ਦੀਵਾਲੀ ਤੋਂ ਪਹਿਲਾਂ ਦਿੱਲੀ ਦੀ ਹਵਾ ਹੋਈ ਜ਼ਹਿਰੀਲੀ, AQI 389 ’ਤੇ ਪਹੁੰਚਿਆ

ਨਵੀਂ ਦਿੱਲੀ 6 ਨਵੰਬਰ 2026 :  ਦੀਵਾਲੀ ਤੋਂ ਪਹਿਲਾਂ ਦੇਸ਼ ਦੀ ਰਾਜਧਾਨੀ ਦਿੱਲੀ ਗੰਭੀਰ ਹਵਾ ਪ੍ਰਦੂਸ਼ਣ ਦੀ ਲਪੇਟ ਵਿੱਚ ਆ ਗਈ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਦੇ ਅੰਕੜਿਆਂ ਅਨੁਸਾਰ ਸਵੇਰੇ 8 ਵਜੇ ਦਿੱਲੀ ਦਾ ਔਸਤ ਹਵਾ ਗੁਣਵੱਤਾ ਸੂਚਕ ਅੰਕ (AQI) 389 ਦਰਜ ਕੀਤਾ ਗਿਆ, ਜੋ ‘ਬਹੁਤ ਖ਼ਰਾਬ’ ਸ਼੍ਰੇਣੀ ਵਿੱਚ ਆਉਂਦਾ ਹੈ। ਉੱਥੇ ਹੀ ਰਾਜਧਾਨੀ ਦੇ ਕਈ ਇਲਾਕਿਆਂ ਵਿੱਚ ਹਵਾ ਦੀ ਗੁਣਵੱਤਾ ‘ਗੰਭੀਰ’ ਸ਼੍ਰੇਣੀ ਤੱਕ ਪਹੁੰਚ ਗਈ ਹੈ।

CPCB ਦੇ ਅੰਕੜਿਆਂ ਮੁਤਾਬਕ IIT ਦਿੱਲੀ ਅਤੇ ਰੋਹਿਣੀ ਵਿੱਚ AQI 474 ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਪੰਜਾਬੀ ਬਾਗ ਵਿੱਚ 465, ਆਰ.ਕੇ. ਪੁਰਮ ਵਿੱਚ 443, ITO ਵਿੱਚ 422, ਫਿਰੋਜ਼ ਸ਼ਾਹ ਰੋਡ ’ਤੇ 420 ਅਤੇ ਇੰਡੀਆ ਗੇਟ ’ਤੇ 403 AQI ਦਰਜ ਕੀਤਾ ਗਿਆ।

ਪ੍ਰਦੂਸ਼ਣ ਨੂੰ ਕਾਬੂ ਕਰਨ ਲਈ ਨਗਰ ਨਿਗਮ ਪ੍ਰਸ਼ਾਸਨ ਵੱਲੋਂ ਗ੍ਰੇਡਡ ਰਿਸਪਾਂਸ ਐਕਸ਼ਨ ਪਲਾਨ (GRAP) ਦੇ ਦੂਜੇ ਪੜਾਅ ਤਹਿਤ ਸੜਕਾਂ ’ਤੇ ਪਾਣੀ ਦਾ ਛਿੜਕਾਅ ਕਰਨ ਲਈ ਟਰੱਕ-ਮਾਊਂਟਡ ਵਾਟਰ ਸਪ੍ਰਿੰਕਲਰ ਤਾਇਨਾਤ ਕੀਤੇ ਗਏ ਹਨ।

ਇਸ ਤੋਂ ਇਲਾਵਾ ਆਨੰਦ ਵਿਹਾਰ ਅਤੇ ਅਕਸ਼ਰਧਾਮ ਦੇ ਆਸ-ਪਾਸ ਦੇ ਇਲਾਕਿਆਂ ਵਿੱਚ AQI 359 ਦਰਜ ਕੀਤਾ ਗਿਆ। IGI ਹਵਾਈ ਅੱਡੇ ਦੇ ਟਰਮੀਨਲ-3 ’ਤੇ 385, ਅਯਾ ਨਗਰ ਵਿੱਚ 393 ਅਤੇ ਚਾਂਦਨੀ ਚੌਕ ਵਿੱਚ 391 AQI ਦਰਜ ਕੀਤਾ ਗਿਆ।

