ ਦਾ ਯਤਨ ਕਰ ਰਹੀ ਹੈ। ਕਾਂਗਰਸ ਨੂੰ ਜੇਕਰ ਕਿਤੇ ਕਿਸੇ ਵੋਟਰ ਦਾ ਨਾਂ ਕੱਟਣ ਜਾਂ ਗਲਤ ਦਰਜ ਹੋਣ ਦੀ ਸ਼ਿਕਾਇਤ ਹੈ, ਤਾਂ ਚੋਣ ਕਮਿਸ਼ਨ ਨੇ ਇਸ ਦੇ ਲਈ ਪੂਰੀ ਪ੍ਰਕਿਰਿਆ ਤੈਅ ਕੀਤੀ ਹੈ।

ਵੋਟਰ ਸੂਚੀ ਪਬਲਿਕ ਡੋਮੇਨ ਵਿੱਚ ਉਪਲਬਧ ਕਰਵਾਈ ਗਈ ਹੈ ਅਤੇ ਇੱਕ ਮਹੀਨੇ ਦਾ ਸਮਾਂ ਵੀ ਦਿੱਤਾ ਗਿਆ ਸੀ ਕਿ ਕੋਈ ਗਲਤੀ ਹੋਣ ‘ਤੇ ਤੈਅ ਫਾਰਮ ਭਰ ਕੇ ਇਤਰਾਜ਼ ਦਰਜ ਕਰਵਾਇਆ ਜਾ ਸਕਦਾ ਹੈ। ਇਸ ਦੇ ਬਾਵਜੂਦ ਕਾਂਗਰਸ ਜਨਤਾ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਦੇਸ਼ ਦੀ ਜਨਤਾ ਸਭ ਦੇਖ ਰਹੀ ਹੈ ਅਤੇ ਹੁਣ ਉਹ ਇਹਨਾਂ ਦੇ ਬਹਿਕਾਵੇ ਵਿੱਚ ਆਉਣ ਵਾਲੀ ਨਹੀਂ ਹੈ। ਵੋਟ ਚੋਰੀ ਨਹੀਂ ਹੋਈ, ਇਹਨਾਂ ਦੇ ਜੋ ਕਾਰਨਾਮੇ ਸਨ, ਇਹ ਉਸੇ ਦਾ ਨਤੀਜਾ ਹੈ। ਲੋਕ ਤਾਂ ਹੁਣ ਇਹ ਕਹਿ ਰਹੇ ਹਨ ਕਿ ਕਾਂਗਰਸ ਨੂੰ ਪਾਰਟੀ ਬੰਦ ਕਰ ਦੇਣੀ ਚਾਹੀਦੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਦੇ ਸ਼ਾਸਨਕਾਲ ਵਿੱਚ ਬਜ਼ੁਰਗਾਂ ਨੂੰ ਛੇ-ਛੇ ਮਹੀਨਿਆਂ ਤੱਕ ਪੈਨਸ਼ਨ ਨਹੀਂ ਮਿਲਦੀ ਸੀ। ਬਜ਼ੁਰਗਾਂ ਨੂੰ ਆਪਣੀ ਪੈਨਸ਼ਨ ਲਈ ਪਰੇਸ਼ਾਨ ਹੋ ਕੇ ਸਰਕਾਰੀ ਦਫ਼ਤਰਾਂ ਅਤੇ ਨੇਤਾਵਾਂ ਦੇ ਦਰਵਾਜ਼ਿਆਂ ਦੇ ਚੱਕਰ ਕੱਟਣੇ ਪੈਂਦੇ ਸਨ। ਕਈ ਵਾਰ ਲੋਕ ਉਹਨਾਂ ਦੇ ਦਰਵਾਜ਼ਿਆਂ ਦੇ ਬਾਹਰ ਧੁੱਪ ਵਿੱਚ ਖੜ੍ਹੇ ਰਹਿੰਦੇ ਸਨ, ਪਰ ਉਹਨਾਂ ਦੀ ਪਰੇਸ਼ਾਨੀ ਪੁੱਛਣ ਵਾਲਾ ਵੀ ਕੋਈ ਨਹੀਂ ਹੁੰਦਾ ਸੀ। ਕਾਂਗਰਸ ਦੇ ਨੇਤਾ ਅੱਜ ਵੋਟ ਚੋਰੀ ਦੀ ਗੱਲ ਕਰਦੇ ਹਨ, ਪਰ ਉਹਨਾਂ ਨੂੰ ਆਪਣੇ ਸ਼ਾਸਨਕਾਲ ‘ਚ ਗਰੀਬਾਂ, ਬਜ਼ੁਰਗਾਂ ਅਤੇ ਲੋੜਵੰਦਾਂ ਨਾਲ ਕੀਤੇ ਗਏ ਵਿਵਹਾਰ ਦਾ ਜਵਾਬ ਦੇਣਾ ਚਾਹੀਦਾ ਹੈ।

ਕਾਂਗਰਸ ਦੇ ਸਮੇਂ ਗਰੀਬ ਵਿਅਕਤੀ ਨੂੰ 200 ਰੁਪਏ ਦਾ ਲਾਭ ਪਹੁੰਚਾਉਣ ਦੀ ਗੱਲ ਹੁੰਦੀ ਸੀ, ਪਰ ਉਸ ਵਿੱਚੋਂ 150 ਰੁਪਏ ਕਿੱਥੇ ਚਲੇ ਜਾਂਦੇ ਸਨ, ਇਸ ਦਾ ਕਿਸੇ ਨੂੰ ਪਤਾ ਨਹੀਂ ਚਲਦਾ ਸੀ ਅਤੇ ਗਰੀਬ ਦੇ ਹੱਥ ਵਿੱਚ ਸਿਰਫ਼ 50 ਰੁਪਏ ਆਉਂਦੇ ਸਨ। ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਗਰੀਬ ਵਿਅਕਤੀ ਨੂੰ ਉਸ ਦਾ ਪੂਰਾ ਹੱਕ ਸਿੱਧਾ ਉਸ ਦੇ ਬੈਂਕ ਖਾਤੇ ‘ਚ ਪਹੁੰਚ ਰਿਹਾ ਹੈ।

ਉਨ੍ਹਾਂ ਕਿਹਾ ਕਿ ਕਾਂਗਰਸ ਨੇ ਲੰਬੇ ਸਮੇਂ ਤੱਕ ਦੇਸ਼ ‘ਤੇ ਰਾਜ ਕੀਤਾ। ਦੇਸ਼ ਦੀ ਜਨਤਾ ਨੇ ਉਹਨਾਂ ਨੂੰ ਇੱਕ ਨਹੀਂ, ਸਗੋਂ ਕਈ ਪੀੜ੍ਹੀਆਂ ਤੱਕ ਮੌਕਾ ਦਿੱਤਾ। ਲੋਕਾਂ ਨੇ ਸੋਚਿਆ ਕਿ ਸ਼ਾਇਦ ਅਗਲੀ ਪੀੜ੍ਹੀ ਦੇਸ਼ ਲਈ ਕੁਝ ਕਰੇਗੀ, ਪਰ ਹਾਲਾਤ ਨਹੀਂ ਬਦਲੇ। ਦਾਦੇ ਅਤੇ ਪੋਤੇ ਦੇ ਸਮੇਂ ‘ਚ ਵੀ ਉਹੀ “ਢਾਕ ਦੇ ਤਿੰਨ ਪਾਤ” ਵਾਲੀ ਸਥਿਤੀ ਰਹੀ। ਕਾਂਗਰਸ ਕੋਲ ਸੱਤਾ ‘ਚ ਰਹਿੰਦਿਆਂ ਵੀ ਦੇਸ਼ ਦੇ ਵਿਕਾਸ ਲਈ ਕੋਈ ਠੋਸ ਵਿਜ਼ਨ ਨਹੀਂ ਸੀ ਅਤੇ ਅੱਜ ਵੀ ਉਸ ਦੀ ਰਾਜਨੀਤੀ ਸਿਰਫ਼ ਦੋਸ਼-ਪ੍ਰਤੀਦੋਸ਼ ਤੱਕ ਸੀਮਤ ਹੈ। ਕਦੇ ਕਾਲੇ ਕੱਪੜੇ ਪਾ ਕੇ ਪ੍ਰਦਰਸ਼ਨ ਕਰਦੇ ਹਨ, ਕਦੇ ਧਰਨੇ ‘ਤੇ ਬੈਠਦੇ ਹਨ ਅਤੇ ਹੁਣ ਚੌਪਾਲਾਂ ਦੀ ਯਾਦ ਆ ਰਹੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਨੇ 55 ਸਾਲਾਂ ਤੱਕ ‘ਗਰੀਬੀ ਹਟਾਓ’ ਦਾ ਨਾਅਰਾ ਦਿੱਤਾ, ਪਰ ਗਰੀਬਾਂ ਦੀ ਗਰੀਬੀ ਦੂਰ ਨਹੀਂ ਕਰ ਸਕੀ। ਉੱਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਪਿਛਲੇ 12 ਸਾਲਾਂ ‘ਚ 50 ਕਰੋੜ ਤੋਂ ਵੱਧ ਲੋਕਾਂ ਨੂੰ ਗਰੀਬੀ ਤੋਂ ਬਾਹਰ ਕੱਢ ਕੇ ਉਹਨਾਂ ਦੇ ਜੀਵਨ ‘ਚ ਸਕਾਰਾਤਮਕ ਬਦਲਾਅ ਲਿਆਉਣ ਦਾ ਕੰਮ ਕੀਤਾ ਗਿਆ ਹੈ। ਗਰੀਬਾਂ ਨੂੰ ਪੱਕੇ ਮਕਾਨ ਮਿਲੇ, ਘਰਾਂ ‘ਚ ਗੈਸ ਸਿਲੰਡਰ ਪਹੁੰਚੇ, ਰਸੋਈ ਤੱਕ ਸਾਫ਼ ਪਾਣੀ ਪਹੁੰਚਿਆ ਅਤੇ ਬਿਜਲੀ ਦੀ ਸਹੂਲਤ ਉਪਲਬਧ ਹੋਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਰੀਬ ਪਰਿਵਾਰਾਂ ਨੂੰ ਮੁਢਲੀਆਂ ਸਹੂਲਤਾਂ ਨਾਲ ਜੋੜ ਕੇ ਉਹਨਾਂ ਨੂੰ ਸਨਮਾਨਜਨਕ ਜੀਵਨ ਦੇਣ ਦਾ ਕੰਮ ਕੀਤਾ ਹੈ। ਕਾਂਗਰਸ ਦੇ ਨੇਤਾ ਦੱਸਣ ਕਿ ਆਪਣੇ 55 ਸਾਲਾਂ ਦੇ ਸ਼ਾਸਨਕਾਲ ਵਿੱਚ ਉਹਨਾਂ ਨੇ ਗਰੀਬਾਂ ਲਈ ਕੀ ਕੀਤਾ?