ਅਗਲੇ ਦਿਨਾਂ ਵਿੱਚ ਧੁੰਦ ਵਧਣ ਦੀ ਸੰਭਾਵਨਾ

ਭਾਰਤੀ ਮੌਸਮ ਵਿਭਾਗ (IMD) ਮੁਤਾਬਕ ਦਿੱਲੀ ਵਿੱਚ ਸਵੇਰ ਦਾ ਤਾਪਮਾਨ 17.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਅਤੇ ਆਸਮਾਨ ਮੁੱਖ ਤੌਰ ’ਤੇ ਸਾਫ਼ ਰਿਹਾ। ਮੌਸਮ ਵਿਭਾਗ ਨੇ ਅਗਲੇ ਚਾਰ ਦਿਨਾਂ ਤੱਕ ਹਲਕੀ ਧੁੰਦ ਰਹਿਣ ਦੀ ਸੰਭਾਵਨਾ ਜਤਾਈ ਹੈ। ਇਸ ਦੇ ਨਾਲ ਹੀ 10 ਅਤੇ 11 ਨਵੰਬਰ ਨੂੰ ਸਵੇਰ ਦੇ ਸਮੇਂ ਸੰਘਣੀ ਧੁੰਦ ਜਾਂ ਸਮੌਗ ਛਾਏ ਰਹਿਣ ਦਾ ਅਨੁਮਾਨ ਹੈ।

ਸਥਾਨਕ ਲੋਕਾਂ ਨੂੰ ਸਾਹ ਲੈਣ ਵਿੱਚ ਆ ਰਹੀ ਦਿੱਕਤ

ਦਿੱਲੀ ਵਿੱਚ ਵਧਦੇ ਪ੍ਰਦੂਸ਼ਣ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਵਸਨੀਕ ਸਰਵੇਸ਼ ਨੇ ਦੱਸਿਆ ਕਿ ਪ੍ਰਦੂਸ਼ਣ ਕਾਰਨ ਸਾਹ ਲੈਣਾ ਔਖਾ ਹੋ ਗਿਆ ਹੈ ਅਤੇ ਅੱਖਾਂ ਵਿੱਚ ਜਲਣ ਹੋ ਰਹੀ ਹੈ।

ਉਨ੍ਹਾਂ ਕਿਹਾ ਕਿ ਸਵੇਰ ਦਾ ਸਮਾਂ ਹੋਣ ਅਤੇ ਸੜਕਾਂ ’ਤੇ ਟ੍ਰੈਫਿਕ ਘੱਟ ਹੋਣ ਦੇ ਬਾਵਜੂਦ ਹਵਾ ਵਿੱਚ ਇੰਨਾ ਪ੍ਰਦੂਸ਼ਣ ਹੈ ਕਿ ਸਾਹ ਲੈਣ ਵਿੱਚ ਤਕਲੀਫ਼ ਅਤੇ ਘਬਰਾਹਟ ਮਹਿਸੂਸ ਹੋ ਰਹੀ ਹੈ। ਚਾਰੇ ਪਾਸੇ ਸਮੌਗ ਛਾਇਆ ਹੋਇਆ ਹੈ, ਜਿਸ ਕਾਰਨ ਅਜਿਹਾ ਲੱਗਦਾ ਹੈ ਜਿਵੇਂ ਜਨਵਰੀ ਦਾ ਮਹੀਨਾ ਚੱਲ ਰਿਹਾ ਹੋਵੇ।

ਇੱਕ ਹੋਰ ਸਥਾਨਕ ਵਸਨੀਕ 71 ਸਾਲਾ ਨੇਮੀਚੰਦ ਸ਼ਰਮਾ ਨੇ ਦਿੱਲੀ ਵਿੱਚ ਵਧਦੇ ਪ੍ਰਦੂਸ਼ਣ ਲਈ ਬੇਕਾਬੂ ਸ਼ਹਿਰੀਕਰਨ ਅਤੇ ਪ੍ਰਸ਼ਾਸਨਿਕ ਲਾਪਰਵਾਹੀ ਨੂੰ ਜ਼ਿੰਮੇਵਾਰ ਠਹਿਰਾਇਆ।

Read More:  ਦਿੱਲੀ ਏਅਰਪੋਰਟ ‘ਤੇ ਤੇਜ਼ ਹਵਾਵਾਂ ਤੇ ਮੀਂਹ ਕਾਰਨ 3 ਹਵਾਈ ਜਹਾਜ਼ਾਂ ਨੂੰ ਪਹੁੰਚਿਆ ਨੁਕਸਾਨ

ਵਿਦੇਸ਼

Scroll to Top