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਰ ਯੋਜਨਾ ਗਰੀਬਾਂ ਦੇ ਵਿਸ਼ਵਾਸ ਦੀ ਗਾਰੰਟੀ ਹੈ, ਕਿਸਾਨਾਂ ਦੇ ਵਿਸ਼ਵਾਸ ਦੀ ਗਾਰੰਟੀ ਹੈ, ਔਰਤਾਂ ਦੇ ਸ਼ਕਤੀਕਰਨ ਦੀ ਗਾਰੰਟੀ ਹੈ ਅਤੇ ਨੌਜਵਾਨਾਂ ਨੂੰ ਅੱਗੇ ਵਧਾਉਣ ਦੀ ਗਾਰੰਟੀ ਹੈ। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੇ ਮਾਧਿਅਮ ਨਾਲ ਹੁਣ ਤੱਕ 24 ਕਿਸ਼ਤਾਂ ‘ਚ ਲਗਭਗ 7.5 ਲੱਖ ਕਰੋੜ ਰੁਪਏ ਕਿਸਾਨਾਂ ਦੇ ਖਾਤਿਆਂ ‘ਚ ਪਹੁੰਚਾਏ ਜਾ ਚੁੱਕੇ ਹਨ। ਕਾਂਗਰਸ ਨੇ ਕਿਸਾਨਾਂ ਵਿਚਕਾਰ ਇਹ ਝੂਠ ਫੈਲਾਇਆ ਕਿ ਮੋਦੀ ਸਰਕਾਰ MSP ਖ਼ਤਮ ਕਰ ਦੇਵੇਗੀ, ਜਦੋਂ ਕਿ ਹਰ ਸਾਲ MSP ‘ਚ ਵਾਧਾ ਹੋ ਰਿਹਾ ਹੈ। ਕਿਸਾਨ ਖ਼ੁਦ ਦੇਖ ਰਹੇ ਹਨ ਕਿ ਉਹਨਾਂ ਨੂੰ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਮਿਲ ਰਿਹਾ ਹੈ।

ਵਿਦੇਸ਼

Scroll to Top